ਲੁਧਿਆਣਾ: ਸਾਈਕਲ ਕਾਰੋਬਾਰੀਆਂ ਵੱਲੋਂ ਰਿਫਲੈਕਟਰ ਨੂੰ ਲੈ ਕੇ ਪਾਸ ਕੀਤੇ ਗਏ ਨਵੇਂ ਨਿਯਮਾਂ ਦੇ ਖ਼ਿਲਾਫ਼ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ ਅਤੇ ਇਸ ਨਿਯਮ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇਸ ਨੂੰ ਲੈ ਕੇ ਯੂਨਾਈਟਿਡ ਸਾਈਕਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਹੋਰ ਸਾਈਕਲ ਕਾਰੋਬਾਰੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਵੀ ਸ਼ੁਰੂ ਕੀਤਾ ਗਿਆ ਹੈ। ਇਸਦੇ ਨਾਲ ਹੀ ਭੁੱਖ ਹੜਤਾਲ ਵੀ ਸ਼ੁਰੂ ਕੀਤੀ ਗਈ ਹੈ ਪਰ ਧਰਨੇ ਵਿੱਚ ਪਹੁੰਚੇ ਭਾਜਪਾ ਲੀਡਰਾਂ ਨੇ ਸਾਈਕਲ ਕਾਰੋਬਾਰੀਆਂ ਦੇ ਮਸਲਿਆਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਕਾਰੋਬਾਰੀਆਂ ਨੂੰ ਮਿਲਣਗੇ ਕੇਂਦਰੀ ਮੰਤਰੀ: ਸਾਇਕਲ ਕਾਰੋਬਾਰੀਆਂ ਦੇ ਧਰਨੇ ਵਿੱਚ ਗੱਲਬਾਤ ਕਰਨ ਲਈ ਭਾਜਪਾ ਦੇ ਪੰਜਾਬ ਸਕੱਤਰ ਜੀਵਨ ਗੁਪਤਾ ਅਤੇ ਲੁਧਿਆਣਾ ਦੇ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਵੀ ਵਿਸ਼ੇਸ ਤੌਰ ਉੱਤੇ ਪਹੁੰਚੇ ਹਨ। ਇਸ ਦੌਰਾਨ ਜੀਵਨ ਗੁਪਤਾ ਨੇ ਕਾਰੋਬਾਰੀਆਂ ਨੂੰ ਭਰੋਸਾ ਦਵਾਇਆ ਕਿ ਉਹ ਉਹਨਾਂ ਦੀ ਮੁਲਾਕਾਤ 18 ਜਨਵਰੀ ਨੂੰ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨਾਲ ਕਰਵਾਉਣਗੇ ਅਤੇ ਉਹਨਾਂ ਦੀਆਂ ਜੋ ਵੀ ਜਾਇਜ਼ ਮੰਗਾਂ ਹਨ ਉਨ੍ਹਾਂ ਦਾ ਹੱਲ ਜ਼ਰੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਗੁਪਤਾ ਨੇ ਕਿਹਾ ਕਿ ਕੇਂਦਰੀ ਉਦਯੋਗ ਮੰਤਰੀ ਪਿਊਸ਼ ਗੋਇਲ ਦੇਸ਼ ਤੋਂ ਬਾਹਰ ਸਨ ਅਤੇ ਉਹ ਕੱਲ੍ਹ ਹੀ ਵਾਪਸ ਆਏ ਹਨ। ਉਨ੍ਹਾਂ ਕਿਹਾ ਕਿ ਸਾਈਕਲ ਕਾਰੋਬਾਰ ਲੁਧਿਆਣਾ ਵਿੱਚ ਬਹੁਤ ਵੱਡਾ ਹੈ ਅਤੇ ਉਹਨਾਂ ਦੇ ਨਾਲ ਜੁੜੇ ਕਾਰੋਬਾਰੀਆਂ ਨਾਲ ਬੈਠਕ ਕਰਕੇ ਮੰਗਾਂ ਉੱਤੇ ਵਿਚਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੜ੍ਹੋ ਤਾਂ ਕੌਣ ਬਣਿਆ ਕਰੋੜਪਤੀ, ਆ ਗਏ ਪੰਜਾਬ ਲੋਹੜੀ ਬੰਪਰ ਦੇ ਨਤੀਜੇ
18 ਜਨਵਰੀ ਤੱਕ ਰੋਕੀ ਹੜਤਾਲ: ਭਾਜਪਾ ਸਕੱਤਰ ਦੇ ਭਰੋਸੇ ਤੋਂ ਬਾਅਦ ਫਿਲਹਾਲ ਐਸੋਸੀਏਸ਼ਨ ਦੇ ਪ੍ਰਧਾਨ ਡੀਐਸ ਚਾਵਲਾ ਵਲੋਂ 18 ਜਨਵਰੀ ਸ਼ਾਮ ਤੱਕ ਇਹ ਹੜਤਾਲ ਰੋਕਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨਾਲ ਸੁਖਾਵੇਂ ਮਾਹੌਲ ਵਿੱਚ ਮੁਲਾਕਾਤ ਹੋਵੇਗੀ। ਉਨ੍ਹਾਂ ਸਾਡੇ ਨਾਲ ਫੋਨ ਉੱਤੇ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦੇ ਨੁਮਾਇੰਦਿਆਂ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਅਤੇ ਸਾਈਕਲ ਕਾਰੋਬਾਰ ਮਸਲੇ ਦੇ ਹੱਲ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਸ ਮੁਲਾਕਾਤ ਤੋਂ ਬਾਅਦ ਜੇਕਰ ਕੋਈ ਰਸਤਾ ਨਿਕਲਦਾ ਹੈ ਅਤੇ ਸਰਕਾਰ ਕਾਰੋਬਾਰੀਆਂ ਨੂੰ ਰਾਹਤ ਦਿੰਦੀ ਹੈ ਤਾਂ ਅਸੀਂ ਮੁੜ ਤੋਂ ਭੁੱਖ ਹੜਤਾਲ ਨਹੀਂ ਕਰਾਂਗੇ। ਪਰ ਜੇਕਰ ਮਸਲੇ ਹੱਲ ਨਹੀਂ ਹੁੰਦੇ ਤਾਂ ਅਸੀਂ ਮੁੜ ਤੋਂ ਆਪਣਾ ਸਫ਼ਰ ਸ਼ੁਰੂ ਕਰਾਂਗੇ ਅਤੇ ਵਿਰੋਧ ਜਾਰੀ ਰੱਖਾਂਗੇ।