ਲੁਧਿਆਣਾ : ਹੱਡ ਭੰਨਵੀਂ ਮਿਹਨਤ ਤੋਂ ਬਾਅਦ ਦੇਸ਼ ਵਾਸੀਆਂ ਦਾ ਢਿੱਡ ਭਰਨ ਵਾਲੇ ਕਿਸਾਨਾਂ ਦੀ ਹਾਲਤ ਕਾਫੀ ਬੁਰੀ ਜਾਪਦੀ ਹੈ ਕਿਉਂਕਿ ਕਿਸਾਨਾਂ ਨੂੰ ਕੋਈ ਸਹੂਲਤਾਂ ਦੇਣ ਵਿੱਚ ਸਰਕਾਰਾਂ ਸੰਜੀਦਗੀ ਨਹੀਂ ਦਿਖਾਉਂਦੀਆਂ। ਉੱਥੇ ਹੀ ਸਰਕਾਰੀ ਮਹਿਕਮਿਆਂ ਦੀਆਂ ਲਾਪ੍ਰਵਾਹੀਆਂ ਕਾਰਨ ਭਾਰੀ ਆਰਥਿਕ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਅਜਿਹਾ ਹੀ ਕੁਝ ਰਾਏਕੋਟ ਦੇ ਪਿੰਡ ਬਰ੍ਹਮੀ ਦੇ 4-5 ਕਿਸਾਨਾਂ ਨਾਲ ਹੋਇਆ ਹੈ, ਜਿਥੇ ਪਾਵਰਕਾਮ ਰਾਏਕੋਟ ਵੱਲੋਂ ਖੇਤੀ ਸੈਕਟਰ ਦੀ ਢੁੱਕਵੀਂ ਬਿਜਲੀ ਸਪਲਾਈ ਨਾ ਦੇਣ ਕਾਰਨ ਪਹਿਲਾਂ ਪਾਣੀ ਦੀ ਕਿੱਲਤ ਨਾਲ ਉਨ੍ਹਾਂ ਦੇ ਖੇਤਾਂ ਵਿੱਚ ਬੀਜੀ ਝੋਨੇ ਦੀ ਫਸਲ ਸੁੱਕ ਗਈ ਹੈ ਅਤੇ ਜ਼ਮੀਨ ਵਿੱਚ ਤਰੇੜਾਂ ਪੈ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਪੁੱਤਰ ਨਛੱਤਰ ਸਿੰਘ, ਸੁਖਮਿੰਦਰ ਸਿੰਘ ਬਰਮੀ, ਜਸਬੀਰ ਸਿੰਘ ਨੇ ਦੱਸਿਆ ਕਿ ਪਾਵਰਕਾਮ ਰਾਏਕੋਟ ਵੱਲੋਂ ਉਨ੍ਹਾਂ ਦੇ ਪਿੰਡ ਖੇਤੀ ਸੈਕਟਰ ਵਾਲੀ ਬਿਜਲੀ ਸਪਲਾਈ ਅੱਠ ਘੰਟੇ ਨਿਰਵਿਘਨ ਦੇਣ ਦੀ ਬਜਾਏ ਟੁੱਟਵੀਂ ਦਿੱਤੀ ਜਾਂਦੀ ਹੈ। ਜੋ ਮਸਾਂ 5-6 ਘੰਟੇ ਹੀ ਆਉਂਦੀ ਹੈ। ਜਿਸ ਕਾਰਨ ਉਨ੍ਹਾਂ ਦੇ ਖੇਤਾਂ ਵਿੱਚ ਪਾਣੀ ਦੀ ਕਿੱਲਤ ਪੈਦਾ ਹੋਣ ਕਾਰਨ ਬੀਜੀ ਝੋਨੇ ਦੀ ਫਸਲ ਸੁੱਕ ਗਈ ਅਤੇ ਜ਼ਮੀਨ 'ਚ ਤਰੇੜਾਂ ਪੈ ਗਈਆਂ।
ਜਦਕਿ ਉਨ੍ਹਾਂ ਵੱਲੋਂ ਝੋਨੇ ਦੀ ਫਸਲ ਦੀ ਬਿਜਾਈ ਲਈ ਕੀਤਾ ਗਿਆ ਖਰਚ ਅਜਾਈਂ ਚਲਿਆ ਗਿਆ ਅਤੇ ਨਵੇਂ ਸਿਰਿਓਂ ਉਨ੍ਹਾਂ ਨੂੰ ਹੋਰ ਆਰਥਿਕ ਮਾਰ ਝੱਲਣੀ ਪਵੇਗੀ, ਸਗੋਂ ਉਹ ਝੋਨੇ ਦੀ ਫਸਲ ਨੂੰ ਵਾਹੁਣ ਲਈ ਮਜਬੂਰ ਹਨ ਪ੍ਰੰਤੂ ਪੰਜਾਬ ਸਰਕਾਰ, ਪਾਵਰਕਾਮ ਅਤੇ ਖੇਤੀਬਾੜੀ ਮਹਿਕਮੇ ਵੱਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਗਈ।
ਇਹ ਵੀ ਪੜ੍ਹੋ:ਕਿਸਾਨਾਂ ਦਾ ਐਲਾਨ,ਆਜੋ ਸਾਰੇ ਸੜਕਾਂ 'ਤੇ
ਉਨ੍ਹਾਂ ਆਖਿਆ ਕਿ ਪਹਿਲਾਂ ਹੀ ਆਰਥਿਕ ਮਾਰ ਝੱਲ ਰਹੇ ਕਿਸਾਨਾਂ ਨੂੰ ਜੇ ਸਰਕਾਰ ਕੋਈ ਸਹੂਲਤਾਂ ਨਹੀਂ ਮੁਹੱਈਆ ਕਰਵਾ ਸਕਦੀ ਤਾਂ ਗਲਤ ਨੀਤੀਆਂ ਅਤੇ ਨਿਕੰਮੇ ਪ੍ਰਬੰਧਾਂ ਕਾਰਨ ਉਨ੍ਹਾਂ ਦਾ ਆਰਥਿਕ ਨੁਕਸਾਨ ਤਾ ਨਾ ਕਰੇ। ਇਸ ਮੌਕੇ ਕਿਸਾਨਾਂ ਨੇ ਖੇਤੀ ਸੈਕਟਰ ਲਈ ਨਿਰਵਿਘਨ ਅੱਠ ਘੰਟੇ ਬਿਜਲੀ ਸਪਲਾਈ ਤੋਂ ਇਲਾਵਾ ਪਾਵਰਕਾਮ ਕਾਰਨ ਹੋਏ ਆਰਥਿਕ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।