ਮਾਨਸਾ: ਜ਼ਿਲ੍ਹਾ ਮਾਨਸਾ ਦੀ ਅਦਾਲਤ ਵੱਲੋ ਨਾਬਾਲਗ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼ ਅਤੇ ਅਸ਼ਲੀਲ ਹਰਕਤਾਂ ਕਰਨ ਵਾਲੇ ਦੋਸ਼ੀ ਨੂੰ 10 ਸਾਲ ਦੀ ਸਜ਼ਾ ਅਤੇ 1 ਲੱਖ 10 ਹਜ਼ਾਰ ਰੁਪਏ ਜ਼ੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ ਅਦਾਲਤ ਨੇ ਸਰਕਾਰ ਨੂੰ ਵੀ ਹੁਕਮ ਜਾਰੀ ਕੀਤਾ ਹੈ ਕਿ ਪੀੜਤਾ ਦੀ ਮਦਦ ਲਈ 8 ਲੱਖ ਰੁਪਏ ਦਾ ਮੁਆਵਜ਼ਾ 15 ਦਿਨਾਂ ਅੰਦਰ ਦਿੱਤਾ ਜਾਵੇ। ਦੱਸ ਦਈਏ ਮਾਨਸਾ ਦੀ ਸੈਸ਼ਨ ਅਦਾਲਤ ਵੱਲੋਂ ਅਪਾਹਜ ਨਾਬਾਲਗ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਅਤੇ ਅਸ਼ਲੀਲ ਹਰਕਤਾਂ ਕਰਨ ਵਾਲੇ ਦੋਸ਼ੀ ਨੂੰ 10 ਸਾਲ ਕੈਦ ਅਤੇ ਇੱਕ ਲੱਖ ਦੱਸ ਹਜਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪੀੜਤਾ ਵੱਲੋਂ ਐਡਵੋਕੇਟ ਜਸਵੰਤ ਸਿੰਘ ਗਰੇਵਾਲ ਅਤੇ ਜਸਵੀਰ ਸਿੰਘ (ਪਬਲਿਕ ਪਰੌਸੀਕਿੂਟਰ) ਪੇਸ਼ ਹੋਏ ।
ਖੇਤਾਂ ਵਿੱਚ ਲਿਜਾ ਕੇ ਜਬਰ-ਜਨਾਹ ਕਰਨ ਦੀ ਕੋਸ਼ਿਸ਼: ਐਡਵੋਕੇਟ ਜਸਵੰਤ ਸਿੰਘ ਗਰੇਵਾਲ ਨੇ ਦੱਸਿਆ ਕਿ ਮਾਨਸਾ ਦੇ ਇੱਕ ਪਿੰਡ ਵਿੱਚ ਮੁਲਜ਼ਮ ਵੱਲੋਂ ਆਪਣੇ ਹੀ ਪਿੰਡ ਦੀ ਨਾਬਾਲਿਗ ਬੱਚੀ ਨਾਲ ਖੇਤਾਂ ਵਿੱਚ ਲਿਜਾ ਕੇ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹ ਬੱਚੀ ਨੂੰ ਬਰਗਲਾ ਕੇ ਖੇਤਾਂ ਵਿੱਚ ਲੈ ਗਿਆ ਸੀ। ਇਸ ਤੋਂ ਬਾਅਦ ਬੱਚੀ ਦੇ ਮਾਤਾ-ਪਿਤਾ ਨੇ ਭਾਲ ਸ਼ੁਰੂ ਕੀਤੀ ਤਾਂ ਉਕਤ ਵਿਅਕਤੀ ਬੱਚੀ ਨੂੰ ਬਸ ਸਟੈਂਡ ਉੱਤੇ ਛੱਡ ਕੇ ਭੱਜ ਗਿਆ। ਜਿਸ ਤੋਂ ਬਾਅਦ ਪੀੜਤ ਬੱਚੀ ਨੇ ਆਪਣੇ ਮਾਤਾ-ਪਿਤਾ ਨੂੰ ਪੂਰੀ ਕਹਾਣੀ ਦੱਸੀ ਅਤੇ ਮੁਲਜ਼ਮ ਖ਼ਿਲਾਫ਼ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ।
8 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ: ਉਨ੍ਹਾਂ ਦੱਸਿਆ ਕਿ ਅਡੀਸ਼ਨਲ ਸੈਸ਼ਨ ਜੱਜ ਮਨਜੋਤ ਕੌਰ ਨੇ ਦੋਸ਼ੀ ਕਰਮਜੀਤ ਸਿੰਘ ਉਰਫ ਕਾਲਾ ਪਿੰਡ ਅਕਲੀਆ ਨੂੰ ਨਬਾਲਗ ਅਪਾਹਜ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਅਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਵਿਚ ਉਕਤ ਸਜ਼ਾ ਸੁਣਾਈ ਹੈ। ਇਹ ਸਜ਼ਾ ਜੱਜ ਨੇ ਸੰਵਿਧਾਨ ਦੀ ਧਾਰਾ 363 ,506 ਅਤੇ ਪੋਸਕੋ ਐਕਟ ਤਹਿਤ ਸੁਣਾਈ ਹੈ ਅਤੇ ਸਰਕਾਰ ਨੂੰ ਪੀੜਤ ਲੜਕੀ ਨੂੰ 15 ਦਿਨਾਂ ਵਿੱਚ 8 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਵੀ ਜਾਰੀ ਕੀਤੇ ਹਨ। ਮੁਲਜ਼ਮ ਨੂੰ ਕੀਤੇ ਗਏ ਜ਼ੁਰਮਾਨੇ ਦੀ ਰਕਮ ਵਿੱਚੋਂ ਵੀ ਪੰਜਾਹ ਹਜ਼ਾਰ ਰੁਪਏ ਪੀੜਤ ਲੜਕੀ ਨੂੰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸਮਾਜ ਵਿੱਚੋਂ ਅਜਿਹੇ ਕੁਕਰਮਾਂ ਨੂੰ ਰੋਕਣ ਵਿੱਚ ਸਹਾਈ ਹੋਵੇਗਾ। ਦੱਸ ਦਈਏ ਮਾਨਸਾ ਦੀ ਅਦਾਲਤ ਵੱਲੋਂ ਬੱਚੀ ਦੇ ਹੱਕ ਵਿੱਚ ਲਏ ਗਏ ਫੈਸਲੇ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲਿਸ ਵੱਲੋਂ ਵੀ ਉਕਤ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਕਰਕੇ ਇਸ ਕੇਸ ਦਾ ਜਲਦ ਨਿਪਟਾਰਾ ਸੰਭਵ ਹੋ ਸਕਿਆ।
ਇਹ ਵੀ ਪੜ੍ਹੋ: ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ ਦਾਅਵਾ- ਜਲੰਧਰ ਜ਼ਿਮਨੀ ਚੋਣ ਜਿੱਤਣ ਲਈ ਤਿਆਰ ਭਾਜਪਾ, ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ੍ਹ