ਲੁਧਿਆਣਾ : ਲੁਧਿਆਣਾ ਦੇ ਗਿਆਸਪੁਰਾ ਵਿੱਚ ਗੈਸ ਲੀਕ ਹੋਣ ਨਾਲ 3 ਨਾਬਲਿਗਾਂ ਸਣੇ 11 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਗੈਸ ਕਾਰਨ ਲੋਕਾਂ ਦੀ ਜਾਨ ਗਈ ਉਸ ਦੀ ਸ਼ਨਾਖਤ H2S ਯਾਨੀ ਹਾਈਡ੍ਰੋਜਨ ਸਲਫਾਇਡ ਵਜੋਂ ਹੋਈ ਹੈ ਜੋਕਿ ਇਨਸਾਨਾਂ ਲਈ ਬੇਹੱਦ ਖਤਰਨਾਕ ਹੈ। ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੀ ਸਹਾਇਕ ਪ੍ਰੋਫੈਸਰ ਡਾਕਟਰ ਰਾਜਵੀਰ ਕੌਰ ਨੇ ਇਸ ਗੈਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਹਾਈਡ੍ਰੋਜਨ ਸਲਫਾਇਡ ਗੈਸ ਹਾਈਡ੍ਰੋਜਨ ਅਤੇ ਸਲਫ਼ਰ ਦੇ ਮਿਸ਼ਰਨ ਦੇ ਨਾਲ ਬਣਦੀ ਹੈ। ਸਲਫ਼ਰ ਨੂੰ ਜ਼ਹਿਰ ਵਜੋਂ ਹੀ ਵੇਖਿਆ ਜਾਂਦਾ ਹੈ ਜੋਕਿ ਬੇਹੱਦ ਖਤਰਨਾਕ ਐਲੀਮੈਂਟ ਹੈ। ਇਸ ਦੀ ਥੋੜੀ ਜਿਹੀ ਮਾਤਰਾ ਵੀ ਇਨਸਾਨ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ। ਇਹ ਗੈਸ ਅਕਸਰ ਹੀ ਸੀਵਰੇਜ ਦੇ ਵਿੱਚ ਪਾਈ ਜਾਂਦੀ ਹੈ ਅਤੇ ਇਸ ਨੂੰ ਅੱਗ ਵੀ ਲੱਗ ਸਕਦੀ ਹੈ। ਇਸ ਗੈਸ ਦੀ ਜਿਆਦਾ ਤਾਦਾਤ ਹੋਣ ਨਾਲ ਬਲਾਸਟ ਵੀ ਹੋ ਸਕਦਾ ਹੈ।
ਦਿਮਾਗ ਉੱਤੇ ਹੁੰਦਾ ਹੈ ਅਸਰ : ਹਾਈਡ੍ਰੋਜਨ ਸਲਫਾਇਡ ਗੈਸ ਦਾ ਅਸਰ ਸਿੱਧਾ ਮਨੁੱਖੀ ਸਰੀਰ ਦੇ ਨਰਵਸ ਸਿਸਟਮ ਉੱਤੇ ਹੁੰਦਾ ਹੈ ਅਤੇ ਬਲੱਡ ਸੈੱਲ ਉੱਤੇ ਇਸਦਾ ਕੁਝ ਹੀ ਮਿੰਟਾਂ ਵਿੱਚ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਮਾਹਿਰ ਡਾਕਟਰ ਨੇ ਦੱਸਿਆ ਕਿ ਇਸ ਗੈਸ ਦੇ ਨਾਲ ਦਿਮਾਗ ਉੱਤੇ ਅਸਰ ਹੁੰਦਾ ਹੈ, ਗੈਸ ਦਾ ਕੋਈ ਰੰਗ ਨਹੀਂ ਹੈ ਹਵਾ ਦੇ ਵਿੱਚ ਯਾਨੀ ਆਕਸੀਜਨ ਅਤੇ ਕਾਰਬਨ ਡਾਇਆਕਸਾਈਡ ਦੇ ਨਾਲ ਮਿਲ ਕੇ ਇਹ ਬਹੁਤ ਤੇਜ ਨਾਲ ਫੈਲਦੀ ਹੈ। ਸੀਵਰੇਜ ਦੇ ਅੰਦਰ ਥੋੜੀ ਜਿਹੀ ਗੈਸ ਵੀ ਜਾਨਲੇਵਾ ਸਾਬਿਤ ਹੋ ਸਕਦੀ ਹੈ। ਇਸ ਗੈਸ ਦੀ ਜ਼ਿਆਦਤਰ ਵਰਤੋਂ ਇੰਡਸਟਰੀ ਦੇ ਵਿੱਚ ਵੀ ਹੁੰਦੀ ਹੈ ਖ਼ਾਸ ਕਰਕੇ ਪਲਪ ਇੰਡਸਟਰੀ, ਪੇਪਰ ਇੰਡਸਟਰੀ, ਆਇਲ ਇੰਡਸਟਰੀ, ਰਿਫਾਇਨਰੀ ਆਦਿ ਚ ਇਸ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਜਿਹੜੇ ਕੁਦਰਤੀ ਗੈਸ ਬਣਾਉਂਦੇ ਨੇ ਓਹ ਵੀ ਇਸ ਦੀ ਵਰਤੋਂ ਕਰਦੇ ਨੇ।
ਇਹ ਵੀ ਪੜ੍ਹੋ : Ludhiana Gas Leak Case: ਗਿਆਸਪੁਰਾ ਗੈਸ ਲੀਕ ਮਾਮਲੇ 'ਤੇ NGT ਨੇ ਲਿਆ ਨੋਟਿਸ, ਜਾਂਚ ਲਈ ਟੀਮ ਗਠਨ
ਇਸ ਤਰ੍ਹਾਂ ਕਰੋ ਬਚਾਅ : ਮਾਹਿਰਾਂ ਮੁਤਾਬਿਕ ਇਸ ਗੈਸ ਦੇ ਅਸਰ ਨਾਲ ਮੌਤ ਬਹੁਤ ਜਲਦੀ ਹੋ ਜਾਂਦੀ ਹੈ। ਇਸ ਤੋਂ ਬਚਣ ਲਈ ਇਕੋ ਇੱਕ ਰਾਹ ਵੇਂਟਿਲੇਸ਼ਨ ਹੈ ਜੇਕਰ ਕੋਈ ਇਸ ਦੀ ਲਪੇਟ ਵਿਚ ਆ ਜਾਂਦਾ ਹੈ ਤਾਂ ਉਸਨੂੰ ਤੁਰੰਤ ਖੁੱਲ੍ਹੀ ਹਵਾ ਦੇ ਵਿੱਚ ਜਾਣਾ ਚਾਹੀਦਾ ਹੈ ਤਾਂ ਜੋ ਗੈਸ ਦਾ ਅਸਰ ਉਸ ਉੱਤੇ ਜ਼ਿਆਦਾ ਨਾ ਹੋ ਸਕੇ। ਇਸ ਤੋਂ ਇਲਾਵਾ ਮਰੀਜ਼ ਨੂੰ ਤੁਰੰਤ ਹਸਪਤਾਲ ਪਹੁੰਚਾਉਣਾ ਚਾਹੀਦਾ ਹੈ। ਤਾਂ ਜੋ ਉਸਨੂੰ ਮੁੱਢਲੀ ਡਾਕਟਰੀ ਮਦਦ ਮਿਲ ਸਕੇ ਅਤੇ ਉਸਦੀ ਜਾਨ ਬਚਾਈ ਜਾ ਸਕੇ।