ਮਾਨਸਾ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਰੋਹ ਸਿਖਰ 'ਤੇ ਹੈ। ਕਿਸਾਨਾਂ ਵੱਲੋਂ 1 ਅਕੂਤਬਰ ਤੋਂ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਹੋਇਆ ਰੇਲ ਰੋਕੋ ਅੰਦੋਲਨ ਜਾਰੀ ਹੈ। ਰੇਲਾਂ ਬੰਦ ਹੋਣ ਕਾਰਨ ਸੂਬੇ ਵਿੱਚ ਸਭ ਕੁਝ ਆਉਣਾ-ਜਾਣਾ ਬੰਦ ਹੋਇਆ ਪਿਆ ਹੈ। ਜਿਸ ਦੇ ਚੱਲਦਿਆਂ ਹੁਣ ਕੋਲੇ ਦੀ ਕਮੀਂ ਆਉਣ ਕਾਰਨ ਸੂਬੇ ‘ਚ ਬਿਜਲੀ ਸੰਕਟ ਦੇ ਹਾਲਾਤ ਪੈਦਾ ਹੋ ਗਏ ਹਨ।
ਰੇਲ ਰੋਕੋ ਅੰਦੋਲਨ ਦਾ ਅਸਰ ਹੁਣ ਮਾਨਸਾ ਦੇ ਬਣਾਂਵਾਲੀ ਥਰਮਲ ਪਲਾਂਟ ਉੱਤੇ ਵਿਖਾਈ ਦੇਣ ਲੱਗ ਪਿਆ ਹੈ। ਕੋਲੇ ਦੀ ਕਮੀ ਦੇ ਕਾਰਨ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਕਰ ਦਿੱਤਾ ਗਿਆ ਹੈ, ਜਦੋਂ ਕਿ ਦੋ ਯੂਨਿਟਾਂ ਉੱਤੇ ਵੀ ਕੋਲੇ ਦੀ ਕਮੀ ਦੇ ਚਲਦੇ ਬੰਦ ਹੋਣ ਦਾ ਖ਼ਤਰਾ ਵਿਖਾਈ ਦੇਣ ਲਗਾ ਹੈ।
ਮਾਨਸਾ ਦੇ ਵੇਦਾਂਤਾ ਕੰਪਨੀ ਦੁਆਰਾ ਲਗਾਏ ਗਏ ਇਸ ਪਲਾਂਟ ਦੇ ਕੋਲ ਸਿਰਫ਼ ਕੁੱਝ ਦਿਨਾਂ ਦਾ ਕੋਲਾ ਬਾਕੀ ਹੈ। ਅਗਲੇ ਦਿਨਾਂ ਵਿੱਚ ਜੇਕਰ ਰੇਲਵੇ ਲਾਈਨਾਂ ਉੱਤੇ ਕਿਸਾਨਾਂ ਦੇ ਧਰਨੇ ਇਸੇ ਤਰ੍ਹਾਂ ਜਾਰੀ ਰਹਿੰਦੇ ਹਨ ਤਾਂ ਇਸ ਥਰਮਲ ਪਾਵਰ ਪਲਾਂਟ ਦੇ ਬਾਕੀ ਚੱਲ ਰਹੇ ਦੋ ਯੁਨਿਟ ਵੀ ਬੰਦ ਹੋਣ ਦਾ ਖਦਸ਼ਾ ਹੈ।
ਉੱਥੇ ਹੀ ਇਸ ਬਾਰੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਜਾਣਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਕੋਲਾ ਖਤਮ ਹੋਣ ਨਾਲ ਮੁਸ਼ਕਿਲ ਆਵੇਗੀ ਪਰ ਉਹ ਆਪਣੀ ਦਿੱਕਤਾਂ ਆਪਣੇ ਆਪ ਦੂਰ ਕਰ ਲੈਣਗੇ। ਉਨ੍ਹਾਂ ਨੇ ਕਿਹਾ ਆਉਣ ਵਾਲੇ ਸਮੇਂ ਵਿੱਚ ਕਿਸਾਨ ਜਥੇਬੰਦੀਆਂ ਜੋ ਵੀ ਫੈਸਲਾ ਲੈਣਗੀਆਂ, ਉਸ ਅਨੁਸਾਰ ਅੱਗੇ ਦਾ ਸੰਘਰਸ਼ ਵਿੱਢਿਆ ਜਾਵੇਗਾ।
ਉੱਥੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਬਿਜਲੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਕਿਸਾਨਾਂ ਨੂੰ ਰੇਲਾਂ ਲਈ ਰਾਹ ਛੱਡਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਜਦੋਂ ਕਿ ਥਰਮਲ ਪਾਵਰ ਪਲਾਂਟ ਦੇ ਅਧਿਕਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ।