ਸਮਰਾਲਾ : ਖੇਤੀਬਾੜੀ ਵਿਭਾਗ ਦੀ ਟੀਮ ਨੂੰ ਉਸ ਵੇਲੇ ਸਰਕਾਰੀ ਹੁਕਮਾਂ ਦੀ ਪਾਲਣਾ ਕਰਵਾਉਣੀ ਮਹਿੰਗੀ ਪੈ ਗਈ ਜਦੋਂ ਕਿਸਾਨ ਨੂੰ ਝੋਨਾ ਲਗਾਉਣ ਤੋਂ ਰੋਕਣ ਗਈ ਟੀਮ 'ਤੇ ਕਿਸਾਨਾਂ ਨੇ ਹਮਲਾ ਕਰ ਦਿੱਤਾ। ਪਿੰਡ ਬੌਂਕੜਾ ਗੁੱਜਰਾਂ ਵਿਖੇ ਸਮੇਂ ਤੋਂ ਪਹਿਲਾਂ ਝੋਨਾ ਲਗਾ ਰਹੇ ਕਿਸਾਨਾਂ ਨੂੰ ਰੋਕਣ ਗਈ ਖੇਤੀਬਾੜੀ ਵਿਭਾਗ ਦੀ ਟੀਮ 'ਤੇ ਕਿਸਾਨਾਂ ਨੇ ਕਹੀਆਂ ਨਾਲ ਹਮਲਾ ਕਰ ਦਿੱਤਾ।
ਇਸ ਹਮਲੇ ਵਿੱਚ ਇੱਕ ਮਹਿਲਾ ਅਫ਼ਸਰ ਸਮੇਤ ਈਡੀਓ ਗੰਭੀਰ ਜ਼ਖਮੀ ਹੋ ਗਿਆ। ਹਮਲੇ ਵਿੱਚ ਜ਼ਖਮੀ ਹੋਏ ਅਧਿਕਾਰੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਕਿਸਾਨਾਂ ਨੇ ਅਧਿਕਾਰੀ ਦੀ ਨਿੱਜੀ ਗੱਡੀ ਵੀ ਭੰਨ ਸੁੱਟੀ।
ਈਡੀਓ ਹੁਸਨਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਬੌਂਕੜਾ ਗੁੱਜਰਾ ਵਿੱਚ ਕਿਸਾਨ ਗੋਪੀ ਗਿੱਲ ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਕੇ ਸਮੇਂ ਤੋਂ ਪਹਿਲਾਂ ਝੋਨਾ ਬੀਜ ਰਿਹਾ ਹੈ। ਇਸ 'ਤੇ ਕਾਰਵਾਈ ਕਰਦੇ ਹੋਏ ਜਦੋਂ ਉਨ੍ਹਾਂ ਦੀ ਟੀਮ ਕਿਸਾਨਾਂ ਨੂੰ ਸਮਝਾਉਣ ਪਹੁੰਚੀ ਤਾਂ ਕਿਸਾਨ ਨੇ ਆਪਣੇ ਸਾਥੀ ਸਮੇਤ ਉਨ੍ਹਾਂ 'ਤੇ ਕਹੀਆਂ ਨਾਲ ਹਮਲਾ ਕਰ ਦਿੱਤਾ।
ਇਸ ਹਮਲੇ ਵਿੱਚ ਉਹ ਅਤੇ ਉਨ੍ਹਾਂ ਦੇ ਸਾਥੀ ਗੰਭੀਰ ਜ਼ਖਮੀ ਹੋ ਗਏ। ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ। ਪੁਲਿਸ ਮੁਲਜ਼ਮ ਕਿਸਾਨ ਅਤੇ ਉਸ ਦੇ ਸਾਥੀ ਦੇ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆ ਰਹੀ ਹੈ।
ਈਡੀਓ ਨਿੱਧੀ ਚੌਧਰੀ ਨੇ ਕਿਹਾ ਕਿਸਾਨ ਅਤੇ ਉਸ ਦੇ ਸਾਥੀ ਨੇ ਉਨ੍ਹਾਂ 'ਤੇ ਬਹੁਤ ਹੀ ਬੂਰੀ ਤਰ੍ਹਾਂ ਹਮਲਾ ਕੀਤਾ। ਉਨ੍ਹਾਂ ਦੱਸਿਆ ਕਿ ਕਿਸਾਨ ਨੇ ਇੱਕ ਦਮ ਹੀ ਉਨ੍ਹਾਂ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਦਾ ਫੋਨ ਭੰਨ ਦਿੱਤਾ।