ਲੁਧਿਆਣਾ: ਬਹਾਦੁਰਕੇ ਰੋਡ ਉੱਤੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਗੱਦੇ ਅਤੇ ਰਜਾਈਆਂ ਬਣਾਉਣ ਵਾਲੀ ਇੱਕ ਫ਼ੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਵੇਖਦਿਆਂ ਹੀ ਵੇਖਦਿਆਂ ਅੱਗ ਪੂਰੇ ਗੁਦਾਮ ਵਿੱਚ ਫੈਲ ਗਈ।
ਜਿਵੇਂ ਹੀ ਅੱਗ ਲੱਗਣ ਦਾ ਪਤਾ ਚੱਲਿਆ ਤਾਂ ਤੁਰੰਤ ਅੱਗ ਬੁਝਾਊ ਅਮਲੇ ਨੂੰ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਫ਼ੈਕਟਰੀ ਵਿੱਚ ਲੱਗੀ ਅੱਗ ਨੂੰ ਬੁਝਾਉਣ ਦੇ ਲਈ ਜੇ.ਸੀ.ਬੀ ਨਾਲ ਫ਼ੈਕਟਰੀ ਦੀ ਕੰਧ ਤੋੜ ਕੇ ਅੱਗ ਨੂੰ ਬੁਝਾਇਆ ਜਾ ਰਿਹਾ ਹੈ।
ਫ਼ੈਕਟਰੀ ਦੇ ਮਾਲਕ ਨੇ ਦੱਸਿਆ ਕਿ ਉਸ ਵੱਲੋਂ ਕਿਰਾਏ ਤੇ ਲੈ ਕੇ ਇਹ ਫ਼ੈਕਟਰੀ ਚਲਾਈ ਜਾ ਰਹੀ ਹੈ ਅਤੇ ਅੱਜ ਦੁਪਹਿਰ ਬਾਅਦ ਅਚਾਨਕ ਫ਼ੈਕਟਰੀ ਵਿੱਚ ਅੱਗ ਲੱਗ ਗਈ। ਪਰ ਅੱਗ ਲੱਗਣ ਵੇਲੇ ਦੁਪਹਿਰ ਦੇ ਖਾਣੇ ਉੱਤੇ ਸਾਰੇ ਕਰਮਚਾਰੀ ਬਾਹਰ ਆਏ ਹੋਏ ਸਨ, ਜਿਸ ਕਰ ਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਅੱਗ ਬੁਝਾਊ ਅਮਲੇ ਦੇ ਅਫ਼ਸਰ ਆਤਿਸ਼ ਰਾਏ ਨੇ ਦੱਸਿਆ ਕਿ ਅੱਗ ਉੱਤੇ ਕਾਬੂ ਪਾਇਆ ਜਾ ਰਿਹਾ ਹੈ, ਅੰਦਰ ਕੋਟਨ ਹੋਣ ਕਰਕੇ ਅੱਗ ਤੇਜ਼ੀ ਨਾਲ ਫੈਲੀ ਹੈ, ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਉਨ੍ਹਾਂ ਕਿਹਾ ਕਿ 12 ਗੱਡੀਆਂ ਲੱਗ ਚੁੱਕੀਆਂ ਹਨ ਅਤੇ ਹੁਣ ਕੰਧ ਤੋੜ ਕੇ ਅੱਗ ਤੇ ਕਾਬੂ ਪਾਇਆ ਜਾਵੇਗਾ।
ਉੱਧਰ ਮੌਕੇ ਉੱਤੇ ਪੀਸੀਆਰ ਮੁਲਾਜ਼ਮ ਨੇ ਵੀ ਕਿਹਾ ਕਿ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਤੋ ਹੀ ਅੱਗ ਬੁਝਾਉ ਅਮਲਾ ਪਹੁੰਚ ਚੁੱਕਿਆ ਸੀ ਅਤੇ ਮੌਕੇ ਉੱਤੇ ਆ ਕੇ ਲੋਕਾਂ ਨੂੰ ਅੱਗ ਤੋਂ ਦੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ, ਪਰ ਜਾਂਚ ਜਾਰੀ ਹੈ।