ਲੁਧਿਆਣਾ: ਜਬਰ ਜਨਾਹ ਅਤੇ ਦਹੇਜ ਦੀ ਸ਼ਿਕਾਰ ਹੋਈ ਲੁਧਿਆਣਾ ਦੀ ਰਹਿਣ ਵਾਲੀ ਪੀੜਤ ਕੁੜੀ ਇਨਸਾਫ਼ ਲਈ ਠੋਕਰਾਂ ਖਾ ਰਹੀ ਹੈ। ਚੰਡੀਗੜ੍ਹ ਪੁਲਿਸ, ਪੰਜਾਬ ਮਹਿਲਾ ਕਮਿਸ਼ਨ, ਹਾਈਕੋਰਟ ਅਤੇ ਥਾਣਿਆਂ ਦੇ ਚੱਕਰ ਕੱਟ ਚੁੱਕੀ ਕੁੜੀ ਨੇ ਇਨਸਾਫ਼ ਨਾ ਮਿਲਣ 'ਤੇ ਆਤਮ ਹੱਤਿਆ ਕਰਨ ਦੀ ਧਮਕੀ ਦਿੱਤੀ ਹੈ।
ਦਰਅਸਲ ਪੀੜਤ ਕੁੜੀ ਨਾਲ 2011 ਵਿੱਚ ਚੰਡੀਗੜ੍ਹ ਦੇ ਇੱਕ ਮੁੰਡੇ ਨਾਲ ਦੋਸਤੀ ਹੋਈ ਸੀ ਜਿਸ ਤੋਂ ਬਾਅਦ ਪਿਛਲੇ ਸਾਲ ਦੋਵਾਂ ਦੀ ਮੰਗਣੀ ਹੋ ਗਈ ਸੀ। ਕੁੜੀ ਦਾ ਆਰੋਪ ਹੈ ਕਿ ਮੁੰਡੇ ਵੱਲੋਂ ਉਸ ਨਾਲ ਜਿਸਮਾਨੀ ਖਿਲਵਾੜ ਕਰਨ ਤੋਂ ਬਾਅਦ ਵਿਆਹ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਦਹੇਜ ਦੀ ਮੰਗ ਕੀਤੀ ਗਈ। ਕੁੜੀ ਨੇ ਦੋਸ਼ ਲਗਾਇਆ ਕਿ ਮੁਡੇ ਵਾਲੇ ਵਿਆਹ ਲਈ 20 ਲੱਖ ਰੁਪਏ ਦੀ ਮੰਗ ਕਰ ਰਹੇ ਹਨ।
ਪੀੜਤ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਲੁਧਿਆਣਾ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਜਿੱਥੇ ਕਿ ਕੋਈ ਸੁਣਵਾਈ ਨਹੀਂ ਹੋਈ। ਮੁੰਡਾ ਚੰਡੀਗੜ੍ਹ ਦਾ ਹੋਣ ਕਾਰਨ ਘਟਨਾ ਚੰਡੀਗੜ੍ਹ ਦੀ ਕਹੀ ਗਈ ਅਤੇ ਜਿਸ ਤੋਂ ਬਾਅਦ ਚੰਡੀਗੜ੍ਹ ਦੇ ਸਾਰੰਗਪੁਰ ਥਾਣਾ 'ਚ ਸ਼ਿਕਾਇਤ ਦਰਜ ਕਰਵਾਈ ਗਈ। ਪਰ ਤਕਰੀਬਨ ਛੇ ਮਹੀਨੇ ਬੀਤ ਜਾਣ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਪੀੜਤ ਦਾ ਕਹਿਣਾ ਹੈ ਕਿ ਪੁਲਿਸ ਥਾਣੇ ਵਿੱਚ ਸ਼ਿਕਾਇਤ ਕਰਨ ਤੋਂ ਬਾਅਦ ਹਾਈਕੋਰਟ ਦਾ ਵੀ ਰੁਖ਼ ਕੀਤਾ ਗਿਆ ਜਿੱਥੇ ਕਿ ਹਾਈਕੋਰਟ ਨੇ ਐਸਐਸਪੀ ਖ਼ੁਦ ਮਾਮਲੇ ਨੂੰ ਵੇਖਣ ਦੇ ਨਿਰਦੇਸ਼ ਦਿੱਤੇ। ਪਰ ਐਸਐਸਪੀ ਵੱਲੋਂ ਵੀ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਪੀੜਤ ਨੇ ਪੁਲਿਸ 'ਤੇ ਇਲਜਾਮ ਲਗਾਉਂਦੇ ਹੋਏ ਕਿਹਾ ਕਿ ਜਦ ਥਾਣੇ ਵਿੱਚ ਆਪਣੇ ਕੇਸ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਕਹਿਦੇ ਹਨ ਕਿ ਤੁਸੀਂ ਰੋਜ਼ ਆ ਜਾਂਦੇ ਹੋ ਐਵੇਂ ਕਹਿ ਕੇ ਟਾਲ ਦਿੱਤਾ ਜਾਂਦਾ ਹੈ।
ਪੀੜਤ ਦਾ ਕਹਿਣਾ ਹੈ ਕਿ ਮੇਰੇ ਮਾਂ ਬਾਪ ਬਿਮਾਰੀ ਨਾਲ ਪੀੜਤ ਹਨ ਅਤੇ ਘਰ ਵਿੱਚ ਕੋਈ ਕਮਾਈ ਦਾ ਸਾਧਨ ਵੀ ਨਹੀਂ ਹੈ। ਪੀੜਤ ਨੇ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੁਲਿਸ ਨੇ ਇੱਕ ਕੰਪਲੇਂਟ ਤੱਕ ਵੀ ਮੁੰਡੇ ਦੇ ਖਿਲਾਫ਼ ਨਹੀਂ ਕੀਤੀ ਅਤੇ ਨਾ ਹੀ ਪੁੱਛਗਿਛ ਲਈ ਥਾਣੇ ਸੱਦਿਆ। ਪੀੜਤ ਦਾ ਕਹਿਣਾ ਹੈ ਕਿ ਮੈਂ ਸਭ ਦਾ ਦਰਵਾਜ਼ਾ ਖੜਕਾ ਚੁੱਕੀ ਹਾਂ ਹੁਣ ਆਖਰੀ ਵਿਕਲਪ ਮੇਰੇ ਕੋਲ ਮਰਨ ਦਾ ਹੀ ਹੈ।