ਲੁਧਿਆਣਾ: ਹੋਟਮਿਕਸ ਯੂਜ਼ ਠੇਕੇਦਾਰਾਂ ਨੇ ਕਾਰਪੋਰੇਸ਼ਨ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਕੰਮਕਾਰ ਠੱਪ ਕਰਕੇ ਹੜਤਾਲ ‘ਤੇ ਚਲੇ ਗਏ ਹਨ ਅਤੇ ਕਿਹਾ ਹੈ ਕਿ ਕਾਰਪੋਰੇਸ਼ਨ ਪੂਰੀ ਤਰ੍ਹਾਂ ਭ੍ਰਿਸ਼ਟ ਹੈ ਅਤੇ ਠੇਕੇਦਾਰੀ ਦੇ ਨਾਂ ‘ਤੇ ਉਨ੍ਹਾਂ ਕੋਲੋਂ ਮੋਟੇ ਕਮਿਸ਼ਨ ਦੀ ਮੰਗ ਕੀਤੀ ਜਾਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਕਾਰਪੋਰੇਸ਼ਨ ਉਨ੍ਹਾਂ ਤੋਂ 6 ਫ਼ੀਸਦੀ ਕਮਿਸ਼ਨ ‘ਤੇ ਕੰਮ ਕਰਵਾਉਣਾ ਚਾਹੁੰਦੀ ਹੈ ਜੋ ਉਹ ਨਹੀਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਕਾਰਪੋਰੇਸ਼ਨ ਦੇ ਵਿਚ ਛੋਟੇ ਤੋਂ ਲੈ ਕੇ ਵੱਡਾ ਅਫ਼ਸਰ ਭ੍ਰਿਸ਼ਟਾਚਾਰ ਵਿੱਚ ਲਿਪਤ ਹੈ ਅਤੇ ਉਨ੍ਹਾਂ ਤੋਂ ਠੇਕੇ ਦੇਣ ਦੇ ਨਾਂ ਤੇ ਕਮਿਸ਼ਨ ਮੰਗੇ ਜਾਂਦੇ ਹਨ।
ਉਧਰ ਦੂਜੇ ਪਾਸੇ ਲੁਧਿਆਣਾ ਨਗਰ ਨਿਗਮ ਦੇ ਮੇਅਰ ਬਲਕਾਰ ਸੰਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਬਦਨਾਮ ਕਰਨ ਲਈ ਇਹ ਸਭ ਠੇਕੇਦਾਰਾਂ ਵਲੋਂ ਸਾਜਿਸ਼ ਰਚੀ ਗਈ ਹੈ। ਉਨ੍ਹਾਂ ਕਿਹਾ ਕਿ ਜੋ ਠੇਕੇਦਾਰ ਰੋਲਾ ਪਾ ਰਿਹਾ ਹੈ ਉਸ ਨੂੰ ਇੱਕ ਸਾਲ ਪਹਿਲਾਂ ਹੀ ਬਲੈਕਲਿਸਟ ਕੀਤਾ ਜਾ ਚੁੱਕਾ ਹੈ ਪਰ ਇਹ ਦੂਜੇ ਠੇਕੇਦਾਰਾਂ ਦੇ ਨਾਂ ‘ਤੇ ਠੇਕੇ ਲੈਕੇ ਕੰਮ ਕਰ ਰਿਹਾ ਹੈ ਜਿਸ ਦੀ ਜਾਂਚ ਉਨ੍ਹਾਂ ਵਲੋਂ ਕਰਵਾਈ ਜਾਵੇਗੀ।
ਮੇਅਰ ਨੇ ਕਿਹਾ ਕਿ ਠੇਕੇਦਾਰ ਗੁੰਡਾਗਰਦੀ ਕਰ ਰਹੇ ਹਨ ਅਤੇ ਉਹ ਇਨ੍ਹਾਂ ਨੂੰ ਮਨਮਾਨੀ ਨਹੀਂ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦਾ ਪੈਸਾ ਬਰਬਾਦ ਨਹੀਂ ਹਨ ਦੇਣਗੇ।
ਜ਼ਿਕਰੇਖਾਸ ਹੈ ਕੇ ਇਕ ਪਾਸੇ ਜਿੱਥੇ 4.5 ਸਾਲ ਤੋਂ ਸੁੱਤੇ ਪਏ ਠੇਕੇਦਾਰ ਹੁਣ ਕਾਰਪੋਰੇਸ਼ਨ ਤੇ ਭ੍ਰਿਸ਼ਟ ਹੋਣ ਦੇ ਇਲਜ਼ਾਮ ਲਗਾ ਰਹੇ ਹਨ ਓਥੇ ਹੀ ਦੂਜੇ ਪਾਸੇ ਮੇਅਰ ਨੇ ਕਿਹਾ ਕਿ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਪਰ ਇਸ ਵਿਚਕਾਰ ਲੋਕ ਜ਼ਰੂਰ ਖੱਜਲ ਖੁਆਰ ਹੋ ਰਹੇ ਹਨ ਕਿਓਂਕਿ ਲੁਧਿਆਣਾ ਚ ਪਹਿਲਾਂ ਹੀ ਸੁਸਤ ਚੱਲ ਰਹੇ ਨਿਰਮਾਣ ਕਾਰਜ ਹੁਣ ਠੱਪ ਹੋ ਗਏ ਹਨ।