ਲੁਧਿਆਣਾ: ਚਾਰ ਸਾਲ ਦੀ ਬੱਚੀ ਦਾ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਕਤਲ ਕਰਨ ਵਾਲੇ ਮੁਲਜ਼ਮ ਦੀ ਹਾਲੇ ਤੱਕ ਪੁਲਿਸ ਭਾਲ ਕਰ ਰਹੀ ਹੈ। ਪੁਲਿਸ ਅਤੇ ਕੁਝ ਸਮਾਜਸੇਵੀ ਸੰਸਥਾਵਾਂ ਵੱਲੋਂ ਮੁਲਜ਼ਮ 'ਤੇ 2 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ ਅਤੇ ਉਸ ਦੇ ਪੋਸਟਰ ਵੀ ਸ਼ਹਿਰ ਭਰ ਦੇ ਵਿੱਚ ਲਗਵਾਏ ਗਏ ਨੇ ਪਰ ਪੁਲਿਸ ਨੂੰ ਹਾਲੇ ਕੋਈ ਸਫ਼ਲਤਾ ਨਹੀਂ ਮਿਲੀ।
ਕੀ ਮੁਲਜ਼ਮ ਹੋਇਆ ਗ੍ਰਿਫ਼ਤਾਰ: ਕੁਝ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਖਬਰ ਚੱਲ ਰਹੀ ਸੀ ਕਿ ਮੁਲਜ਼ਮ ਸੋਨੂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਅੱਜ ਡਾਬਾ ਪੁਲਿਸ ਇੰਚਾਰਜ ਨੇ ਸਾਫ ਕਰ ਦਿੱਤਾ ਹੈ ਕਿ ਫਿਲਹਾਲ ਮੁਲਜ਼ਮ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਐਸਐਚਓ ਸਣੇ ਪੁਲਿਸ ਪਾਰਟੀ ਲਗਾਤਾਰ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ ਅਤੇ ਟੀਮ ਲਗਾਤਾਰ ਨੇਪਾਲ ਦੇ ਬਾਰਡਰ 'ਤੇ ਵੀ ਉਸ ਦਾ ਸਰਚ ਪਰੇਸ਼ਨ ਚਲਾ ਰਹੀ ਹੈ ਪਰ ਹਾਲੇ ਤੱਕ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। । ਉਹਨਾਂ ਕਿਹਾ ਕਿ 29 ਦਸੰਬਰ 2023 ਦਾ ਇਹ ਮਾਮਲਾ ਹੈ।
ਕੀ ਹੈ ਪੂਰਾ ਮਾਮਲਾ: 29 ਦਸੰਬਰ 2023 ਨੂੰ ਸੋਨੂੰ ਨਾਂ ਦੇ ਮੁਲਜ਼ਮ ਨੇ ਆਪਣੇ ਹੀ ਗੁਆਂਢ ਵਿੱਚ ਰਹਿਣ ਵਾਲੀ ਇੱਕ ਚਾਰ ਸਾਲ ਦੀ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਸੀ। ਮੁਲਜ਼ਮ ਵੱਲੋਂ ਉਸ ਦੀ ਲਾਸ਼ ਨੂੰ ਬੈੱਡ 'ਚ ਛੁਪਾ ਦਿੱਤਾ ਸੀ। ਇਸ ਦਾ ਖੁਲਾਸਾ ਵੀ ਪੁਲਿਸ ਜਾਂਚ ਦੌਰਾਨ ਹੋਇਆ ਸੀ। ਪੀੜਤ ਪਰਿਵਾਰ ਵੱਲੋਂ ਇਨਸਾਫ਼ ਲਈਂ ਪੁਲਿਸ ਸਟੇਸ਼ਨ ਦੇ ਬਾਹਰ ਧਰਨਾ ਵੀ ਲਗਾਇਆ ਗਿਆ। ਜਿਸ ਤੋਂ ਬਾਅਦ ਕੁੱਝ ਸਮਾਜ ਸੇਵੀ ਸੰਸਥਾਵਾਂ ਨੇ ਮਿਲ ਕੇ ਮੁਲਜ਼ਮ ਦੇ ਖਿਲਾਫ ਪੁਲਿਸ ਨੂੰ ਦੋ ਲੱਖ ਰੁਪਏ ਦਾ ਇਨਾਮ ਰੱਖਣ ਦੀ ਗੱਲ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਸ਼ਹਿਰ ਭਰ 'ਚ ਮੁਲਜ਼ਮ ਦੇ ਪੋਸਟਰ ਛਪਵਾ ਕੇ 2 ਲੱਖ ਰੁਪਏ ਦਾ ਇਨਾਮ ਦੇਣ ਅਤੇ ਜਾਣਕਾਰੀ ਦੇਣ ਵਾਲੇ ਦਾ ਨਾਂ ਗੁਪਤ ਰੱਖਣ ਦੀ ਗੱਲ ਕਹੀ ਸੀ।