ਲੁਧਿਆਣਾ: ਲੁਧਿਆਣਾ 'ਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਦੇ ਤਾਜਪੁਰ ਰੋਡ ਦਾ ਹੈ। ਜਿੱਥੇ 3 ਅਣਪਛਾਤੇ ਨੌਜਵਾਨਾਂ ਵੱਲੋਂ ਐੱਸ.ਐੱਸ ਜਿਊਲਰ ਨਾਮ ਦੀ ਦੁਕਾਨ 'ਤੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ।
ਸੁਨਿਆਰੇ ਨੇ ਇੰਨੀ ਦਲੇਰੀ ਵਿਖਾਈ ਕਿ ਜਦੋਂ ਲੁਟੇਰਿਆਂ ਨੇ ਆਪਣਾ ਦੇਸੀ ਰਿਵਾਲਵਰ ਕੱਢਿਆ ਤਾਂ ਸੁਨਿਆਰੇ ਨੇ ਤੁਰੰਤ ਉਨ੍ਹਾਂ ਤੋਂ ਉਹ ਦੇਸੀ ਕੱਟਾ ਖੋਹ ਲਿਆ। ਜਿਸ ਤੋਂ ਬਾਅਦ ਲੁਟੇਰਿਆਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੁਕਾਨ ਦੇ ਮਾਲਕ ਅਵਤਾਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਦੁਕਾਨ ਵਿੱਚ ਪਲਸਰ ਮੋਟਰਸਾਈਕਲ 'ਤੇ 3 ਨੌਜਵਾਨ ਆਏ, ਜਿਨ੍ਹਾਂ ਨੇ ਮੂੰਹ 'ਤੇ ਮਾਸਕ ਪਾਏ ਅਤੇ ਹੱਥਾਂ ਵਿੱਚ ਦਸਤਾਨੇ ਪਾਏ ਹੋਏ ਸਨ, ਜੋ ਦੁਕਾਨ ਵਿੱਚ ਵੜ ਗਏ ਅਤੇ ਇੱਕ ਨੌਜਵਾਨ ਵੱਲੋਂ ਦੁਕਾਨ ਦੇ ਮਾਲਕ ਉੱਪਰ ਦੇਸੀ ਪਿਸਟਲ ਦੇ ਨਾਲ ਹਮਲਾ ਕਰ ਦਿੱਤਾ ਗਿਆ। ਦੁਕਾਨਦਾਰ ਵੱਲੋਂ ਬਹਾਦਰੀ ਦਿਖਾਉਂਦਿਆਂ ਹੋਇਆਂ, ਲੁਟੇਰਿਆਂ ਦੇ ਨਾਲ ਉਸ ਦੀ ਹੱਥੋਪਾਈ ਵੀ ਹੋ ਗਈ।
ਇਸ ਹੱਥੋਪਾਈ ਵਿੱਚ ਲੁਟੇਰਿਆਂ ਦੇ ਹੱਥੋਂ ਦੁਕਾਨਦਾਰ ਨੇ ਪਿਸਟਲ ਖੋਹ ਲਿਆ ਤੇ ਉਹ ਬਿਨਾਂ ਵਾਰਦਾਤ ਦੇ ਹੀ ਦੁਕਾਨ ਵਿੱਚੋਂ ਬਾਹਰ ਭੱਜ ਗਏ ਅਤੇ ਆਪਣਾ ਪਲਸਰ ਮੋਟਰਸਾਈਕਲ ਉੱਥੇ ਹੀ ਛੱਡ ਗਏ, ਦੁਕਾਨਦਾਰ ਦੇ ਰੌਲਾ ਪਾਉਣ ਉੱਤੇ ਸਾਰੀ ਮਾਰਕੀਟ ਇਕੱਠੀ ਹੋ ਗਈ ਕੁੱਝ ਹੀ ਦੇਰ ਬਾਅਦ ਪੁਲਿਸ ਵੀ ਮੌਕੇ ਉੱਤੇ ਪਹੁੰਚ ਗਈ। ਪੁਲਿਸ ਵੱਲੋਂ ਦੁਕਾਨ ਦੀ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਨਾਲ ਲੱਗਦੀਆਂ ਦੁਕਾਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:- ਸੁਨਿਆਰੇ ਦੇ ਘਰੋਂ ਮਿਲੇ ਬੰਬ, ਮਚਿਆ ਹੜਕੰਪ