ਲੁਧਿਆਣਾ : ਪੰਜਾਬ 'ਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋਣ ਤੋਂ ਬਾਅਦ ਲੁਧਿਆਣਾ ਦੇ ਬੁੱਢੇ ਨਾਲੇ ਦੇ ਗੰਦੇ ਪਾਣੀ ਨੇ ਵੀ ਕਹਿਰ ਕੀਤਾ ਹੋਇਆ ਹੈ।ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਰਿਹਾ ਹੈ ਅਤੇ ਇਸ ਤੋਂ ਗੁੱਸੇ ਵਿੱਚ ਆ ਕੇ ਲੋਕਾਂ ਨੇ ਸ਼ਿੰਗਾਰ ਸਿਨੇਮਾ ਮੁੱਖ ਰੋਡ ਜਾਮ ਕਰ ਦਿੱਤੀ। ਲੋਕਾਂ ਨੇ ਸੜਕ ਦੇ ਦੋਵੇਂ ਪਾਸੇ ਸੰਗਲ ਲਾ ਦਿੱਤੇ ਅਤੇ ਸਰਕਾਰ ਦੇ ਖਿਲਾਫ ਖੂਬ ਨਾਅਰੇਬਾਜੀ ਕੀਤੀ ਹੈ। ਮੌਕੇ ਉੱਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਸ ਸਬੰਧੀ ਸਬੰਧਿਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਲੋਕਾਂ ਨੇ ਕਿਹਾ ਕਿ ਪਾਣੀ ਨਿਕਾਸੀ ਦਾ ਮੁਕੰਮਲ ਪ੍ਰਬੰਧ ਕੀਤਾ ਜਾਵੇ।
ਬਿਮਾਰੀਆਂ ਵੰਡ ਰਿਹਾ ਗੰਦਾ ਪਾਣੀ : ਇਸ ਦੌਰਾਨ ਭੜਕੇ ਲੋਕਾਂ ਨੇ ਪੁਲਿਸ ਨਾਲ ਵੀ ਬਹਿਸ ਕੀਤੀ ਅਤੇ ਸਥਾਨਕ ਐੱਮਐੱਲਏ ਦੇ ਖਿਲਾਫ ਵੀ ਨਾਅਰੇਬਾਜੀ ਕੀਤੀ ਹੈ। ਲੋਕਾਂ ਦਾ ਕਹਿਣਾ ਸੀ ਕਿ ਗੰਦੇ ਨਾਲੇ ਦਾ ਪਾਣੀ ਉਨ੍ਹਾਂ ਨੂੰ ਬਿਮਾਰ ਕਰ ਰਿਹਾ ਹੈ। ਹਾਲਾਤ ਇਹ ਹਨ ਕਿ ਘਰਾਂ ਵਿੱਚ ਬਹਿ ਕੇ ਖਾਣਾ ਖਾਣ ਤੋਂ ਵੀ ਪਰੇਸ਼ਾਨ ਹੋ ਰਹੇ ਹਨ। ਘਰਾਂ ਅੰਦਰ ਪਿਆ ਸਾਰਾ ਸਮਾਨ ਖਰਾਬ ਹੋ ਗਿਆ ਹੈ। ਲੋਕਾਂ ਨੇ ਇਲਜਾਮ ਲਾਇਆ ਕਿ ਲੀਡਰ ਸਿਰਫ ਬਿਆਨਬਾਜੀ ਕਰ ਰਹੇ ਹਨ।
ਪੁਲਿਸ ਨੇ ਕੀ ਕਿਹਾ : ਉਧਰ ਮੌਕੇ ਉੱਤੇ ਮੌਜੂਦ ਐੱਚਐੱਚਓ ਸੰਜੀਵ ਕਪੂਰ ਨੇ ਕਿਹਾ ਕਿ ਲੋਕਾਂ ਨੇ ਜਾਮ ਲਾਇਆ ਹੈ ਅਤੇ ਇਸ ਬਾਰੇ ਸਬੰਧਿਤ ਮਹਿਕਮੇ ਨੂੰ ਦੱਸ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ। ਇਸ ਦੌਰਾਨ ਆਮ ਲੋਕ ਖੱਜਲ ਖੁਆਰ ਹੁੰਦੇ ਵਿਖਾਈ ਦਿੱਤੇ। ਕਈ ਲੋਕਾਂ ਨੇ ਜਰੂਰੀ ਕੰਮ ਜਾਣਾ ਸੀ, ਉਨ੍ਹਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੁਧਿਆਣਾ ਕੇਂਦਰੀ ਦੇ ਐੱਮਐੱਲਏ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਅਸੀਂ ਬੀਤੇ ਕਈ ਦਿਨਾਂ ਤੋਂ ਇਸ ਕੰਮ ਵਿੱਚ ਲੱਗੇ ਹੋਏ ਹਾਂ। ਇਹ ਕੁਦਰਤੀ ਕਰੋਪੀ ਹੈ ਅਤੇ ਅਸੀਂ ਲੋਕਾਂ ਦੇ ਘਰਾਂ ਤੱਕ ਖਾਣਾ ਵੀ ਪਹੁੰਚਾ ਰਹੇ ਹਾਂ। ਉਨ੍ਹਾਂ ਕਿਹਾ ਕਿ ਉਹ ਖੁਦ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਰਹੇ ਨੇ। ਉਨ੍ਹਾਂ ਕਿਹਾ ਨੇ ਅਸੀਂ ਲੋਕਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।