ਲੁਧਿਆਣਾ: ਕ੍ਰਿਕਟ ਦੇ ਮਹਾਂਕੁੰਭ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਹੁਣ ਵੀ ਮੁਹਾਲੀ ਸਟੇਡੀਅਮ ਦੇ ਵਿੱਚ ਵਿਸ਼ਵ ਕੱਪ ਦਾ ਕੋਈ ਵੀ ਮੈਚ ਨਾ ਹੋਣ ਕਾਰਨ ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਦੇ ਅੰਦਰ ਕਾਫੀ ਨਿਰਾਸ਼ਾ ਹੈ। ਮੁਹਾਲੀ ਸਟੇਡੀਅਮ ਦੀ ਥਾਂ 'ਤੇ ਅਹਿਮਦਾਬਾਦ ਅਤੇ ਧਰਮਸ਼ਾਲਾ ਕ੍ਰਿਕਟ ਸਟੇਡੀਅਮ ਦੇ ਵਿੱਚ ਵਿਸ਼ਵ ਕੱਪ ਦੇ ਮੈਚ ਰੱਖੇ ਗਏ ਹਨ। ਜਿੱਥੇ ਇੱਕ ਪਾਸੇ ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਦੇ ਵਿੱਚ ਨਿਰਾਸ਼ਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਇਸ ਮਾਮਲੇ 'ਤੇ ਰਾਜਨੀਤੀ ਵੀ ਜੋਰਾ ਸ਼ੋਰਾ 'ਤੇ ਹੁੰਦੀ ਰਹੀ ਹੈ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਇਸ ਦਾ ਸਾਰਾ ਠੀਕਰਾ ਭਾਜਪਾ ਅਤੇ ਬੀਸੀਸੀਆਈ ਦੇ ਪ੍ਰਧਾਨ ਜੈ ਸ਼ਾਹ ਅਤੇ ਉਪ ਪ੍ਰਧਾਨ ਦੇ ਸਿਰ ਤੇ ਭੰਨਿਆ ਹੈ। ਜਦੋਂ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਇਸ ਲਈ ਜਿੰਮੇਵਾਰ ਦੱਸਿਆ ਹੈ। (World Cup Match) (Mohali Cricket Stadium) (Ahmedabad Narendra Modi Stadium)
ਕ੍ਰਿਕਟ ਵਿਸ਼ਵ ਕਪ ਮੈਚ: 5 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਦੇ 10 ਸੂਬਿਆਂ 'ਚ 19 ਨਵੰਬਰ ਤੱਕ 48 ਮੈਚ ਹੋਣੇ ਹਨ। ਵਿਸ਼ਵ ਕੱਪ 'ਚ ਕੁੱਲ 10 ਟੀਮਾਂ ਹਿੱਸਾ ਲੈਣ ਲਈ ਭਾਰਤ ਪੁੱਜ ਚੁੱਕੀਆਂ ਹਨ ਅਤੇ ਮੇਜ਼ਬਾਨੀ ਕਰ ਰਹੀ ਭਾਰਤ ਦੇ 9 ਮੈਚ ਹੋਣੇ ਹਨ। ਜਿਨ੍ਹਾਂ 'ਚ ਜਿਆਦਾਤਰ ਮੈਚ ਅਹਿਮਦਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਅਤੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਟੇਡੀਅਮ 'ਚ ਹੋਣੇ ਹਨ। ਵਿਸ਼ਵ ਕੱਪ ਕ੍ਰਿਕਟ ਦੀ ਭਾਰਤ ਮੇਜ਼ਬਾਨੀ ਕਰ ਰਿਹਾ ਹੈ ਅਤੇ ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਮੁਹਾਲੀ ਦੇ ਸਟੇਡੀਅਮ ਦੇ ਵਿੱਚ ਕਿਸੇ ਵੱਡੇ ਮੁਕਾਬਲੇ ਦਾ ਇੱਕ ਵੀ ਮੈਚ ਨਹੀਂ ਰੱਖਿਆ ਗਿਆ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਹੀ ਤਿੰਨ ਮੈਚਾਂ ਦੀ ਭਾਰਤ ਅਤੇ ਆਸਟਰੇਲੀਆ ਵਿਚਕਾਰ ਵਨ ਡੇਅ ਲੜੀ ਦਾ ਮੈਚ ਵੀ ਮੁਹਾਲੀ ਸਟੇਡੀਅਮ ਦੇ ਵਿੱਚ ਰੱਖਿਆ ਗਿਆ ਸੀ। ਪਰ ਵਿਸ਼ਵ ਕੱਪ ਦੇ ਵਿੱਚ ਕੋਈ ਮੈਚ ਨਾ ਹੋਣ ਦਾ ਕਾਰਨ ਮੁਹਾਲੀ ਸਟੇਡੀਅਮ ਦੇ ਆਈ.ਸੀ.ਸੀ ਦੇ ਮਾਪਦੰਡਾਂ 'ਤੇ ਖਰਾ ਨਾ ਉਤਰਨਾ ਦੱਸਿਆ ਗਿਆ ਹੈ। ਇਹ ਵੀ ਕਿਹਾ ਗਿਆ ਕੇ ਜੇਕਰ ਮੁਹਾਲੀ ਦੇ ਮੁੱਲਾਂਪੁਰ 'ਚ ਸਟੇਡੀਅਮ ਪੂਰੀ ਤਰਾਂ ਤਿਆਰ ਹੋ ਜਾਂਦਾ ਤਾਂ ਉਥੇ ਵਿਸ਼ਵ ਕੱਪ ਦਾ ਮੈਚ ਹੋ ਸਕਦਾ ਸੀ। ਬੀ.ਸੀ.ਸੀ.ਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਬੀਤੇ ਦਿਨੀਂ ਇਹ ਬਿਆਨ ਇਕ ਮੀਡੀਆ ਏਜੰਸੀ ਨੂੰ ਦਿੱਤਾ ਸੀ।
ਕ੍ਰਿਕਟ ਮੈਚਾਂ 'ਤੇ ਸਿਆਸਤ: ਹਾਲਾਂਕਿ ਇੱਕ ਪਾਸੇ ਜਿੱਥੇ ਮਾਹਿਰ ਮੁਹਾਲੀ ਦੇ ਵਿੱਚ ਕੋਈ ਵੀ ਵਿਸ਼ਵ ਕੱਪ ਦਾ ਮੈਚ ਨਾ ਹੋਣ ਦਾ ਕਾਰਨ ਤਕਨੀਕੀ ਦੱਸ ਰਹੇ ਹਨ ਅਤੇ ਆਈਸੀਸੀ ਦਾ ਅੰਤਿਮ ਫੈਸਲਾ ਦੱਸ ਰਹੇ ਹਨ। ਉਥੇ ਹੀ ਦੂਜੇ ਪਾਸੇ ਇਸ 'ਤੇ ਸਿਆਸਤ ਵੀ ਲਗਾਤਾਰ ਗਰਮਾਈ ਹੋਈ ਹੈ। ਇਸ ਸਬੰਧੀ ਸਭ ਤੋਂ ਪਹਿਲਾਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਵੱਲੋਂ ਸਵਾਲ ਚੁੱਕੇ ਗਏ ਸਨ ਅਤੇ ਆਮ ਆਦਮੀ ਪਾਰਟੀ ਦੀ ਅਣਗਹਿਲੀ ਦੇ ਨਾਲ ਇਸ ਨੂੰ ਭਾਜਪਾ ਦੀ ਰਾਜਨੀਤਿਕ ਮੰਸ਼ਾ ਵੀ ਦੱਸਿਆ ਗਿਆ ਸੀ। ਹਾਲਾਂਕਿ ਇਸ ਤੋਂ ਬਾਅਦ ਪੰਜਾਬ ਦੇ ਖੇਡ ਮੰਤਰੀ ਵੱਲੋਂ ਇਸ ਸਬੰਧੀ ਬਕਾਇਦਾ ਬੀਸੀਸੀਆਈ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਸੀ ਅਤੇ ਨਾਲ ਹੀ ਕਿਹਾ ਗਿਆ ਸੀ ਕਿ ਮੁਹਾਲੀ ਦਾ ਕ੍ਰਿਕਟ ਸਟੇਡੀਅਮ ਸਾਰੇ ਹੀ ਮਾਪਦੰਡਾਂ 'ਤੇ ਪੂਰਾ ਉਤਰਦਾ ਹੈ। ਇਸ ਦੇ ਬਾਵਜੂਦ ਉਸਨੂੰ ਕੋਈ ਵਿਸ਼ਵ ਕੱਪ ਦਾ ਮੈਚ ਨਹੀਂ ਦਿੱਤਾ ਗਿਆ ਹੈ ਜੋ ਕਿ ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਦੇ ਲਈ ਇੱਕ ਬੁਰਾ ਸਲੂਕ ਹੈ। ਹਾਲਾਂਕਿ ਕਾਂਗਰਸ ਨੇ ਵੀ ਇਸ ਨੂੰ ਭਾਜਪਾ ਅਤੇ ਪੰਜਾਬ ਸਰਕਾਰ ਦੀ ਅਣਗਹਿਲੀ ਦੱਸਿਆ ਹੈ।
ਮੋਦੀ ਤੇ ਮਾਨ ਸਰਕਾਰ ਦੀ ਨਾਕਾਮੀ: ਇਸ ਸਬੰਧੀ ਕਾਂਗਰਸ ਦੇ ਬੁਲਾਰੇ ਕੁੰਵਰ ਹਰਪ੍ਰੀਤ ਸਿੰਘ ਦਾ ਕਹਿਣਾ ਕਿ ਕੌਮਾਂਤਰੀ ਪੱਧਰ ਦੇ ਸਟੇਡੀਅਮ 'ਚ ਵਿਸ਼ਵ ਕੱਪ ਦਾ ਮੈਚ ਨਾ ਦੇਣਾ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜਿਥੇ ਕੇਂਦਰ ਦੀ ਭਾਜਪਾ ਸਰਕਾਰਾ ਸੂਬੇ ਦੇ ਨਾਲ ਧੱਕਾ ਕਰ ਰਹੀ ਹੈ ਤਾਂ ਉਥੇ ਹੀ ਸੂਬੇ ਦੀ ਮਾਨ ਸਰਕਾਰ ਵੀ ਆਪਣੇ ਹੱਕਾਂ ਨੂੰ ਬਚਾਉਣ 'ਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਨਾਲ-ਨਾਲ ਭਗਵੰਤ ਮਾਨ ਸਰਕਾਰ ਦੀ ਨਾਕਾਮੀ ਹੈ, ਕਿਉਂਕਿ ਵਿਸ਼ਵ ਕੱਪ ਦੇ ਮੈਚਾਂ ਨੂੰ ਦੇਖਣ ਲਈ ਲੋਕਾਂ ਨੇ ਬਾਹਰੋਂ ਆਉਣਾ ਸੀ, ਜਿਸ ਨਾਲ ਸੂਬੇ ਲਈ ਆਮਦਨ ਦਾ ਸਾਧਨ ਬਣਨਾ ਸੀ, ਜਿਸ ਪੱਖੋਂ ਅਸੀਂ ਮਾਰ ਖਾਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਸੂਬੇ ਦੀ ਕਾਨੂੰਨ ਵਿਵਸਥਾ ਸਹੀ ਨਾ ਹੋਣ ਦਾ ਹਵਾਲਾ ਦੇਣਾ ਵੀ ਪੰਜਾਬ ਦੇ ਅਕਸ ਨੂੰ ਖ਼ਰਾਬ ਕਰਨ ਵਾਲੀ ਗੱਲ ਹੈ।
ਮੁਹਾਲੀ ਵਰਗੇ ਕੌਮਾਂਤਰੀ ਸਟੇਡੀਅਮ 'ਚ ਮੈਚ ਨਾ ਹੋਣਾ ਮੋਦੀ ਸਰਕਾਰ ਵਲੋਂ ਪੰਜਾਬ ਨਾਲ ਅਣਦੇਖੀ ਕਰਨਾ ਹੈ। ਇਸ ਲਈ ਜਿਥੇ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੈ ਤਾਂ ਉਥੇ ਹੀ ਸੂਬੇ ਦੀ ਮਾਨ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ, ਜੋ ਕਾਨੂੰਨ ਵਿਵਸਥਾ ਸਹੀ ਹੋਣ ਦਾ ਭਰੋਸਾ ਹੀ ਨਹੀਂ ਦਿਵਾ ਸਕੀ। ਕੁੰਵਰ ਹਰਪ੍ਰੀਤ, ਬੁਲਾਰਾ ਕਾਂਗਰਸ
ਭਗਵੰਤ ਮਾਨ ਦੀ ਅਮਿਤ ਸ਼ਾਹ ਨਾਲ ਯਾਰੀ: ਇਸ ਨੂੰ ਲੈਕੇ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਗਰੇਵਾਲ ਦਾ ਕਹਿਣਾ ਕਿ ਅਮਿਤ ਸ਼ਾਹ ਅਤੇ ਭਗਵੰਤ ਮਾਨ ਦੋਵੇਂ ਪੱਕੇ ਮਿੱਤਰ ਹਨ, ਪਰ ਇਸ ਦੇ ਬਾਵਜੂਦ ਪੰਜਾਬ 'ਚ ਵਿਸ਼ਵ ਕੱਪ ਦਾ ਕੋਈ ਮੈਚ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਮਾਨ ਸਰਕਾਰ ਕਾਨੂੰਨ ਵਿਵਸਥਾ ਨੂੰ ਲੈਕੇ ਫੇਲ੍ਹ ਹੋਈ ਹੈ, ਜਿਸ ਕਾਰਨ ਮੁਹਾਲੀ ਵਰਗੇ ਕੌਮਾਂਤਰੀ ਸਟੇਡੀਅਮ ਨੂੰ ਛੱਡ ਕੇ ਧਰਮਸ਼ਾਲਾ ਵਰਗੇ ਛੋਟੇ ਸਟੇਡੀਅਮ 'ਚ ਕ੍ਰਿਕਟ ਦੇ ਮੈਚ ਹੋ ਰਹੇ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਯਾਰੀ ਹੈ, ਫਿਰ ਕਿਉਂ ਮੁਹਾਲੀ ਵਰਗੇ ਵੱਡੇ ਸਟੇਡੀਅਮ ਨੂੰ ਛੱਡ ਕੇ ਧਰਮਸ਼ਾਲਾ ਵਰਗੇ ਛੋਟੇ ਸਟੇਡੀਅਮਾਂ 'ਚ ਮੈਚ ਹੋ ਰਹੇ ਹਨ। ਇਸ ਮੁੱਖ ਮੰਤਰੀ ਦੱਸ ਸਕਦੇ ਹਨ। ਮਹੇਸ਼ਇੰਦਰ ਗਰੇਵਾਲ, ਬੁਲਾਰਾ, ਸ਼੍ਰੋਮਣੀ ਅਕਾਲੀ ਦਲ
ਭਾਜਪਾ ਦਾ ਜਵਾਬ: ਹਾਲਾਂਕਿ ਭਾਜਪਾ ਨੇ ਇਹ ਵੀ ਤਰਕ ਦਿੱਤਾ ਹੈ ਕਿ ਇਹ ਖੇਡ ਨਾਲ ਸੰਬੰਧਿਤ ਹੈ, ਇਸ ਦੇ ਵਿੱਚ ਰਾਜਨੀਤੀ ਨੂੰ ਨਹੀਂ ਲਿਆਉਣਾ ਚਾਹੀਦਾ। ਲੁਧਿਆਣਾ ਤੋਂ ਭਾਜਪਾ ਦੇ ਬੁਲਾਰੇ ਗੁਰਦੀਪ ਗੋਸ਼ਾ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਯੂਪੀ ਨੂੰ ਵੀ ਨਹੀਂ ਮਿਲਿਆ ਹੈ, ਸਗੋਂ ਗੁਵਹਾਟੀ ਨੂੰ ਜ਼ਰੂਰ ਮੈਚ ਮਿਲਿਆ ਹੈ। ਨਿੱਜੀ ਅਖ਼ਬਾਰ ਦੇ ਸਪੋਰਟਸ ਸਾ ਦੇ ਸਾਬਕਾ ਸੰਪਾਦਕ ਰਹਿ ਚੁੱਕੇ ਸੁਖਵਿੰਦਰ ਜੀਤ ਸਿੰਘ ਨੇ ਵੀ ਇਸ ਫੈਸਲੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਉਹਨਾਂ ਨੇ ਕਿਹਾ ਹੈ ਕਿ 2024 ਦੇ ਵਿੱਚ ਲੋਕ ਸਭਾ ਚੋਣਾਂ ਹਨ ਅਤੇ ਭਾਜਪਾ ਇਸ ਦਾ ਫਾਇਦਾ ਲੈਣ ਦੇ ਲਈ ਜ਼ਿਆਦਾਤਰ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਕਰਵਾ ਰਹੀ ਹੈ। ਇਸ ਤੋਂ ਇਲਾਵਾ ਬਨਾਰਸ ਦੇ ਵਿੱਚ ਵੀ ਕ੍ਰਿਕਟ ਸਟੇਡੀਅਮ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦਾ ਨਾਂ ਵੀ ਨਰਿੰਦਰ ਮੋਦੀ ਦੇ ਨਾਂ 'ਤੇ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਖੇਡ ਦੇ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ।
ਕਿਹੜੇ ਸੂਬੇ ਸ਼ਾਮਲ: ਜਿਨ੍ਹਾਂ ਸੂਬਿਆਂ ਨੂੰ ਵਿਸ਼ਵ ਕੱਪ ਕ੍ਰਿਕਟ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ, ਉਹਨਾਂ ਦੇ ਵਿੱਚ ਦਸ ਸੂਬੇ ਸ਼ਾਮਿਲ ਹਨ। ਹੈਦਰਾਬਾਦ, ਅਹਿਮਦਾਬਾਦ, ਧਰਮਸ਼ਾਲਾ, ਦਿੱਲੀ, ਚੇਨਈ, ਲਖਨਊ, ਪੁਣੇ, ਮੁੰਬਈ, ਬੇਂਗਲੁਰੂ ਅਤੇ ਕਲਕੱਤਾ ਇਹਨਾਂ ਦੇ ਵਿੱਚ ਸ਼ਾਮਿਲ ਹਨ। ਸਿਰਫ ਮੁਹਾਲੀ ਹੀ ਨਹੀਂ ਸਗੋਂ ਅਜਿਹੀਆਂ ਪੰਜ ਕ੍ਰਿਕਟ ਐਸੋਸੀਏਸ਼ਨਾਂ ਹਨ, ਜਿਨਾਂ ਨੇ ਉਹਨਾਂ ਦੇ ਸੂਬੇ ਦੇ ਵਿੱਚ ਕੋਈ ਮੈਚ ਨਾ ਕਰਵਾਉਣ 'ਤੇ ਇਤਰਾਜ਼ ਪ੍ਰਗਟ ਕੀਤਾ ਹੈ, ਜਿਸ ਚ ਇੰਦੌਰ ਵੀ ਸ਼ਾਮਿਲ ਹੈ। ਗੱਲ ਜੇਕਰ 2011 ਵਿਸ਼ਵ ਕੱਪ ਦੀ ਕੀਤੀ ਜਾਵੇ ਤਾਂ ਮੁਹਾਲੀ ਦੇ ਕ੍ਰਿਕਟ ਸਟੇਡੀਅਮ ਦੇ ਵਿੱਚ ਭਾਰਤ ਦਾ ਸੈਮੀਫਾਈਨਲ ਮੈਚ ਕਰਵਾਇਆ ਗਿਆ ਸੀ। ਜੋ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਖੇਡਿਆ ਗਿਆ ਸੀ,ਇਹ ਵਿਸ਼ਵ ਕੱਪ ਦੇ ਅਹਿਮ ਮੈਚਾਂ ਦੇ ਵਿੱਚੋਂ ਇੱਕ ਸੀ। ਇਸ ਤੋਂ ਇਲਾਵਾ ਇੰਦੌਰ ਦੇ ਵਿੱਚ ਵੀ 1987 ਦੇ ਅੰਦਰ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਵਿਚਕਾਰ ਵਿਸ਼ਵ ਕੱਪ ਦਾ ਮੈਚ ਹੋਇਆ ਸੀ। ਇਸੇ ਤਰ੍ਹਾਂ 1996 ਦੇ ਵਿੱਚ ਮੁਹਾਲੀ ਦੇ ਵਿੱਚ ਵੀ ਕ੍ਰਿਕਟ ਵਿਸ਼ਵ ਕੱਪ ਦਾ ਮੈਚ ਕਰਵਾਇਆ ਗਿਆ ਸੀ। ਜਿਸ ਕਰਕੇ ਐਸੋਸੀਏਸ਼ਨਾਂ ਨੇ ਸਵਾਲ ਖੜੇ ਕੀਤੇ ਹਨ ਕਿ ਇਸ ਵਾਰ ਅਜਿਹੇ ਕੀ ਕਾਰਨ ਹਨ, ਜਿਸ ਕਰਕੇ ਵਿਸ਼ਵ ਕੱਪ ਕ੍ਰਿਕਟ ਮੈਚਾਂ ਦੀ ਮੇਜ਼ਬਾਨੀ ਉਹਨਾਂ ਨੂੰ ਨਹੀਂ ਦਿੱਤੀ ਗਈ।
- Manpreet Badal News : ਸਾਬਕਾ ਵਿੱਤ ਮੰਤਰੀ ਬਾਦਲ ਦੀ ਜ਼ਮਾਨਤ ਪਟੀਸ਼ਨ ਉੱਤੇ ਸੁਣਵਾਈ ਅੱਜ, ਭਗੌੜਾ ਐਲਾਨਣ ਦੀ ਤਿਆਰੀ !
- Amritpal Singh News Update: SGPC ਪ੍ਰਧਾਨ ਧਾਮੀ ਦਾ ਬਿਆਨ, ਆਸਾਮ ਦੀ ਜੇਲ੍ਹ ’ਚ ਨਜ਼ਰਬੰਦ ਸਿੱਖਾਂ ਦੇ ਪਰਿਵਾਰਾਂ ਅਤੇ ਵਕੀਲਾਂ ਨੂੰ ਮੁਲਾਕਾਤ ਤੋਂ ਰੋਕਣਾ ਮੰਦਭਾਗਾ
- Punjab New AG Appoint: ਐਡਵੋਕੇਟ ਜਨਰਲ ਵਿਨੋਦ ਘਈ ਦੀ ਛੁੱਟੀ ਤੈਅ !, ਇਸ ਨੂੰ ਮਿਲ ਸਕਦੀ ਹੈ ਨਵੀਂ ਜ਼ਿੰਮੇਵਾਰੀ, ਮਜੀਠੀਆ ਨੇ ਵੀ ਚੁੱਕੇ ਸਰਕਾਰ 'ਤੇ ਸਵਾਲ
ਮੁੱਲਾਂਪੁਰ 'ਚ ਨਵਾਂ ਸਟੇਡੀਅਮ: ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਮੁੱਲਾਂਪੁਰ ਦੇ ਵਿੱਚ ਵੀ ਇੱਕ ਨਵਾਂ ਸਟੇਡੀਅਮ ਤਿਆਰ ਕੀਤਾ ਜਾ ਰਿਹਾ ਹੈ, ਜੋ ਕਿ ਅੱਤ ਆਧੁਨਿਕ ਸੁਵਿਧਾਵਾਂ ਦੇ ਨਾਲ ਲੈਸ ਹੈ। ਨਵਾਂ ਸਟੇਡੀਅਮ ਬਣਾਉਣ ਦਾ ਕੰਮ ਸਾਲ 2017-18 ਦੇ ਵਿੱਚ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਕੋਰੋਨਾ ਕਰਕੇ ਕੰਮ ਰੋਕਣਾ ਪਿਆ ਸੀ, ਇਸ ਸਟੇਡੀਅਮ ਦਾ ਕੰਮ 90 ਫੀਸਦੀ ਤੱਕ ਪੂਰਾ ਹੋ ਚੁੱਕਾ ਹੈ। 2024 ਯਾਨੀ ਅਗਲੇ ਸਾਲ ਤੱਕ ਇਸ ਸਟੇਡੀਅਮ ਦੇ ਬਣ ਕੇ ਤਿਆਰ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ। ਉੱਥੇ ਹੀ ਜੇਕਰ ਮੁਹਾਲੀ ਸਟੇਡੀਅਮ ਦੀ ਗੱਲ ਕੀਤੀ ਜਾਵੇ ਤਾਂ ਹੁਣ ਦੋ ਵਿਸ਼ਵ ਕੱਪ ਸੈਮੀਫਾਈਨਲ, ਟੀ20 ਵਿਸ਼ਵ ਕੱਪ ਅਤੇ ਚੈਂਪੀਅਨਸ ਟਰਾਫੀ ਵਰਗੇ ਕ੍ਰਿਕਟ ਮੈਚਾਂ ਦੀ ਮੇਜ਼ਬਾਨੀ ਮੁਹਾਲੀ ਕ੍ਰਿਕਟ ਸਟੇਡੀਅਮ ਕਰ ਚੁੱਕਾ ਹੈ। ਮੁਹਾਲੀ ਦੇ ਪੀਸੀਐਸ ਸਟੇਡੀਅਮ ਦੀ ਸ਼ੁਰੂਆਤ 1993 'ਚ ਹੋਈ ਸੀ, ਜਿੱਥੇ ਸਭ ਤੋਂ ਪਹਿਲਾਂ ਮੈਚ ਹੀਰੋ ਕੱਪ ਦਾ ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਕਾਰ ਹੋਇਆ ਸੀ। ਜਿਸ ਤੋਂ ਬਾਅਦ 1996 ਅਤੇ 2011 ਵਿਸ਼ਵ ਕੱਪ, 2016 T20 ਵਿਸ਼ਵ ਕੱਪ, 2006 'ਚ ਚੈਂਪੀਅਨ ਟਰਾਫੀ, 2019 'ਚ ਭਾਰਤ ਆਸਟਰੇਲੀਆ ਵਿਚਕਾਰ ਵਨਡੇ ਮੈਚ ਅਤੇ ਆਖਰੀ ਮੈਚ 2023 ਸਤੰਬਰ ਵਿੱਚ ਭਾਰਤ ਅਤੇ ਆਸਟਰੇਲੀਆ ਦੇ ਵਿਚਕਾਰ ਹੀ ਹੋਇਆ ਸੀ।