ਲੁਧਿਆਣਾ : ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਐਨਆਰਆਈ ਭਰਾਵਾਂ ਦੀ ਮਦਦ ਦੇ ਲਈ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੀ, ਜਿਸ ਨੂੰ ਬਕਾਇਦਾ ਸਰਕਾਰੀ ਸਾਈਟਾਂ ਉਤੇ ਪ੍ਰਦਰਸ਼ਿਤ ਕੀਤਾ ਗਿਆ ਸੀ ਪਰ ਹੁਣ ਇਹ ਹੈਲਪ ਲਾਈਨ ਨੰਬਰ ਲੁਧਿਆਣਾ ਦੇ ਵਿਦਿਆਰਥੀ ਕਬੀਰ ਲਈ ਸਿਰਦਰਦੀ ਬਣ ਗਿਆ ਹੈ, ਦਰਅਸਲ ਸਰਕਾਰ ਵਲੋਂ ਜਿਹੜਾ ਨੰਬਰ ਜਾਰੀ ਕੀਤਾ ਗਿਆ ਓਹ ਨੰਬਰ ਲੁਧਿਆਣਾ ਦੇ ਵਿਦਿਆਰਥੀ ਦਾ ਹੈ, 81949000** ਇਹ ਨੰਬਰ ਸਰਕਾਰ ਵਲੋਂ 21 ਅਪ੍ਰੈਲ ਨੂੰ ਜਾਰੀ ਕੀਤਾ ਗਿਆ ਸੀ। ਇਸ ਨੰਬਰ ਉਤੇ ਰੋਜ਼ਾਨਾ ਸੈਂਕੜੇ ਕਾਲ ਅਤੇ ਮੈਸੇਜ ਆਉਂਦੇ ਨੇ ਜਿਹੜੇ ਕੇ ਲੁਧਿਆਣਾ ਵਾਸੀ ਕਬੀਰ ਨੂੰ ਆ ਰਹੇ ਹਨ।
ਸੈਂਕੜੇ ਫੋਨ ਆਉਣ ਕਾਰਨ ਨੌਜਵਾਨ ਪਰੇਸ਼ਾਨ : ਕਬੀਰ ਨੇ ਦੱਸਿਆ ਕਿ ਇਹ ਨੰਬਰ ਉਸ ਕੋਲ ਕਾਫੀ ਪੁਰਾਣਾ ਹੈ ਅਤੇ ਉਸ ਨੂੰ ਜਦੋਂ ਪਹਿਲਾਂ ਇਕ ਦੋ ਵਾਰ ਫੋਨ ਆਏ ਤਾਂ ਉਸ ਨੂੰ ਲੱਗਾ ਕੇ ਇਹ ਗਲਤ ਨੰਬਰ ਕਿਸੇ ਨੇ ਕਰ ਦਿੱਤਾ ਪਰ ਜਦੋਂ ਰੋਜ਼ਾਨਾ ਹੀ ਉਸ ਨੂੰ ਫੋਨ ਆਉਣ ਲੱਗ ਗਏ ਅਤੇ ਲੋਕਾਂ ਸੁਨੇਹੇ ਆਉਣ ਲੱਗ ਗਏ ਤਾਂ ਉਸ ਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਉਸ ਦਾ ਨੰਬਰ ਕਿਸੇ ਸਰਕਾਰੀ ਮਦਦ ਲਈ ਦੇ ਦਿੱਤਾ ਗਿਆ ਹੈ। ਉਨ੍ਹਾ ਕਿਹਾ ਕਿ ਉਹ ਬਹੁਤ ਪ੍ਰੇਸ਼ਾਨ ਹੈ। ਉਸ ਦਾ ਫੋਨ ਦਿਨ ਰਾਤ ਚਲਦਾ ਰਹਿੰਦਾ ਹੈ ਉਸ ਨੂੰ ਜਦੋਂ ਕਿਸੇ ਨੇ ਫੋਨ ਕਰਨਾ ਹੁੰਦਾ ਹੈ ਤਾਂ ਇਸ ਦਾ ਨੰਬਰ ਵਿਅਸਥ ਆਉਂਦਾ ਰਹਿੰਦਾ ਹੈ।
ਇਹ ਵੀ ਪੜ੍ਹੋ : ਅਰੁਣਾਚਲ ਪ੍ਰਦੇਸ਼ 'ਚ ਗੁਰੂਦੁਆਰਾ ਗੁਰੂ ਨਾਨਕ ਤਪੋ ਅਸਥਾਨ ਨੂੰ ਬੋਦੀ ਅਸਥਾਨ ਵਿੱਚ ਕੀਤਾ ਤਬਦੀਲ, ਜਥੇਦਾਰ ਨੇ ਦਿੱਤਾ ਤਿੱਖਾ ਪ੍ਰਤੀਕਰਮ
ਜ਼ਰੂਰਤ ਤੋਂ ਜ਼ਿਆਦਾ ਫੋਨ ਆਉਣ ਕਾਰਨ ਨੌਜਵਾਨ ਦਾ ਕਾਰੋਬਾਰ ਵੀ ਪ੍ਰਭਾਵਿਤ : ਹੈਲਪਲਾਈਨ ਨੰਬਰ ਹੋਣ ਕਰਕੇ ਉਸ ਦਾ ਫੋਨ ਸਿੱਧਾ ਨਹੀਂ ਲੱਗਦਾ, ਉਨ੍ਹਾ ਦੱਸਿਆ ਕਿ ਹੁਣ ਤੱਕ ਉਸ ਨੂੰ 600 ਤੋਂ ਵੱਧ ਕਾਲ ਮੈਸੇਜ ਆ ਚੁੱਕੇ ਨੇ ਉਸ ਦਾ ਫ਼ੋਨ ਸਹੀ ਤਰ੍ਹਾਂ ਨਹੀਂ ਚੱਲ ਪਾ ਰਿਹਾ, ਹਾਲਾਂਕਿ ਅਜਿਹਾ ਕਿਉਂ ਹੋਇਆ ਉਸ ਨੂੰ ਖੁਦ ਨਹੀਂ ਪਤਾ। ਕਿਸੇ ਤਕਨੀਕੀ ਗਲਤੀ ਕਰਕੇ ਇਹ ਨੰਬਰ ਜਾਰੀ ਕੀਤਾ ਗਿਆ ਜਾਂ ਸਰਕਾਰ ਕੰਪਨੀ ਨੂੰ ਪਤਾ ਹੀ ਨਹੀਂ ਸੀ ਕਿ ਇਹ ਨੰਬਰ ਚੱਲ ਰਿਹਾ ਸੀ ਜਾਂ ਨਹੀਂ, ਇਹ ਵੀ ਜਾਂਚ ਦਾ ਵਿਸ਼ਾ ਹੈ। ਉਨ੍ਹਾ ਦੱਸਿਆ ਕਿ ਸਬੰਧਿਤ ਮਹਿਕਮੇ ਕੋਲ ਵੀ ਉਹ ਜਾ ਕੇ ਆਇਆ ਹੈ ਅਤੇ ਪੁਲਿਸ ਕੋਲ ਵੀ ਉਸ ਨੇ ਪਹੁੰਚ ਕੀਤੀ ਸੀ। ਕਬੀਰ ਦੇ ਪਿਤਾ ਨੇ ਕਿਹਾ ਕੇ ਇਸ ਨਾਲ ਸਾਡਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਕਬੀਰ ਲੁਧਿਆਣਾ ਦੇ ਮਾਡਲ ਟਾਊਨ ਦੇ ਏ ਬਲਾਕ ਦਾ ਨਿਵਾਸੀ ਹੈ ਅਤੇ ਉਨ੍ਹਾ ਦੇ ਪਿਤਾ ਦੀ ਕੱਪੜੇ ਦੀ ਦੁਕਾਨ ਹੈ।