ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਹੈ ਅਤੇ ਖ਼ਾਸ ਕਰਕੇ ਨਿਵੇਸ਼ ਦੀ ਗੱਲ ਵੀ ਕੀਤੀ ਗਈ ਹੈ ਪਰ ਹੁਣ ਲੁਧਿਆਣਾ ਦੇ ਕਾਰੋਬਾਰੀ ਬਜਟ ਤੋਂ ਬਹੁਤੇ ਖੁਸ਼ ਨਜ਼ਰ ਨਹੀਂ ਆ ਰਹੇ। ਲੁਧਿਆਣਾ ਦੇ ਕਾਰੋਬਾਰੀਆਂ ਨੇ ਕਿਹਾ ਹੈ ਕਿ ਬਜਟ ਦੇ ਵਿੱਚ ਇੰਡਸਟਰੀ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ਕਾਰੋਬਾਰੀ ਬਾਤਿਸ਼ ਜਿੰਦਲ ਅਤੇ ਵਪਾਰ ਮੰਡਲ ਦੇ ਪ੍ਰਧਾਨ ਅਰਵਿੰਦਰ ਮੱਕੜ ਨੇ ਕਿਹਾ ਹੈ ਕਿ ਇਸ ਬਜਟ ਤੋਂ ਸਰਕਾਰ ਤੋਂ ਕਾਫੀ ਉਮੀਦਾਂ ਸਨ ਪਰ ਸਾਡੀਆਂ ਉਮੀਦਾਂ ਉੱਤੇ ਇਹ ਬਜਟ ਖਰਾ ਨਹੀਂ ਉਤਰਿਆ ਹੈ।
ਫੋਕਲ ਪੁਆਇੰਟਾਂ ਲਈ ਘੱਟ ਰਾਸ਼ੀ: ਕਾਰੋਬਾਰੀ ਬਾਤਿਸ਼ ਜਿੰਦਲ ਨੇ ਕਿਹਾ ਹੈ ਕਿ ਬਜਟ ਵਿੱਚ ਸਰਕਾਰ ਵੱਲੋਂ ਫੋਕਲ ਪੁਆਇੰਟਾਂ ਦੇ ਵਿੱਚ ਵਿਕਾਸ ਲਈ 50 ਕਰੋੜ ਰੁਪਏ ਰੱਖੇ ਗਏ ਹਨ ਜੋ ਕਾਫੀ ਘੱਟ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 20 ਫੋਕਲ ਪੁਆਇੰਟ ਹਨ ਅਤੇ ਇਸਦੇ ਮੁਤਾਬਕ 50 ਲੱਖ ਇੱਕ ਫੋਕਲ ਪੁਆਇੰਟ ਦੇ ਹਿੱਸੇ ਆਉਣਗੇ। ਉਨ੍ਹਾਂ ਕਿਹਾ ਕਿ 50 ਲੱਖ ਵਿਚ ਇਕ ਫੋਕਲ ਪੁਆਇੰਟ ਦਾ ਵਿਕਾਸ ਨਹੀਂ ਹੋ ਸਕਦਾ। ਉਨ੍ਹਾਂ ਇਹ ਵੀ ਕਿਹਾ ਹੈ ਕਿ ਸੂਬਾ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇਗੀ। ਇਸ ਸਬੰਧੀ ਵੀ ਸਰਕਾਰ ਵੱਲੋਂ ਕਿਸੇ ਕਿਸਮ ਦੀ ਤਜਵੀਜ਼ ਹੈ ਬਜਟ ਦੇ ਵਿੱਚ ਨਹੀਂ ਰੱਖੀ ਗਈ।
ਵੱਡੇ ਨਿਵੇਸ਼ ਦੀਆਂ ਗੱਲਾਂ ਫੋਕੀਆਂ : ਕਾਰੋਬਾਰੀਆਂ ਨੇ ਕਿਹਾ ਕਿ ਪੰਜਾਬ ਦੀ ਇੰਡਸਟਰੀ ਬੰਦ ਹੋਣ ਦੇ ਕੰਢੇ ਹੈ ਪਰ ਸਰਕਾਰ ਵਲੋਂ ਬਜਟ ਵਿੱਚ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। ਸਨਅਤਕਾਰਾਂ ਨੇ ਕਿਹਾ ਕਿ ਵੱਡੇ ਵੱਡੇ ਨਿਵੇਸ਼ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਪਰ ਜਮੀਨੀ ਪੱਧਰ ਉੱਤੇ ਕੁੱਝ ਹੋਰ ਹੀ ਸੱਚ ਹੈ। ਬਾਤਿਸ਼ ਜਿੰਦਲ ਨੇ ਵੀ ਕਿਹਾ ਕਿ ਪੰਜਾਬ ਦੇ ਵਿਚ ਬੀਤੇ 10 ਸਾਲ ਚ 12 ਲੱਖ ਕਰੋੜ ਦੇ ਨਿਵੇਸ਼ ਦੀ ਗੱਲ ਕੀਤੀ ਗਈ ਹੈ।
ਇਹ ਵੀ ਪੜ੍ਹੋ : Harpal Cheema Budget Speech: ਗੁਰੂਆਂ ਦੇ ਕਥਨ ਤੇ ਸ਼ਾਇਰੀ ਦੇ ਸੁਮੇਲ ਨਾਲ ਗੜੁੱਚ ਮੰਤਰੀ ਚੀਮਾ ਦਾ ਭਾਸ਼ਣ, ਪੜ੍ਹੋ ਕਿਸਨੇ ਦਿੱਤਾ ਸਭ ਤੋਂ ਲੰਬਾ ਭਾਸ਼ਣ
ਕਾਨੂੰਨ ਪ੍ਰਬੰਧ ਠੀਕ ਕਰੇ ਸਰਕਾਰ : ਦੂਜੇ ਪਾਸੇ ਵਪਾਰ ਮੰਡਲ ਦੇ ਪ੍ਰਧਾਨ ਅਰਵਿੰਦਰ ਮੱਕੜ ਨੇ ਕਿਹਾ ਕਿ ਸਰਕਾਰ ਪਹਿਲਾਂ ਕਾਨੂੰਨ ਪ੍ਰਬੰਧ ਨੂੰ ਠੀਕ ਕਰੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣ ਰਹੇ ਨੇ ਉਸ ਮੁਤਾਬਿਕ ਵਪਾਰ ਲਈ ਮਹੌਲ ਸਹੀ ਨਹੀਂ ਹੈ। ਉਨ੍ਹਾ ਕਿਹਾ ਕੇ ਨਿੱਤ ਲੁੱਟਾਂ ਖੋਹਾਂ ਅਤੇ ਕਲਤੋਗਾਰਤ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਇਸ ਤੋਂ ਇਲਾਵਾ ਪੰਜਾਬ ਦੀ ਸਨਅਤ ਗੁਆਂਢੀ ਸੂਬਿਆਂ ਦਾ ਰੁਖ਼ ਕਰ ਰਹੀ ਹੈ। ਅਜਿਹੇ ਵਿੱਚ ਵਪਾਰ ਕਰਨਾ ਮੁਸ਼ਕਲ ਹੈ। ਉਨ੍ਹਾ ਕਿਹਾ ਕਿ ਸੀਐਮ ਕੋਲ ਸੂਬਾ ਚਲਾਉਣ ਲਈ ਤਜ਼ੁਰਬਾ ਘੱਟ ਹੈ। ਉਨ੍ਹਾ ਕਿਹਾ ਕਿ ਬਿਜਲੀ ਨੂੰ ਲੈ ਕੇ ਜਿਹੜੇ ਵਾਅਦੇ ਸਰਕਾਰ ਨੇ ਕੀਤੇ ਸਨ ਉਹ ਵੀ ਪੂਰੇ ਨਹੀਂ ਹੋ ਰਹੇ ਹਨ।