ਲੁਧਿਆਣਾ: ਜ਼ਿਲ੍ਹੇ ਦੇ ਦਰੇਸੀ ਨੇੜੇ ਕ੍ਰਿਪਾਲ ਨਗਰ ਕੱਪੜਾ ਮਾਰਕੀਟ ਦੇ ਵਿਚ ਬੀਤੇ ਦਿਨੀਂ ਮਾਰਕੀਟ ਚ ਕੰਮ ਕਰਨ ਵਾਲੇ ਦੋ ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਸੀਸੀਟੀਵੀ ਫੁਟੇਜ ਵਿੱਚ ਕੁਝ ਹਥਿਆਰਬੰਦ ਨੌਜਵਾਨ ਦੋ ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹਨ ਅਤੇ ਫਿਰ ਚਲੇ ਜਾਂਦੇ ਹਨ।
ਇਲਾਕੇ ਦੇ ਲੋਕਾਂ ਨੇ ਕਿਹਾ ਕਿ ਉਹ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਗੁੰਡਾਗਰਦੀ ਦਾ ਨੰਗਾ ਨਾਚ ਚੱਲ ਰਿਹਾ ਹੈ। ਉਨ੍ਹਾਂ ਪੁਲਿਸ ਦੀ ਕਾਰਗੁਜ਼ਾਰੀ ਉੱਪਰ ਵੀ ਸਵਾਲ ਖੜ੍ਹੇ ਕੀਤੇ ਹਨ ਜਿਸ ਕਰਕੇ ਅੱਜ ਉਨ੍ਹਾਂ ਨੂੰ ਥਾਣੇ ਦੇ ਬਾਹਰ ਧਰਨਾ ਲਾਉਣਾ ਪਿਆ ਉਥੇ ਹੀ ਦੂਜੇ ਪਾਸੇ ਪੁਲਿਸ ਜਾਂਚ ਕਰਨ ਦੀ ਗੱਲ ਆਖ ਰਹੀ ਹੈ।
ਇਲਾਕਾ ਵਾਸੀ ਲਾਲ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਵਿੱਚ ਗੁੰਡਾਗਰਦੀ ਲਗਾਤਾਰ ਚੱਲ ਰਹੀ ਹੈ ਅਤੇ ਪਰਸੋਂ ਦੀ ਘਟਨਾ ਦੇ ਬਾਵਜੂਦ ਹਾਲੇ ਤੱਕ ਪੁਲਿਸ ਨੇ ਗੁੰਡਾ ਅਨਸਰਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਿਸ ਕਰਕੇ ਮਜਬੂਰੀਵੱਸ ਉਨ੍ਹਾਂ ਨੂੰ ਅੱਜ ਥਾਣੇ ਦੇ ਬਾਹਰ ਪ੍ਰਦਰਸ਼ਨ ਕਰਨਾ ਪਿਆ। ਉਨ੍ਹਾਂ ਕਿਹਾ ਕਿ ਉਹ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਕਿਸੇ ਵੀ ਵੇਲੇ ਕੋਈ ਵੀ ਆ ਕੇ ਹਮਲਾ ਕਰ ਦਿੰਦਾ ਹੈ ਦੋ ਨੌਜਵਾਨ ਜ਼ਖ਼ਮੀ ਹਨ ਅਤੇ ਮੁਲਜ਼ਮਾਂ ਨੇ ਉਨ੍ਹਾਂ ਦੀ ਜੇਬ੍ਹ ’ਚੋਂ ਪੈਸੇ ਵੀ ਕੱਢ ਲਏ ਪਰ ਪੁਲਿਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ।
ਉੱਥੇ ਹੀ ਦੂਜੇ ਪਾਸੇ ਥਾਣਾ ਦਰੇਸੀ ਦੇ ਮੁਨਸ਼ੀ ਨੇ ਕਿਹਾ ਕਿ ਕਦੇ ਉਨ੍ਹਾਂ ਨੂੰ ਹਾਈਕੋਰਟ ਜਾਣਾ ਪੈਂਦਾ ਹੈ ਅਤੇ ਕਦੇ ਕਿਸੇ ਕੰਮ ’ਤੇ ਰਹਿੰਦੇ ਹਨ ਜਿਸ ਕਰਕੇ ਉਹ ਕਾਰਵਾਈ ਅਮਲ ’ਚ ਨਹੀਂ ਲਿਆ ਸਕੇ ਪਰ ਉਨ੍ਹਾਂ ਦੇ ਧਿਆਨ ਹੇਠ ਪੂਰਾ ਮਾਮਲਾ ਹੈ ਅਤੇ ਜਲਦ ਹੀ ਉਹ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲੈਣਗੇ।
ਇਹ ਵੀ ਪੜ੍ਹੋ: ਦੁਬਈ ’ਚ ਕਿਵੇਂ ਹੋਈ 22 ਸਾਲਾ ਗੁਰਪ੍ਰੀਤ ਦੀ ਮੌਤ ? ਦਰਦਭਰੀ ਕਹਾਣੀ ਸੁਣ ਹੋ ਜਾਣਗੇ ਰੌਂਗਟੇ ਖੜ੍ਹੇ !