ਲੁਧਿਆਣਾ: ਦੇਸ਼ ਭਰ ਦੇ ਨਾਲ ਨਾਲ ਅੱਜ ਪੰਜਾਬ ਦੇ ਵਿੱਚ ਵੀ ਕੋਰੋਨਾ ਟੀਕਾਕਰਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਹੋ ਗਈ ਹੈ, ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਵੱਲੋਂ ਟੀਕਾਕਰਨ ਦੀ ਸ਼ੁਰੂਆਤ ਕਰਵਾਈ ਗਈ। ਦੂਜੇ ਪੜਾਅ ’ਚ ਬਜ਼ੁਰਗਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਲੋਕ ਮੋਬਾਇਲ ਐਪ ਰਾਹੀਂ ਰਜਿਸਟ੍ਰੇਸ਼ਨ ਨਹੀਂ ਕਰਵਾ ਪਾ ਰਹੇ ਤਾਂ ਉਹ ਸਿੱਧਾ ਹਸਪਤਾਲ ਆ ਕੇ ਆਪਣਾ ਮੋਬਾਇਲ ਨੰਬਰ ਅਤੇ ਆਈਡੀ ਪਰੂਫ਼ ਦੇ ਕੇ ਸਿੱਧਾ ਟੀਕਾਕਰਨ ਕਰਵਾ ਸਕਦੇ ਹਨ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਸੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਦੇਸ਼ ਭਰ ’ਚ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ 60 ਸਾਲ ਤੋਂ ਉੱਪਰ ਦੀ ਉਮਰ ਦੇ ਬਜ਼ੁਰਗ ਸਰਕਾਰੀ ਜਾਂ ਨਿੱਜੀ ਹਸਪਤਾਲਾਂ ਵਿੱਚ ਟੀਕਾਕਰਨ ਲਗਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਵਿਚ ਇਹ ਵੈਕਸੀਨ ਬਿਲਕੁਲ ਮੁਫ਼ਤ ਹੈ ਜਦੋਂਕਿ ਨਿੱਜੀ ਹਸਪਤਾਲਾਂ ਵਿੱਚ ਇਸ ਲਈ 250 ਰੁਪਏ ਦੀ ਫੀਸ ਰੱਖੀ ਗਈ ਹੈ। ਜਿਸ ਵਿੱਚ 150 ਰੁਪਏ ਵੈਕਸੀਨ ਦੀ ਫੀਸ ਹੈ ਜਦੋਂਕਿ 100 ਰੁਪਏ ਸਰਵਿਸ ਟੈਕਸ ਲਈ ਰੱਖੇ ਗਏ ਹਨ।
ਉਨ੍ਹਾਂ ਕਿਹਾ ਕਿ ਇਸ ਨੂੰ ਸਰਲ ਅਤੇ ਸੌਖਾ ਬਣਾਇਆ ਗਿਆ ਹੈ ਲੋਕ ਘਰੇ ਬਹਿ ਕੇ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਇਸ ਤੋਂ ਇਲਾਵਾ ਜੇਕਰ ਕੋਈ 45 ਸਾਲ ਤੋਂ ਉੱਤੇ ਹੈ ਅਤੇ ਗੰਭੀਰ ਬੀਮਾਰੀ ਨਾਲ ਪੀੜ੍ਹਤ ਹੈ ਤਾਂ ਉਹ ਰੋਗੀ ਆਪਣਾ ਸਰਟੀਫ਼ਿਕੇਟ ਵਿਖਾ ਕੇ ਵੀ ਟੀਕਾ ਲਗਵਾ ਸਕਦੇ ਹਨ।