ਲੁਧਿਆਣਾ: ਭਾਰਤ ਅਤੇ ਕੈਨੇਡਾ ਦੇ ਵਿਚਕਾਰ ਦਿਨੋਂ ਦਿਨ ਤਲਖੀ ਵਧਦੀ ਜਾ ਰਹੀ ਹੈ, ਜਿਸ ਦਾ ਅਸਰ ਆਉਣ ਵਾਲੇ ਦਿਨਾਂ 'ਚ ਵਪਾਰ 'ਤੇ ਵੀ ਪੈ ਸਕਦਾ ਹੈ। ਜੇਕਰ ਦੋਹਾਂ ਮੁਲਕਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦਾ ਲਗਭਗ ਕੁੱਲ ਵਪਾਰ ਦਾ 0.70 ਫੀਸਦੀ ਹਿੱਸੇਦਾਰੀ ਕੈਨੇਡਾ ਦੇ ਨਾਲ ਹੈ ਜੋ ਕਿ ਇੱਕ ਫੀਸਦੀ ਤੋਂ ਵੀ ਘੱਟ ਹੈ। ਹਾਲਾਂਕਿ ਦੋਹਾਂ ਮੁਲਕਾਂ ਦੇ ਵਿਚਕਾਰ ਇੰਪੋਰਟ ਅਤੇ ਐਕਸਪੋਟ ਦੀ ਦਰ ਲਗਭਗ ਬਰਾਬਰ ਹੈ। ਹਰ ਸਾਲ ਦੋਵਾਂ ਮੁਲਕਾਂ ਦੇ ਵਿਚਕਾਰ ਲਗਭਗ ਐਵਰੇਜ 64 ਹਜ਼ਾਰ ਕਰੋੜ ਦਾ ਵਪਾਰ ਹੁੰਦਾ ਹੈ ,ਜਿਸ 'ਚ ਭਾਰਤ ਤੋਂ 32 ਹਜ਼ਾਰ ਕਰੋੜ ਤੋਂ ਕੁਝ ਜਿਆਦਾ ਜਦੋਂ ਕੇ ਕੈਨੇਡਾ ਤੋਂ 31.87 ਹਜ਼ਾਰ ਕਰੋੜ ਦੇ ਕਰੀਬ ਇੰਪੋਰਟ ਹੁੰਦਾ ਹੈ। ਭਾਰਤ ਦੀ ਵੱਡੀ ਅਰਥ ਵਿਵਸਥਾ ਹੋਣ ਕਰਕੇ ਕੈਨੇਡਾ ਦੇ ਨਾਲ ਭਾਰਤ ਦੇ ਵਪਾਰ ਨਾਲ ਭਾਰਤ ਨੂੰ ਕੋਈ ਬਹੁਤਾ ਨੁਕਸਾਨ ਤਾਂ ਨਹੀਂ ਹੋਵੇਗਾ ਪਰ ਸਿੱਧੇ ਅਤੇ ਅਸਿੱਧੇ ਤੌਰ 'ਤੇ ਪੰਜਾਬ ਦਾ ਵਪਾਰ ਜ਼ਰੂਰ ਕੈਨੇਡਾ ਦੇ ਨਾਲ ਜੁੜਿਆ ਹੋਇਆ ਹੈ। ਜੇਕਰ ਦੋਹਾਂ ਮੁਲਕਾਂ ਦੇ ਵਿਚਕਾਰ ਇਹ ਤਲਖੀ ਜ਼ਿਆਦਾ ਲੰਬੇ ਸਮੇਂ ਤੱਕ ਰਹਿੰਦੀ ਹੈ ਤਾਂ ਅੱਗੇ ਜਾ ਕੇ ਵਪਾਰੀਆਂ ਨੂੰ ਇਸਦਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਸਿੱਖਿਆ ਦਾ ਖੇਤਰ: ਸਿੱਖਿਆ ਤੋਂ ਆਮਦਨ ਦੇ ਖੇਤਰ 'ਚ ਕੈਨੇਡਾ ਭਾਰਤ 'ਤੇ ਜਿਆਦਾ ਨਿਰਭਰ ਹੈ। ਹਰ ਸਾਲ ਹਜ਼ਾਰਾਂ ਹੀ ਭਾਰਤੀ ਵਿਦਿਆਰਥੀ ਕੈਨੇਡਾ ਦੇ ਵਿੱਚ ਸਿੱਖਿਆ ਹਾਸਿਲ ਕਰਨ ਦੇ ਲਈ ਜਾਂਦੇ ਹਨ। ਕੈਨੇਡਾ ਦੀ ਇਕੋਨੋਮੀ ਦਾ ਇੱਕ ਵੱਡਾ ਹਿੱਸਾ ਯੂਨੀਵਰਸਿਟੀ ਦੀਆਂ ਫੀਸਾਂ ਤੋਂ ਹੋਣ ਵਾਲੀ ਕਮਾਈ ਵੀ ਹੈ। ਕੈਨੇਡਾ ਦੇ ਵਿੱਚ ਲੇਬਰ ਦੀ ਵੱਡੀ ਕਮੀ ਹੈ। ਜਿਸ ਕਰਕੇ ਕੈਨੇਡਾ ਸਰਕਾਰ ਵਲੋ ਵੀਜ਼ਾ 'ਚ ਵੱਡੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਨੇ। ਨਵੀਂ ਇਮੀਗ੍ਰੇਸ਼ਨ ਪਾਲਿਸੀ ਦੇ ਤਹਿਤ ਕੈਨੇਡਾ ਦੀ ਸਰਕਾਰ ਨੇ 2023 ਤੱਕ 82,880 ਐਕਸਪ੍ਰੈਸ ਐਂਟਰੀ, 2024 ਤੱਕ 1 ਲੱਖ 9 ਹਜ਼ਾਰ ਦੇ ਕਰੀਬ ਐਂਟਰੀ ਅਤੇ 2025 ਤੱਕ 1 ਲੱਖ 14 ਹਜ਼ਾਰ ਨੂੰ ਐਂਟਰੀ ਦੇਣ ਦਾ ਪਲਾਨ ਤਿਆਰ ਕੀਤਾ ਸੀ। ਜਿਸ ਵਿਚ ਭਾਰਤ ਤੋਂ ਜਾਣ ਵਾਲੇ ਖਾਸ ਕਰਕੇ ਪੰਜਾਬ ਤੋਂ ਜਾਣ ਵਾਲੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਹੈ।
ਕਿਹੜੇ ਦੇਸ਼ ਨੂੰ ਨੁਕਸਾਨ: ਮਾਹਿਰਾਂ ਦੇ ਮੁਤਾਬਿਕ ਜੇਕਰ ਭਾਰਤ ਦੇ ਪੱਖ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਅਮਰੀਕਾ, ਇੰਗਲੈਂਡ, ਰਾਸ਼ੀਆ ਅਤੇ ਹੋਰਨਾਂ ਵੱਡੇ ਮੁਲਕਾਂ ਦੇ ਨਾਲ ਵੀ ਚੰਗੇ ਸਬੰਧ ਨੇ ਜਦੋਂ ਕਿ ਕੈਨੇਡਾ ਦੇ ਬਰਤਾਨੀਆ ਅਤੇ ਅਮਰੀਕਾ ਨਾਲ ਚੰਗੇ ਸਬੰਧ ਨੇ। ਵਪਾਰ ਨੂੰ ਲੈਕੇ ਭਾਰਤ ਦੇ ਕੁਲ ਵਪਾਰ ਦਾ 1 ਫ਼ੀਸਦੀ ਤੋਂ ਵੀ ਘੱਟ ਹਿੱਸੇ ਦਾ ਕੈਨੇਡਾ ਭਾਗੀਦਾਰੀ ਹੈ ਜਦੋਂ ਕਿ ਕੈਨੇਡਾ ਨੂੰ ਭਾਰਤੀ ਲੇਬਰ, ਭਾਰਤੀ ਵਿਦਿਆਰਥੀਆਂ, ਕੈਮੀਕਲ ਅਤੇ ਕੱਪੜੇ, ਚਮੜੇ ਦੇ ਸਮਾਨ ਦੀ ਲੋੜ ਰਹਿੰਦੀ ਹੈ। ਜਦੋਂ ਕਿ ਭਾਰਤ ਜ਼ਿਆਦਤਰ ਕੀਟਨਾਸ਼ਕ ਅਤੇ ਦਾਲਾਂ ਹੀ ਕੈਨੇਡਾ ਤੋਂ ਮੰਗਵਾਉਂਦਾ ਹੈ। ਵਪਾਰ ਦਾ ਨੁਕਸਾਨ ਕੈਨੇਡਾ ਨੂੰ ਭਾਰਤ ਨਾਲੋਂ ਜਿਆਦਾ ਹੋਵੇਗਾ, ਇਸ ਤੋਂ ਇਲਾਵਾ ਬਾਹਰ ਜਾਣ ਵਾਲੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਅਤੇ ਕੈਨੇਡਾ ਦੀਆਂ 600 ਕੰਪਨੀਆਂ ਜੋਕਿ ਭਾਰਤ 'ਚ ਕੰਮ ਕਰ ਰਹੀਆਂ ਨੇ ਉਨ੍ਹਾਂ 'ਤੇ ਵੀ ਬੰਦ ਹੋਣ ਦੀ ਤਲਵਾਰ ਲਟਕ ਸਕਦੀ ਹੈ।