ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਕਿਸਾਨ ਮੇਲਾ ਚੱਲ ਰਿਹਾ ਹੈ। ਇਸ ਕਿਸਾਨ ਮੇਲੇ ਦਾ ਅੱਜ ਸ਼ਨੀਵਾਰ ਨੂੰ ਦੂਜਾ ਦਿਨ ਹੈ। ਇਸ ਕਿਸਾਨ ਮੇਲੇ ਵਿਚ ਜਿੱਥੇ ਵੱਖ-ਵੱਖ ਸੂਬਿਆਂ ਤੋਂ ਕਾਰੀਗਰ, ਕਿਸਾਨ, ਕੰਪਨੀਆਂ ਵੱਲੋਂ ਆਪੋ-ਆਪਣੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ। ਉੱਥੇ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਲਗਾਈ ਗਈ ਆਰਟ ਗੈਲਰੀ ਵਿੱਚ ਸਕੈਚ ਆਰਟਸ ਤੇ ਕਢਾਈ ਕਰਨ ਵਾਲੇ ਵਿਦਿਆਰਥੀਆਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੇ ਲੋਕ ਕਾਫੀ ਮੁਰੀਦ ਹੁੰਦੇ ਵਿਖਾਈ ਦਿੱਤੇ ਤੇ ਖਰੀਦਦਾਰੀ ਵੀ ਕਰਦੇ ਵਿਖਾਈ ਦਿੱਤੇ। ਇਸ ਤੋਂ ਇਲਾਵਾ ਇੰਨ੍ਹਾ ਵਿਦਿਆਰਥੀਆਂ ਵੱਲੋਂ ਲੋਕਾਂ ਦੇ ਲਾਈਵ ਸਕੈਚ ਬਣਾਉਣ ਦੀ ਪੇਸ਼ਕਸ਼ ਤੇ ਪੰਜਾਬੀ ਗਾਇਕਾਂ ਅਤੇ ਅਦਾਕਾਰਾਂ ਦੇ ਬਣਾਏ ਹੱਥੀ ਸਕੈਚ ਖਿੱਚ ਦਾ ਕੇਂਦਰ ਬਣੇ ਰਹੇ। ਇਸ ਤੋਂ ਇਲਾਵਾ ਹੱਥ ਨਾਲ ਕਢਾਈ ਕੀਤੀ ਗਈ, ਖਰੋਸ਼ੀਏ ਦੇ ਕੰਮ ਨੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਸਮੇਂ ਦੀ ਯਾਦ ਕਾਰਵਾਈ।
ਸਕੈਚ ਆਰਟਿਸਟ: ਇਸ ਮੇਲੇ ਵਿੱਚ ਸਕੈਚ ਆਰਟਸ ਹਰਮਨਦੀਪ ਸਿੰਘ ਨਾਲ ਸਾਡੀ ਈਟੀਵੀ ਭਾਰਤ ਨੇ ਗੱਲਬਾਤ ਕੀਤੀ। ਸਕੈਚ ਆਰਟਸ ਹਰਮਨਦੀਪ ਸਿੰਘ ਪੀ.ਏ.ਯੂ ਵਿੱਚ ਪਹਿਲੇ ਸਾਲ ਦਾ ਵਿਦਿਆਰਥੀ ਹੈ। ਜੋ ਕਿ ਬਠਿੰਡਾ ਦੇ ਰਹਿਣ ਵਾਲੇ ਇਸ ਵਿਦਿਆਰਥੀ ਵੱਲੋਂ ਹੱਥ ਨਾਲ ਸਕੈਚ ਬਣਾਏ ਜਾਂਦੇ ਨੇ ਅਤੇ ਲਾਈਵ ਸਕੈਚ ਵੀ ਤਿਆਰ ਕੀਤੇ ਜਾਂਦੇ ਹਨ।
ਵੱਖ-ਵੱਖ ਕਲਾਕਾਰਾਂ ਦੇ ਸਕੈਚ: ਸਕੈਚ ਆਰਟਸ ਹਰਮਨਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਸਭ ਤੋਂ ਪਹਿਲਾ ਸਕੈਚ ਪੰਜਾਬ ਗਾਇਕ ਸ਼ੈਰੀ ਮਾਨ ਦਾ ਬਣਾਇਆ ਸੀ, ਜਿਸ ਤੋਂ ਬਾਅਦ ਉਸ ਨੇ ਅਜਿਹੇ ਸੈਂਕੜੇ ਸਕੈਚ ਬਣਾਏ, ਜਿੰਨ੍ਹਾ ਨੂੰ ਲੋਕ ਕਾਫੀ ਪਸੰਦ ਕਰ ਰਹੇ ਸਨ। ਹਰਮਨਦੀਪ ਸਿੰਘ ਨੂੰ ਸ਼ੁਰੂ ਤੋਂ ਹੀ ਡਰਾਇੰਗ ਦਾ ਸ਼ੌਂਕ ਸੀ, ਉਸ ਨੇ ਪੜਾਈ ਦੇ ਨਾਲ-ਨਾਲ ਆਪਣੇ ਇਸ ਸ਼ੌਂਕ ਨੂੰ ਜਾਰੀ ਰੱਖਿਆ। ਉਨ੍ਹਾਂ ਦੱਸਿਆ ਕੇ ਇਕ ਸਕੈਚ ਬਣਾਉਣ ਲਈ 2 ਘੰਟੇ ਵੀ ਲਗ ਜਾਂਦੇ ਹਨ। ਉਸ ਨੇ ਇਕ ਸ਼ੇਰ ਦੀ ਤਸਵੀਰ ਬਣਾਈ ਹੈ, ਜਿਸ ਨੂੰ ਬਣਾਉਣ ਵਿੱਚ ਉਸ ਨੂੰ 100 ਘੰਟੇ ਦਾ ਸਮਾਂ ਲੱਗਿਆ।
ਕਢਾਈ ਤੇ ਖਰੋਸ਼ੀਏ ਦਾ ਕੰਮ: ਇਸ ਮੇਲੇ ਵਿੱਚ ਕਢਾਈ ਤੇ ਖਰੋਸ਼ੀਏ ਦਾ ਕੰਮ ਕਰਨ ਵਾਲੀ ਵਿਦਿਆਰਥਣ ਇੰਦਰਜੋਤ ਕੌਰ ਬੀ.ਐਸ.ਸੀ ਆਖਰੀ ਸਾਲ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਸ ਦੌਰਾਨ ਇੰਦਰਜੋਤ ਕੌਰ ਨੇ ਦੱਸਿਆ ਕਿ ਉਸ ਨੂੰ ਸਿਲਾਈ ਕਢਾਈ ਦਾ ਬਚਪਨ ਤੋਂ ਸ਼ੌਂਕ ਸੀ। ਜਿਸ ਕਰਕੇ ਉਸ ਨੇ ਆਪਣੀ ਮਾਤਾ ਤੋਂ ਇਹ ਗੁਣ ਸਿੱਖਿਆ ਅਤੇ ਪੜਾਈ ਦੇ ਨਾਲ ਓਹ ਇਸ ਵਿਚ ਵੀ ਹੱਥ ਅਜ਼ਮਾਉਣੀ ਰਹਿੰਦੀ ਹੈ। ਉਸ ਨੇ ਕਿਹਾ ਕਿ ਹੱਥ ਨਾਲ ਬਣਾਏ ਗਏ ਸਮਾਨ ਨੂੰ ਦੇਖ ਕੇ ਬਜ਼ੁਰਗ ਕਾਫੀ ਖੁਸ਼ ਵਿਖਾਈ ਦਿੱਤੇ।
ਹੱਥੀ ਬਣਿਆ ਸਮਾਨ ਲੋਕਾਂ ਨੇ ਜ਼ਿਆਦਾ ਖਰੀਦਿਆ: ਇੰਦਰਜੋਤ ਕੌਰ ਨੇ ਕਿਹਾ ਕਿ ਕੋਈ ਸਮਾਂ ਹੁੰਦਾ ਸੀ, ਜਦੋਂ ਘਰ ਦੀ ਧੀਆਂ ਨੂੰ ਵਿਆਹ ਦੇ ਸਮੇਂ ਖਰੋਸ਼ੀਏ ਨਾਲ ਬਣਿਆ ਸਮਾਨ ਹੱਥ ਨਾਲ ਕੱਢੀਆਂ ਚਾਦਰਾਂ, ਛਾਰਤ ਆਦਿ ਨਾਲ ਦਿੱਤੇ ਜਾਂਦੇ ਸਨ। ਉਹਨਾਂ ਕਿਹਾ ਕਿ ਹੱਥ ਨਾਲ ਬਣਾਏ ਇਸ ਸਮਾਨ ਨੂੰ ਲੋਕਾਂ ਨੇ ਵੱਧ ਚੜ੍ਹ ਕੇ ਖਰੀਦਿਆ। ਇਸ ਮੌਕੇ ਇੰਦਰਜੋਤ ਕੌਰ ਨੇ ਕਿਹਾ ਕਿ ਇਹ ਸਾਡੇ ਸੱਭਿਆਚਾਰ ਅਤੇ ਵਿਰਸੇ ਦਾ ਅਹਿਮ ਹਿੱਸਾ ਹੈ ਅਤੇ ਕਰਕੇ ਉਸ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣਾ ਜਰੂਰੀ ਹੈ। ਕਿਉਂਕਿ ਮੋਬਾਈਲ ਦੇ ਯੁੱਗ ਵਿੱਚ ਸਾਡੀ ਪੀੜ੍ਹੀ ਸਾਡੀ ਆਪਣੀ ਹੀ ਵਿਰਾਸਤ ਨੂੰ ਭੁੱਲਦੀ ਜਾ ਰਹੀ ਹੈ।
ਇਹ ਵੀ ਪੜੋ: Farmers Fair: ਦੋ ਰੋਜ਼ਾ ਕਿਸਾਨ ਮੇਲੇ ਦੀ ਸ਼ੁਰੂਆਤ, ਪਾਣੀ ਬਚਾਉਣ ਅਤੇ ਵਧੇਰੇ ਝਾੜ ਲੈਣਾ ਹੈ ਇਸ ਵਾਰ ਦਾ ਵਿਸ਼ਾ