ਲੁਧਿਆਣਾ : ਲੁਧਿਆਣਾ ਦੇ ਸਾਹਨੇਵਾਲ ਦਾ ਕਿਸਾਨ ਭਲਵਿੰਦਰ ਸਿੰਘ ਝੋਨੇ ਤੇ ਕਣਕ ਦੀ ਫ਼ਸਲ ਦੇ ਗੇੜ ਨੂੰ ਪਿੱਛੇ ਛੱਡ ਕੇ ਸਬਜ਼ੀਆਂ ਦੀ ਕਾਸ਼ਤ ਕਰ ਰਿਹਾ ਹੈ। ਸਾਹਨੇਵਾਲ ਸਥਿਤ ਨਾਮਧਾਰੀ ਫਾਰਮ ਵਿਚ ਕਿਸਾਨ ਭਲਵਿੰਦਰ ਸਿੰਘ 300 ਏਕੜ ਅੰਦਰ ਸਬਜ਼ੀਆਂ ਦੀ ਕਾਸ਼ਤ ਕਰ ਰਿਹਾ ਹੈ, ਜਿਸ ਵਿਚ ਸਟ੍ਰਾਬੇਰੀ ਤੋਂ ਇਲਾਵਾ ਮਟਰ, ਸ਼ਿਮਲਾ ਮਿਰਚ, ਬ੍ਰੋਕਲੀ ਅਤੇ ਹੋਰ ਅਜਿਹੀਆਂ ਸਬਜ਼ੀਆਂ ਉਗਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਮੰਡੀਆਂ ਦੇ ਵਿਚ ਅਕਸਰ ਹੀ ਵਧੇਰੇ ਮੰਗ ਰਹਿੰਦੀ ਹੈ। ਇਸ ਫਾਰਮ ਵਿੱਚ ਮੁੱਖ ਤੌਰ ਤੇ ਸਟ੍ਰਾਬੇਰੀ, ਮਟਰ ਅਤੇ ਸ਼ਿਮਲਾ ਮਿਰਚ ਦੀਆਂ ਵੱਖ-ਵੱਖ ਕਿਸਮਾਂ ਲਗਾਈਆਂ ਜਾਂਦੀਆਂ ਹਨ।
ਵਿਦੇਸ਼ਾਂ ਵਿਚ ਐਕਸਪੋਰਟ ਹੁੰਦੀਆਂ ਨੇ ਸਬਜ਼ੀਆਂ : ਇਸ ਫ਼ਰਮ ਦੇ ਵਿੱਚ ਤਿਆਰ ਕੀਤੇ ਗਏ ਫ਼੍ਰੋਜ਼ਨ ਮਟਰ ਵਿਦੇਸ਼ਾਂ ਵਿੱਚ ਵੀ ਐਕਸਪੋਰਟ ਕੀਤੇ ਜਾਂਦੇ ਹਨ। ਸਬਜ਼ੀਆਂ ਤੇ ਅਜਿਹੇ ਕੀਟਨਾਸ਼ਕ ਤੇ ਸਪਰੇਅ ਵਰਤੇ ਜਾਂਦੇ ਹਨ ਜਿਨ੍ਹਾਂ ਦਾ ਮਨੁੱਖੀ ਸਿਹਤ ਤੇ ਕੋਈ ਅਸਰ ਨਹੀ ਹੁੰਦਾ। ਫਾਰਮ ਚ 300 ਲੋਕਾਂ ਨੂੰ ਰੋਜਗਾਰ ਮਿਲਿਆ ਹੈ ਜਿਨ੍ਹਾ ਚ ਜ਼ਿਆਦਤਰ ਮਹਿਲਾਵਾਂ ਹਨ। 200 ਮਹਿਲਾਵਾਂ ਨੂੰ ਇਥੇ ਰੋਜ਼ਗਾਰ ਦਿੱਤਾ ਹੈ। ਇਸ ਫਾਰਮ ਚ ਆਪਣਾ ਕੋਲਡ ਸਟੋਰ ਹੈ ਜੋਕਿ ਸਬਜ਼ੀਆਂ ਦੀ ਸੈਲਫ਼ ਲਾਈਫ ਵਧਾਉਣ ਦੇ ਵਿਚ ਮਦਦ ਕਰਦਾ ਹੈ।
ਕਣਕ ਝੋਨੇ ਫ਼ਸਲੀ ਚੱਕਰ ਤੋਂ ਦੂਰ : ਕਣਕ-ਝੋਨੇ ਦੇ ਫ਼ਸਲੀ ਚੱਕਰ ਚੋਂ ਨਾਮਧਾਰੀ ਫਾਰਮ ਵਧੇਰੇ ਦੂਰ ਹੈ, ਘੱਟ ਪਾਣੀ ਦੀ ਵਰਤੋਂ ਦੇ ਨਾਲ ਸਬਜ਼ੀਆ ਉਗਾ ਕੇ ਜ਼ਿਆਦਾ ਮੁਨਾਫ਼ਾ ਲਿਆ ਜਾ ਰਿਹਾ ਹੈ। ਇਸ ਫਾਰਮ ਦੇ ਵਿੱਚ ਸਬਜ਼ੀਆਂ ਹੀ ਉਗਾਈਆਂ ਜਾਂਦੀਆਂ ਹਨ ਅਤੇ ਫਾਰਮ ਨੂੰ ਅਪਣਾ ਆਊਟਲੇਟ ਵੀ ਖੋਲ੍ਹਿਆ ਗਿਆ ਹੈ। ਇਸ ਤੋਂ ਇਲਾਵਾ ਬੰਗਲੁਰੂ ਵਿੱਚ ਵੀ ਇੱਕ ਦਫ਼ਤਰ ਬਣਾਇਆ ਗਿਆ ਹੈ। ਪੂਰੇ ਭਾਰਤ ਦੇ ਵਿਚ ਇਥੋਂ ਦੀ ਸਟ੍ਰਾਬੇਰੀ ਸਪਲਾਈ ਹੁੰਦੀ ਹੈ। ਵਿਦੇਸ਼ੀ ਕਿਸਮਾਂ ਦੀ ਸਟਰਾਬੇਰੀ ਸਿਰਫ ਨਾਮਧਾਰੀ ਫਾਰਮ ਦੇ ਵਿੱਚ ਹੀ ਹੁੰਦੀ, ਜਿਸ ਦੀ ਪੈਕਿੰਗ ਕਰਨ ਤੋਂ ਬਾਅਦ ਉਸ ਨੂੰ ਵੇਚਿਆ ਜਾਂਦਾ ਹੈ ਅਤੇ ਐਕਸਪੋਰਟ ਵੀ ਕੀਤਾ ਜਾ ਰਿਹਾ ਹੈ। 200 ਰੁਪਏ ਕਿੱਲੋ ਤੱਕ ਸਟ੍ਰਾਬੇਰੀ ਵਿਕ ਰਹੀ ਹੈ ਜਿਸ ਤੋਂ ਕਿਸਾਨ ਭਲਵਿੰਦਰ ਨੂੰ ਕਾਫੀ ਮੁਨਾਫ਼ਾ ਹੋ ਰਿਹਾ ਹੈ।
ਸ਼ਿਮਲਾ ਮਿਰਚ ਅਤੇ ਮਟਰ ਦੀ ਕਿਸਮ : ਨਾਮਧਾਰੀ ਫਾਰਮ ਵਿੱਚ ਚਾਰ ਕਿਸਮ ਦੀ ਸ਼ਿਮਲਾ ਮਿਰਚ ਲਗਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਦੇ ਵਿੱਚ ਇਹੋ ਜਿਹੀ ਸ਼ਿਮਲਾ ਮਿਰਚ ਦੀ ਕਾਸ਼ਤ ਕਿਤੇ ਨਹੀਂ ਹੋ ਰਹੀ। ਉਨ੍ਹਾਂ ਵੱਲੋਂ ਬੀਜ ਵੀ ਖੁਦ ਹੀ ਤਿਆਰ ਕੀਤੇ ਜਾਂਦੇ ਹਨ, ਬੰਗਲੁਰੂ ਦਫ਼ਤਰ ਵਿਚ ਹਾਈ ਬ੍ਰੀਡ ਬੀਜਾਂ ਦੀ ਵਿਕਰੀ ਕੀਤੀ ਜਾਂਦੀ ਹੈ। ਲਾਲ, ਪੀਲੀ, ਸੰਤਰੀ ਅਤੇ ਰਿਵਾਇਤੀ ਹਰੇ ਰੰਗ ਦੀ ਸ਼ਿਮਲਾ ਮਿਰਚ ਉਨ੍ਹਾਂ ਦੇ ਫਾਰਮ ਦੇ ਵਿੱਚ ਲੱਗਦੀ ਹੈ। ਲਾਲ, ਪੀਲੀ ਅਤੇ ਸੰਤਰੀ ਸ਼ਿਮਲਾ ਮਿਰਚ ਦੀ ਵਿਦੇਸ਼ਾਂ ਵਿੱਚ ਵੀ ਕਾਫ਼ੀ ਡਿਮਾਂਡ ਰਹਿੰਦੀ ਹੈ। ਗਰੀਨ ਚਿੱਲੀ ਯੂ ਕੇ ਅਤੇ ਆਸਟ੍ਰੇਲੀਆ ਦੇ ਵਿੱਚ ਵੀ ਐਕਸਪੋਰਟ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਫਾਰਮ ਦੇ ਵਿਚ ਵੱਡੀ ਗਿਣਤੀ ਅੰਦਰ ਹਰੇ ਮਟਰਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਜਿਨ੍ਹਾ ਨੂੰ ਕੋਲਡ ਸਟੋਰ ਤੇ ਰੱਖਿਆ ਜਾਂਦਾ ਹੈ ਅਤੇ ਫਿਰ ਉਨ੍ਹਾ ਦੀ ਸ਼ੈਲਫ਼ ਲਾਈਫ ਵਧਾਈ ਜਾਂਦੀ ਹੈ, ਜਿਸ ਨੂੰ ਕੇ ਬਾਅਦ ਦੇ ਵਿੱਚ ਵੀ ਵਰਤੋਂ ਚ ਲਿਆਂਦਾ ਜਾ ਸਕਦਾ ਹੈ।
ਪੈਕਿੰਗ ਦਾ ਵੱਖਰਾ ਸੈਕਸ਼ਨ : ਨਾਮਧਾਰੀ ਫਾਰਮ ਦੇ ਵਿੱਚ ਪੈਕਿੰਗ ਲਈ ਵੱਖਰਾ ਸੈਕਸ਼ਨ ਹੈ ਜਿਸ ਦੀ ਦੇਖ ਰੇਖ ਸਾਹਿਬ ਸਿੰਘ ਵੱਲੋਂ ਕੀਤੀ ਜਾਂਦੀ ਹੈ ਉਨ੍ਹਾਂ ਕਿਹਾ ਕਿ ਫਸਲ ਦੇ ਮੁਤਾਬਕ ਉਹਨਾਂ ਦੀ ਪੈਕਿੰਗ ਕੀਤੀ ਜਾਂਦੀ ਹੈ। ਉਨ੍ਹਾਂ ਕੋਲ ਆਪਣਾ ਕੋਲਡ ਸਟੋਰ ਹੈ ਇਸ ਦੇ ਇਲਾਵਾ ਉਨ੍ਹਾਂ ਵੱਲੋਂ ਪੈਕ ਕੀਤੀਆਂ ਗਈਆਂ ਸਬਜ਼ੀਆਂ ਵਿਦੇਸ਼ਾਂ ਵਿੱਚ ਵੀ ਸਪਲਾਈ ਕੀਤੀਆਂ ਜਾਂਦੀਆਂ ਹਨ ਇਸ ਕਰਕੇ ਉਸ ਮੁਤਾਬਕ ਚੈਕਿੰਗ ਕੀਤੀ ਜਾਂਦੀ ਹੈ ਉਨ੍ਹਾਂ ਦੱਸਿਆ ਕਿ ਸਾਡਾ ਪੈਕ ਹਾਊਸ ਬੀ ਆਰ ਸੀ ਸਰਟੀਫਾਈਡ ਹੈ ਜੋ ਕਿ ਕੌਮਾਂਤਰੀ ਸਟੈਂਡਰਡ ਨੂੰ ਮੈਂਟੇਨ ਕਰਕੇ ਰੱਖਦਾ ਹੈ। ਸਾਹਿਬ ਸਿੰਘ ਨੇ ਕਿਹਾ ਕਿ ਨੌਜਵਾਨ ਜਿਹੜੇ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ ਓਹ ਇਥੇ ਰਹਿ ਕੇ ਘਟ ਜ਼ਮੀਨ ਚ ਵਧ ਮੇਹਨਤ ਕਰਕੇ ਕਾਫੀ ਫਾਇਦਾ ਕਮਾ ਸਕਦੇ ਨੇ।
ਨਾਮਧਾਰੀ ਫਾਰਮ ਦੇ ਨੇਮ : ਨਾਮਧਾਰੀ ਫਾਰਮ ਵੱਲੋਂ ਕੁਝ ਨਿਯਮ ਵੀ ਬਣਾਏ ਗਏ ਹਨ ਜਿਨ੍ਹਾਂ ਨੂੰ ਫਾਰਮ ਵਿੱਚ ਕੰਮ ਕਰਨ ਵਾਲਿਆਂ ਨੂੰ ਮੰਨਣਾ ਪੈਂਦਾ ਹੈ ਜਿਸ ਵਿਚ ਉਹਨਾਂ ਦਾ ਵੀ ਫਾਇਦਾ ਹੈ ਅਤੇ ਗ੍ਰਾਹਕਾਂ ਦਾ ਵੀ ਫਾਇਦਾ ਹੈ। ਜਿਸ ਦੇ ਤਹਿਤ ਕੰਮ ਦੇ ਦੌਰਾਨ ਤੰਬਾਕੂ ਆਦਿ ਦੇ ਸੇਵਨ ਤੋਂ ਸਖ਼ਤ ਮਨਾਹੀ ਹੈ। ਪਖਾਨੇ ਜਾਣ ਤੋਂ ਬਾਅਦ ਜਾਂ ਕੰਮ ਤੇ ਆਉਣ ਸਮੇਂ ਹੱਥ ਚੰਗੀ ਤਰਾਂ ਸਾਫ ਕਰਨੇ ਪੈਂਦੇ ਨੇ। ਤੋੜੀ ਹੋਈ ਸਬਜ਼ੀ ਛਾਵਾਂ ਚ ਰੱਖਣੀ ਲਾਜ਼ਮੀ ਹੈ, ਇਸ ਤੋਂ ਇਲਾਵਾ ਕਿਸੇ ਵੀ ਬਿਮਾਰ ਮਜਦੂਰ ਦੇ ਕੰਮ ਤੇ ਆਉਣ ਦੀ ਸਖ਼ਤ ਮਨਾਹੀ ਹੈ। ਸਪਰੇਅ ਕਰਨ ਤੋਂ 24 ਘੰਟੇ ਤੱਕ ਸਬਜ਼ੀਆਂ ਤੋੜਨ ਦੀ ਸਾਫ ਮਨਾਹੀ ਹੈ। ਸਵਚਤਾ ਅਤੇ ਹਾਇਜਿਨ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ ਤਾਂਕਿ ਲੋਕਾਂ ਨੂੰ ਚੰਗੀਆਂ, ਬਿਮਾਰੀ ਰਹਿਤ ਸਾਫ ਸੁਥਰੀਆਂ ਸਬਜ਼ੀਆਂ ਮੁਹਈਆ ਕਰਵਾਇਆ ਜਾ ਸਕਣ।