ਲੁਧਿਆਣਾ: ਕਾਰੋਬਾਰੀਆਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਤਰ੍ਹਾਂ ਕਨੂੰਨ ਵਿਵਸਥਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਅਜਿਹੇ ਵਿੱਚ ਨਵੇਂ ਨਿਵੇਸ਼ਕਾਂ ਦਾ ਪੰਜਾਬ ਦੇ ਅੰਦਰ ਨਿਵੇਸ਼ ਕਰਨਾ ਕਾਫ਼ੀ ਮੁਸ਼ਕਿਲ ਵੀ ਹੈ ਅਤੇ ਜਿਹੜੇ ਪੁਰਾਣੇ ਕਾਰੋਬਾਰੀ ਹਨ। ਜੇਕਰ ਉਹ ਵੀ ਪੰਜਾਬ ਦੇ ਵਿਚ ਟਿਕੇ ਰਹਿਣ ਤਾਂ ਇਹ ਇੱਕ ਬਹੁਤ ਵੱਡੀ ਸਰਕਾਰ ਦੀ ਉਪਲਬਧੀ ਹੋਵੇਗੀ। ਲੁਧਿਆਣਾ ਦੇ ਸਨਅਤਕਾਰਾਂ ਦੇ ਨਾਲ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੀ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਨੂੰਨ ਵਿਵਸਥਾ ਨਾ ਹੋਣ ਦੀ ਗੱਲ ਕਹੀ ਹੈ ਅਤੇ ਨਾਲ ਹੀ ਕਿਹਾ ਹੈ ਕਿ ਪੰਜਾਬ ਪੁਲਿਸ ਦਾ ਆਤਮ ਵਿਸ਼ਵਾਸ ਪੰਜਾਬ ਸਰਕਾਰ ਨੇ ਖਤਮ ਕਰ ਦਿੱਤਾ ਹੈ।
ਨਿਵੇਸ਼ ਪੰਜਾਬ ਉੱਤੇ ਸਵਾਲ: ਪੰਜਾਬ ਦੇ ਵਿੱਚ ਮੁਹਾਲੀ ਅੰਦਰ ਕਰਵਾਏ ਗਏ ਨਿਵੇਸ਼ ਪੰਜਾਬ ਮਿਲਣੀ 2023 ਦੇ ਦੌਰਾਨ ਹੀ ਅਜਨਾਲਾ ਪੁਲਿਸ ਸਟੇਸ਼ਨ ਦੇ ਵਿੱਚ ਅੰਮ੍ਰਿਤਪਾਲ ਦੀ ਅਗਵਾਈ ਦੇ ਵਿੱਚ ਹੋਏ ਹੰਗਾਮੇ ਕਰਕੇ ਜਿੱਥੇ ਵਿਰੋਧੀ ਪਾਰਟੀਆਂ ਨੇ ਸਵਾਲ ਖੜ੍ਹੇ ਕੀਤੇ ਉਥੇ ਹੀ ਲੁਧਿਆਣਾ ਤੋਂ ਸਾਈਕਲ ਪਾਰਟਸ ਹੰਡਾਵੇ ਕਾਰੋਬਾਰੀ ਅਵਤਾਰ ਸਿੰਘ ਭੋਗਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਨਿਵੇਸ਼ ਪੰਜਾਬ ਦੀ ਗੱਲ ਕਰ ਰਹੇ ਨੇ ਜਦੋਂ ਕਿ ਕਿਸੇ ਵੀ ਇੰਡਸਟਰੀ ਨੂੰ ਨਿਵੇਸ਼ ਕਰਨ ਤੋਂ ਪਹਿਲਾਂ ਇਕ ਚੰਗਾ ਮਹੌਲ ਸੂਬੇ ਦੇ ਵਿੱਚ ਹੋਣਾ ਚਾਹੀਦਾ ਹੈ ਤਾਂ ਹੀ ਕਿਸੇ ਵੀ ਸੂਬੇ ਦੇ ਵਿੱਚ ਨਿਵੇਸ਼ਕ ਨਿਵੇਸ਼ ਕਰਨ ਲਈ ਆਉਂਦੇ ਨੇ। ਉਨ੍ਹਾਂ ਦੱਸਿਆ ਕਿ ਯੂਪੀ ਦੇ ਵਿੱਚ ਅਜਿਹੇ ਹਾਲਾਤ ਹੁੰਦੇ ਸਨ ਪਰ ਹੁਣ ਹਾਲਾਤ ਬਦਲ ਗਏ ਨੇ ਅਤੇ ਯੂ ਪੀ ਵਿੱਚ ਮਹੌਲ ਸੁਖਾਵਾਂ ਹੋ ਗਿਆ ਹੈ ਜਦੋਂ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਖਤਮ ਹੁੰਦੀ ਜਾ ਰਹੀ ਹੈ।
ਮਹੌਲ ਖ਼ਰਾਬ ਦਾ ਅਸਰ: ਲੁਧਿਆਣਾ ਆਟੋ ਪਾਰਟਸ ਐਸੋਸੀਏਸ਼ਨ ਦੇ ਪ੍ਰਧਾਨ ਜੀਐਸ ਕਾਹਲੋਂ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਅਜਨਾਲਾ ਦੇ ਵਿਚ ਇੱਕ ਪੁਲਿਸ ਸਟੇਸ਼ਨ ਵਿੱਚ ਜਾ ਕੇ ਅਜਿਹਾ ਮਾਹੌਲ ਬਣਾਇਆ ਗਿਆ ਹੈ ਇਸ ਨਾਲ ਸਨਅਤਕਾਰਾਂ ਦੇ ਵਿੱਚ ਡਰ ਦਾ ਮਾਹੌਲ ਜ਼ਰੂਰ ਹੈ। ਉਨ੍ਹਾਂ ਕਿਹਾ ਕਿ ਸਨਤਕਾਰ ਇਹ ਜ਼ਰੂਰ ਸੋਚਣਗੇ ਕਿ ਜਿਨ੍ਹਾਂ ਵੱਲੋਂ ਪੁਲਿਸ ਸਟੇਸ਼ਨ ਉੱਤੇ ਹਮਲਾ ਕਰ ਦਿੱਤਾ ਗਿਆ ਤਾਂ ਉਹ ਕੱਲ੍ਹ ਨੂੰ ਸਾਡੇ ਉੱਤੇ ਵੀ ਹਮਲਾ ਕਰ ਸਕਦੇ ਨੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਨੂੰ ਸੋਚਣਾ ਪਵੇਗਾ ਅਤੇ ਜੇਕਰ ਉਹ ਇਸ ਦਾ ਹੱਲ ਨਹੀਂ ਕਰਨਗੇ ਤਾਂ ਸਰਕਾਰ ਆਉਣ ਵਾਲੇ ਸਮੇਂ ਵਿੱਚ ਬਦਲ ਜਾਵੇਗੀ ਇਸ ਦਾ ਨਕਾਰਾਤਮਕ ਅਸਰ ਜਰੂਰ ਵੇਖਣ ਨੂੰ ਮਿਲਿਆ ਹੈ।
ਵਿਰੋਧੀਆਂ ਦੇ ਨਿਸ਼ਾਨੇ ਉੱਤੇ ਸਰਕਾਰ: ਉੱਧਰ ਨਿਵੇਸ਼ ਪੰਜਾਬ ਅਤੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਲੈਕੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਪੰਜਾਬ ਅੰਦਰ ਕੌਣ ਨਿਵੇਸ਼ ਕਰੇਗਾ। ਉਨ੍ਹਾਂ ਕਿਹਾ ਕਿ ਵਪਾਰੀ ਅਜਿਹੀ ਥਾਂ ਉੱਤੇ ਹੀ ਨਿਵੇਸ਼ ਕਰਦੇ ਨੇ ਜਿੱਥੇ ਉਨ੍ਹਾ ਨੂੰ ਆਪਣੀ ਜਾਨ ਮਾਲ ਦੀ ਰਾਖੀ ਲੱਗੇ, ਜਿੱਥੇ ਉਹ ਆਪਣੇ ਆਪ ਨੂੰ ਸੁਰੱਖਿਅਤ ਸਮਝਣ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕੌਣ ਸੂਬੇ ਵਿੱਚ ਨਿਵੇਸ਼ ਕਰੇਗਾ। ਉੱਥੇ ਹੀ ਦੂਜੇ ਪਾਸੇ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ 2 ਗੱਲਾਂ ਉੱਤੇ ਹੀ ਸਨਅਤਕਾਰਾਂ ਨਿਵੇਸ਼ ਕਰਦੇ ਨੇ ਇੱਕ ਤਾਂ ਚੰਗਾ ਇੰਫ਼ਰਾਸਟਰਕਚਰ ਅਤੇ ਦੂਜੇ ਚੰਗੀ ਕਨੂੰਨ ਵਿਵਸਥਾ ਜੋਕਿ ਦੋਵੇਂ ਹੀ ਸਰਕਾਰ ਦੇਣ ਵਿੱਚ ਨਕਾਮ ਹੋਈ ਹੈ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਪੁਰਾਣੇ ਸੂਬਾ ਛੱਡ ਕੇ ਨਾ ਜਾਣਾ ਇਹ ਹੀ ਸਰਕਾਰ ਲਈ ਵੱਡੀ ਉਪਲੱਬਧੀ ਹੋਵੇਗੀ।
'ਆਪ' ਦਾ ਜਵਾਬ: ਉੱਧਰ ਅਸ਼ਵਨੀ ਸ਼ਰਮਾ ਦੇ ਇਸ ਬਿਆਨ ਨੂੰ ਲੈਕੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਗੁਰਪ੍ਰੀਤ ਗੋਗੀ ਨੇ ਕਿਹਾ ਹੈ ਕਿ ਅਸੀਂ ਆਪਣਾ ਕੰਮ ਚੰਗੀ ਤਰ੍ਹਾਂ ਕਰ ਰਹੇ ਹਾਂ ਉਹ ਸਾਨੂੰ ਸਲਾਹਾਂ ਨਾ ਦੇਣ। ਉਨ੍ਹਾਂ ਕਿਹਾ ਕੇ ਅਸੀਂ ਲੋਕਾਂ ਦੀ ਬਿਹਤਰੀ ਲਈ ਕੰਮ ਕਰ ਰਹੇ ਹਾਂ ਅਤ ਕਰਦੇ ਰਹਾਂਗੇ। ਉਨ੍ਹਾ ਕਿਹਾ ਕਿ ਉਹ ਸਾਨੂੰ ਨਾ ਸਮਝਾਉਣ ਅਸੀਂ ਕਿ ਕਰਨਾ ਹੈ, ਉਨ੍ਹਾ ਕਿਹਾ ਕਿ ਜੇਕਰ ਉਹ ਖੁਦ ਕੁਝ ਨਹੀਂ ਕਰ ਸਕਦੇ ਤਾਂ ਅਸੀਂ ਉਨ੍ਹਾ ਨੂੰ ਝਾੜੂ ਦੇਣ ਨੂੰ ਤਿਆਰ ਹਨ ਕੇ ਓਹ ਸਾਡੇ ਝਾੜੂ ਨਾਲ ਸਫਾਈ ਕਰ ਸਕਦੇ ਨੇ।
ਇਹ ਵੀ ਪੜ੍ਹੋ: Fake food supply officer arrested: ਫਰਜ਼ੀ ਫੂਡ ਸਪਲਾਈ ਅਫ਼ਸਰ ਗ੍ਰਿਫ਼ਤਾਰ, ਲੋਕਾਂ ਤੋਂ ਮੰਗ ਰਿਹਾ ਸੀ ਰਿਸ਼ਵਤ