ਲੁਧਿਆਣਾ: ਜੀਡੀਐਸ ਬੰਬੇ ਵਾਲੇ ਨਾਂਅ ਦਾ ਨੌਜਵਾਨ ਇਨ੍ਹੀਂ ਦਿਨੀਂ ਲੁਧਿਆਣਾ ਦੀਆਂ ਸੜਕਾਂ 'ਤੇ ਸ਼ਹਿਰੀਆਂ ਨੂੰ ਕਿਸਾਨ ਅੰਦੋਲਨ ਸਬੰਧੀ ਜਾਗਰੂਕ ਕਰਦਾ ਵਿਖਾਈ ਦੇ ਰਿਹਾ ਹੈ। ਮੋਟਰਸਾਈਕਲ 'ਤੇ ਸਭ ਤੋਂ ਉੱਚਾ ਤਿਰੰਗਾ ਹੈ ਅਤੇ ਫਿਰ ਥੱਲੇ ਕਾਲੀਆਂ ਝੰਡੀਆਂ ਹਨ, ਜਿਸ ਵਿੱਚ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਕੇਂਦਰ ਸਰਕਾਰ ਖਿਲਾਫ਼ ਰੋਸ ਹੈ। ਉਸ ਤੋਂ ਬਾਅਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦਾ ਬੈਨਰ ਹੈ। ਲੁਧਿਆਣਾ ਦੀਆਂ ਸੜਕਾਂ 'ਤੇ ਇਹ ਨੌਜਵਾਨ ਪ੍ਰਚਾਰ ਕਰ ਰਿਹਾ ਹੈ ਆਪਣੀਆਂ ਦਿਲ ਦੀਆਂ ਗੱਲਾਂ ਉਸ ਨੇ ਸਾਡੀ ਟੀਮ ਨਾਲ ਸਾਂਝਾ ਕੀਤਾ ਅਤੇ ਆਪਣਾ ਕਿਸਾਨਾਂ ਪ੍ਰਤੀ ਦਰਦ ਬਿਆਨ ਕੀਤਾ।
ਨੌਜਵਾਨ ਨੇ ਦੱਸਿਆ ਕਿ ਉਹ ਦਿੱਲੀ ਜਾ ਆਇਆ ਹੈ ਅਤੇ ਆਪਣੇ ਖਰਚੇ 'ਤੇ ਉਹ ਦਿੱਲੀ ਗਿਆ ਸੀ। ਉਸ ਨੇ ਕਿਹਾ ਕਿ ਜਦੋਂ ਕਿਸਾਨ ਨਹੀਂ ਚਾਹੁੰਦੇ ਕਿ ਖੇਤੀ ਕਾਨੂੰਨ ਉਨ੍ਹਾਂ ਲਈ ਬਣਾਏ ਜਾਣ ਤਾਂ ਮੋਦੀ ਦੀ ਕੇਂਦਰ ਸਰਕਾਰ ਕਿਉਂ ਇਹ ਕਾਨੂੰਨ ਬਣਾ ਰਹੀਂ ਹੈ। ਲਾਹਨਤਾਂ ਪਾਉਂਦਿਆਂ ਕਿਹਾ ਕਿ ਖੇਤੀ ਕਾਨੂੰਨ ਤੁਰੰਤ ਰੱਦ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਿਸ ਚੀਜ਼ ਦੀ ਕਿਸਾਨਾਂ ਨੂੰ ਲੋੜ ਨਹੀਂ ਸਰਕਾਰ ਕਿਉਂ ਉਨ੍ਹਾਂ 'ਤੇ ਥੋਪ ਰਹੀ ਹੈ।
ਜੀਡੀਐਸ ਬੰਬੇ ਵਾਲੇ ਨੇ ਇਹ ਵੀ ਕਿਹਾ ਕਿ ਉਹ ਸ਼ਹਿਰ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ ਕਿ ਉਹ ਵੀ ਕਿਸਾਨ ਅੰਦੋਲਨ 'ਚ ਵੱਧ ਚੜ ਕੇ ਹਿੱਸਾ ਲਵੇ। ਨੌਜਵਾਨ ਦੀ ਸੋਚ ਇਹ ਹੈ ਕਿ ਜੇਕਰ ਦੇਸ਼ ਦੇ ਵਿੱਚ ਕਿਸਾਨ ਹੀ ਨਹੀਂ ਹੋਵੇਗਾ ਤਾਂ ਅੰਨ ਪੈਦਾ ਕੌਣ ਕਰੇਗਾ ਅਤੇ ਉਹ ਰੋਟੀ ਕਿੱਥੋਂ ਖਾਣਗੇ?
ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਦੇਸ਼ ਹੈ ਅਤੇ ਉਸ ਤੋਂ ਬਾਅਦ ਜੇਕਰ ਕਿਸੇ ਦਾ ਦੂਜੇ ਨੰਬਰ 'ਤੇ ਦਰਜਾ ਹੈ ਤਾਂ ਉਹ ਕਿਸਾਨ ਹੈ ਅਤੇ ਕਿਸਾਨੀ ਹੈ। ਨੌਜਵਾਨ ਨੇ ਕਿਹਾ ਕਿ ਉਹ ਦਿੱਲੀ ਜਾ ਆਇਆ ਹੈ ਅਤੇ ਮੁੜ ਤੋਂ ਤਿਆਰੀ ਹੈ ਅਤੇ ਇਸ ਤੋਂ ਵੀ ਵੱਡੇ ਤਿਰੰਗੇ ਲਗਾ ਕੇ ਉਹ ਦਿੱਲੀ ਜਾਵੇਗਾ।