ਲੁਧਿਆਣਾ: ਪੰਜਾਬ ਦੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਥੇ ਰਿਵਾਇਤੀ ਪਾਰਟੀਆਂ ਵੱਲੋਂ ਆਪਣੀ ਕਮਰ ਕਸ ਲਈ ਗਈ ਹੈ। ਉਥੇ ਹੀ ਨਵੀਆਂ ਪਾਰਟੀਆਂ ਦਾ ਵੀ ਐਲਾਨ ਹੋ ਰਿਹਾ ਹੈ। ਪੰਜਾਬ ਵਿੱਚ ਬੀਤੇ ਦਿਨ ਲਸ਼ਕਰ ਸਿੰਘ ਵੱਲੋਂ ਨਵੀਂ ਕ੍ਰਾਂਤੀਕਾਰੀ ਮਜ਼ਦੂਰ ਕਿਸਾਨ ਪਾਰਟੀ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਬੀਤੇ ਦਿਨੀਂ ਆਪਣੀ ਪੰਜਾਬ ਲੋਕ ਕਾਂਗਰਸ ਪਾਰਟੀ ਦਾ ਨਿਰਮਾਣ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਦੀਆਂ ਹੋਰਨਾਂ ਸਿਆਸੀ ਪਾਰਟੀਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀਂ ਆਜ਼ਾਦ ਸਮਾਜ ਪਾਰਟੀ ਸੀ.ਪੀ.ਆਈ ਅਤੇ ਹੋਰ ਕੁਝ ਦਲਾਂ ਵੱਲੋਂ ਮਿਲ ਕੇ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਟੁੱਟੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਨਿਰਮਾਣ ਕੀਤਾ ਗਿਆ ਅਤੇ ਹੁਣ ਇਨ੍ਹਾਂ ਸਾਰਿਆਂ ਵੱਲੋਂ ਮਿਲ ਕੇ ਤੀਜੇ ਮੋਰਚੇ ਵਜੋਂ ਲੜਨ ਦਾ ਫ਼ੈਸਲਾ ਕੀਤਾ ਜਾ ਰਿਹਾ ਹੈ।
ਪੰਜਾਬ ਦੀਆਂ ਸਿਆਸੀ ਪਾਰਟੀਆਂ
ਪੰਜਾਬ ਦੇ ਵਿੱਚ ਜੇਕਰ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਇੰਡੀਅਨ ਨੈਸ਼ਨਲ ਕਾਂਗਰਸ, ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ, ਕਮਿਊਨਿਸਟ ਪਾਰਟੀ ਆਫ਼ ਇੰਡੀਆ, ਕਮਿਊਨਿਸਟ ਪਾਰਟੀ ਆਫ਼ ਇੰਡੀਆ ਮਾਰਕਸਿਸਟ, ਇਸ ਤੋਂ ਇਲਾਵਾ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਲੋਕ ਇਨਸਾਫ ਪਾਰਟੀ, ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਸ਼੍ਰੋਮਣੀ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ, ਪੰਜਾਬ ਲੋਕ ਕਾਂਗਰਸ, ਜੈ ਜਵਾਨ ਜੈ ਕਿਸਾਨ ਪਾਰਟੀ, ਪੰਜਾਬ ਸੇਵਾ ਦਲ ਪਾਰਟੀ ਆਦਿ ਅਜਿਹੀਆਂ ਪਾਰਟੀਆਂ ਨੇ ਜੋ ਪੰਜਾਬ ਦੀ ਸਿਆਸਤ ਚ ਸਰਗਰਮ ਨੇ ਅਤੇ ਚੋਣਾਂ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਸਿਆਸੀ ਪਾਰਟੀਆਂ ਦਾ ਵੋਟ ਸ਼ੇਅਰ
2017 ਵਿਧਾਨ ਸਭਾ ਚੋਣਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵੋਟ ਸ਼ੇਅਰ ਕਾਂਗਰਸ ਦਾ 38.5 ਫ਼ੀਸਦੀ ਰਿਹਾ ਅਤੇ ਕਾਂਗਰਸ ਨੇ ਪੰਜਾਬ ਵਿੱਚ ਸਰਕਾਰ ਬਣਾਈ ਅਤੇ ਕਾਂਗਰਸ ਨੂੰ ਉਦੋਂ ਕੁੱਲ 77 ਸੀਟਾਂ ਹਾਸਲ ਹੋਈਆਂ ਸਨ। ਉਸੇ ਤਰ੍ਹਾਂ ਦੂਜੇ ਨੰਬਰ 'ਤੇ ਆਮ ਆਦਮੀ ਪਾਰਟੀ ਰਹੀ, ਜਿਸ ਨੂੰ ਕੁੱਲ 23.7 ਫ਼ੀਸਦੀ ਵੋਟਾਂ ਪਈਆਂ ਅਤੇ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਧਿਰ ਵਜੋਂ ਉੱਭਰ ਕੇ ਸਾਹਮਣੇ ਆਈ ਅਤੇ ਆਮ ਆਦਮੀ ਪਾਰਟੀ ਨੂੰ 20 ਸੀਟਾਂ ਮਿਲੀਆਂ।
ਇਸੇ ਤਰ੍ਹਾਂ ਜੇਕਰ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਜਾਵੇ ਤਾਂ ਅਕਾਲੀ ਦਲ ਨੂੰ ਬੀਤੀਆਂ ਵਿਧਾਨ ਸਭਾ ਚੋਣਾਂ ਵਿੱਚ ਕੁੱਲ 25.2 ਫ਼ੀਸਦੀ ਵੋਟਾਂ ਪਈਆਂ ਭਾਜਪਾ ਨੂੰ 5.4 ਫ਼ੀਸਦੀ ਵੋਟਾਂ ਪਈਆਂ। ਜਦੋਂ ਕਿ ਲੋਕ ਇਨਸਾਫ਼ ਪਾਰਟੀ ਨੂੰ 1.2 ਫ਼ੀਸਦੀ ਵੋਟਾਂ ਪਈਆਂ ਸਨ, ਆਜ਼ਾਦ ਉਮੀਦਵਾਰਾਂ ਨੂੰ ਕੁੱਲ 2.1 ਫ਼ੀਸਦੀ ਵੋਟਾਂ ਪਈਆਂ ਸਨ।
ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਨੂੰ 1.5 ਫ਼ੀਸਦੀ ਵੋਟਾਂ ਪਈਆਂ ਸਨ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਸਿਮਰਜੀਤ ਸਿੰਘ ਮਾਨ ਨੂੰ 0.3 ਫ਼ੀਸਦੀ ਵੋਟਾਂ ਪਈਆਂ ਸਨ। ਇਸੇ ਤਰ੍ਹਾਂ ਆਪਣਾ ਪੰਜਾਬ ਪਾਰਟੀ ਨੂੰ 0.2 ਫ਼ੀਸਦੀ ਵੋਟਾਂ ਪਈਆਂ ਸਨ। ਜਦੋਂ ਕਿ ਦੂਜੇ ਪਾਸੇ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਨੂੰ 0.2 ਫ਼ੀਸਦੀ ਵੋਟ ਸ਼ੇਅਰ ਮਿਲਿਆ, ਸੀਪੀਆਈ ਨੂੰ ਵੀ 0.2 ਫ਼ੀਸਦੀ ਵੋਟ ਸ਼ੇਅਰ ਮਿਲਿਆ ਅਤੇ ਨੋਟਾਂ 'ਤੇ 0.7 ਫ਼ੀਸਦੀ ਵੋਟ ਸ਼ੇਅਰ ਰਿਹਾ ਸੀ।
2022 ਚੋਣਾਂ 'ਚ ਛੋਟੀਆਂ ਪਾਰਟੀਆਂ ਦਾ ਰੋਲ
ਬੀਤੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ 2022 ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਸਮੀਕਰਨ ਬਦਲ ਦੇ ਵਿਖਾਈ ਦੇ ਰਹੇ ਹਨ। ਕਿਸਾਨ ਅੰਦੋਲਨ ਨੇ ਪੰਜਾਬ ਦੀ ਸਿਆਸਤ 'ਤੇ ਵੱਡਾ ਅਸਰ ਪਾਇਆ ਹੈ। ਕਿਸਾਨ ਅੰਦੋਲਨ ਤੋਂ ਕਈ ਪਾਰਟੀਆਂ ਪੈਦਾ ਹੋਣ ਦੇ ਆਸਾਰ ਲਗਾਏ ਜਾ ਰਹੇ ਹਨ। ਬੀਤੇ ਦਿਨੀਂ ਲਸ਼ਕਰ ਸਿੰਘ ਵੱਲੋਂ ਆਪਣੀ ਪਾਰਟੀ ਦਾ ਐਲਾਨ ਕੀਤਾ ਗਿਆ।
ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਨਵੀਂ ਪਾਰਟੀ ਬਣਾ ਲਈ ਹੈ, ਦੂਜੇ ਪਾਸੇ ਗੁਰਨਾਮ ਸਿੰਘ ਚੜੂਨੀ ਜੋ ਕਿ ਕਿਸਾਨ ਲੀਡਰ ਰਹੇ ਹਨ। ਉਨ੍ਹਾਂ ਨੇ ਵੀ ਮਿਸ਼ਨ 2022 ਦੇ ਤਹਿਤ ਇਕ ਫਰੰਟ ਤਿਆਰ ਕੀਤਾ ਹੈ, ਜੋ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਸਰ ਵਿਖਾ ਸਕਦਾ ਹੈ। ਇਸ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੀ ਅਹਿਮ ਭੂਮਿਕਾ ਨਿਭਾ ਸਕਦੀ ਹੈ। ਜਿਸ ਨੂੰ ਝੂਠਲਾਇਆ ਨਹੀਂ ਜਾ ਸਕਦਾ।
ਜਦ ਕਿ ਦੂਜੇ ਪਾਸੇ ਸਿਮਰਜੀਤ ਬੈਂਸ ਨੇ ਵੀ ਇਹ ਦਾਅਵਾ ਕੀਤਾ ਹੈ ਕਿ ਲੋਕ ਇਨਸਾਫ਼ ਪਾਰਟੀ ਹੁਣ ਲੁਧਿਆਣਾ ਤੱਕ ਸੀਮਿਤ ਨਹੀਂ ਰਹੀ ਸਗੋਂ ਉਨ੍ਹਾਂ ਦੇ ਵੋਟ ਸ਼ੇਅਰ ਦੇ ਵਿਚ ਵੱਡਾ ਬਦਲਾਅ ਆਇਆ ਹੈ। ਹੁਣ ਪੰਜਾਬ ਦੇ 35 ਵਿਧਾਨ ਸਭਾ ਹਲਕਿਆਂ ਦੇ ਗਏ। ਉਨ੍ਹਾਂ ਦਾ ਵੋਟ ਸ਼ੇਅਰ ਵੱਧ ਹੈ। ਇਸ ਕਰਕੇ ਕੋਈ ਵੀ ਪੰਜਾਬ ਅੰਦਰ ਪਾਰਟੀ ਬਿਨਾਂ ਉਨ੍ਹਾਂ ਦੀ ਹਮਾਇਤ ਤੋਂ ਸਰਕਾਰ ਨਹੀਂ ਬਣਾ ਸਕਦੀ।
ਉੱਥੇ ਹੀ ਦੂਜੇ ਪਾਸੇ ਅੱਜ ਪੰਜਾਬ ਦੀ ਸਿਆਸਤ ਦੇ ਦਿੱਗਜ ਮੰਨੇ ਜਾਂਦੇ ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਆਪਣੀ ਪਾਰਟੀ ਲੋਕ ਭਲਾਈ ਪਾਰਟੀ ਨੂੰ ਸਰਗਰਮ ਕਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਲੋਕ ਭਲਾਈ ਪਾਰਟੀ ਕੋਈ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਉਤਾਰੇਗੀ। ਪਰ ਪੰਜਾਬ ਦੀਆਂ ਲੋਟੂ ਪਾਰਟੀਆਂ ਸਬੰਧੀ ਲੋਕਾਂ ਨੂੰ ਅਗਾਹ ਕਰੇਗੀ ਅਤੇ ਜੇਕਰ ਕਿਸਾਨ ਚੋਣਾਂ ਲੜਦੇ ਹਨ ਤੇ ਉਨ੍ਹਾਂ ਦਾ ਜੋ ਵਿਜ਼ਨ ਹੋਵੇਗਾ। ਉਸ ਦੇ ਮੁਤਾਬਕ ਉਨ੍ਹਾਂ ਨੂੰ ਸਮਰਥਨ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਪੰਜਾਬ ਦੇ ਵਿੱਚ ਕਿਸੇ ਵੀ ਪਾਰਟੀ ਦਾ ਇਕੱਲਿਆਂ ਸੱਤਾ ਵਿੱਚ ਕਾਬਜ਼ ਹੋਣਾ ਆਸਾਨ ਰਾਹ ਨਹੀਂ ਹੋਵੇਗਾ। ਸਿਆਸੀ ਪੰਡਿਤਾਂ ਦਾ ਮੰਨਣਾ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਉਸ ਪਾਰਟੀ ਨੂੰ ਹੀ ਸਮਰਥਨ ਮਿਲੇਗਾ, ਜੋ ਇਕੱਠੀਆਂ ਹੋ ਕੇ ਪੰਜਾਬ ਵਿੱਚ ਚੋਣਾਂ ਲੜਨਗੀਆਂ। ਅਜਿਹੇ ਵਿੱਚ ਛੋਟੀਆਂ ਪਾਰਟੀਆਂ ਇਨ੍ਹਾਂ ਸਿਆਸੀ ਸਮੀਕਰਨਾਂ ਦੇ ਵਿੱਚ ਅਹਿਮ ਭੂਮਿਕਾ ਅਦਾ ਕਰਨਗੀਆਂ। ਕਿਉਂਕਿ ਵੋਟ ਸ਼ੇਅਰ ਦੀ ਰਾਜਨੀਤੀ ਹੀ ਇਸ ਵਾਰ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਰ ਦਾ ਫੈਸਲਾ ਕਰੇਗੀ।
ਇਹ ਵੀ ਪੜੋ:- ਉਮੀਦਵਾਰ ਪਹਿਲਾਂ ਉਤਾਰਨ ਪਿੱਛੇ ਦੀ ਕੀ ਹੈ ਸਿਆਸਤ