ਲੁਧਿਆਣਾ : ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਵੱਲੋਂ ਜਿੱਥੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਸਰਕਾਰੀ ਸਕੂਲ ਦੇ ਅਧਿਆਪਕ ਵੀ ਅਜਿਹੇ ਤੌਰ-ਤਰੀਕੇ ਅਜ਼ਮਾ ਰਹੇ ਹਨ, ਜਿਸ ਨਾਲ ਪੰਜਾਬੀ ਭਾਸ਼ਾ ਨੂੰ ਸੌਖੇ ਢੰਗ ਨਾਲ ਵਿਦਿਆਰਥੀਆਂ ਨੂੰ ਸਿਖਾਇਆ ਜਾ ਸਕੇ। ਅਜਿਹੇ ਯਤਨ ਕਰ ਰਹੇ ਹਨ ਲੁਧਿਆਣਾ ਸ਼ੇਰਪੁਰ ਖੁਰਦ ਦੇ ਪ੍ਰਾਇਮਰੀ ਸਰਕਾਰੀ ਸਕੂਲ ਦੇ ਅਧਿਆਪਕ ਨਿਰਮਲ ਸਿੰਘ, ਜਿਨ੍ਹਾਂ ਦੀ ਵਿਦਿਆਰਥੀਆਂ ਨੂੰ ਮੁਹਾਰਨੀ ਸਿਖਾਉਣ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ।
ਮੁਹਾਰਨੀ ਦੀ ਵਰਤੋਂ : ਗੱਲਬਾਤ ਕਰਦੇ ਹੋਏ ਨਿਰਮਲ ਸਿੰਘ ਨੇ ਦੱਸਿਆ ਕਿ ਜਿਸ ਸਕੂਲ ਵਿਚ ਉਹ ਪੜ੍ਹਾਉਂਦੇ ਨੇ ਉਸ ਸਕੂਲ ਵਿਚ ਜ਼ਿਆਦਾਤਰ ਬੱਚੇ ਪਰਵਾਸੀ ਹਨ ਅਤੇ ਪ੍ਰਵਾਸੀ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦਾ ਇਕ ਵੱਡਾ ਚੈਲੇਂਜ ਰਹਿੰਦਾ ਹੈ। ਮੁਹਾਰਨੀ ਪੰਜਾਬੀ ਸਿਖਾਉਣ ਦਾ ਇੱਕ ਮੁੱਢਲਾ ਢੰਗ ਹੈ ਜਿਸ ਨੂੰ ਵਿਦਿਆਰਥੀ ਆਪਣਾ ਕੇ ਜਲਦੀ ਪੰਜਾਬੀ ਸਿੱਖਦੇ ਹਨ ਅਤੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਪੰਜਾਬੀ ਵਰਨਮਾਲਾ ਵਿੱਚ ਪੰਜਾਬੀ ਦੀਆਂ ਮਾਤਰਾਵਾ ਕਿਵੇਂ ਅਤੇ ਕਿੱਥੇ ਲਾਉਣੀਆਂ ਹਨ।
ਇਹ ਵੀ ਪੜ੍ਹੋ : Bathinda Central Jail: ਮੁੜ ਸਵਾਲਾਂ ਦੇ ਘੇਰੇ 'ਚ ਬਠਿੰਡਾ ਕੇਂਦਰੀ ਜੇਲ੍ਹ, ਕੈਦੀਆਂ ਵੱਲੋਂ ਜੇਲ੍ਹ ਦੇ ਮੁਲਾਜ਼ਮਾਂ ਨੂੰ ਧਮਕੀਆਂ
ਪਰਵਾਸੀ ਬੱਚਿਆਂ ਨੂੰ ਸਿਖਾ ਰਹੇ ਪੰਜਾਬੀ : ਸਰਕਾਰੀ ਸਕੂਲ ਸ਼ੇਰਪੁਰ ਦੇ ਵਿੱਚ ਜ਼ਿਆਦਤਰ ਵਿਦਿਆਰਥੀ ਪਰਵਾਸੀ ਹਨ ਅਤੇ ਯੂਪੀ, ਬਿਹਾਰ ਤੋਂ ਸਬੰਧਤ ਹਨ। ਇਸ ਕਰਕੇ ਉਨ੍ਹਾਂ ਨੂੰ ਪੰਜਾਬੀ ਸਿੱਖਣਾ ਇਕ ਵੱਡੀ ਚੁਣੌਤੀ ਰਹਿੰਦੀ ਹੈ। ਨਿਰਮਲ ਸਿੰਘ ਉਨ੍ਹਾਂ ਨੂੰ ਮੁਹਾਰਨੀ ਰਾਹੀਂ ਪੰਜਾਬੀ ਭਾਸ਼ਾ ਸਿਖਾ ਰਹੇ ਹਨ। ਨਿਰਮਲ ਸਿੰਘ ਨੇ ਦੱਸਿਆ ਕਿ ਮੁਹਾਰਨੀ ਨਾਲ ਛੋਟੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਕਾਫੀ ਸੌਖੀ ਰਹਿੰਦੀ ਹੈ। ਇਸ ਢੰਗ ਨਾਲ ਪੰਜਾਬੀ ਸਿੱਖ ਕਿ ਉਹ ਪੰਜਾਬੀ ਨਹੀਂ ਭੁੱਲਦੇ। ਉਨ੍ਹਾਂ ਕਿਹਾ ਕਿ ਉਹ ਘਰਾਂ ਵਿੱਚ ਪੰਜਾਬੀ ਨਹੀਂ ਬੋਲਦੇ ਇਸ ਕਰਕੇ ਉਨ੍ਹਾਂ ਨੂੰ ਪੰਜਾਬੀ ਸਿੱਖਣਾ ਕਾਫੀ ਵੱਡੀ ਚੁਣੌਤੀ ਹੁੰਦਾ ਹੈ ਪਰ ਮੁਹਾਰਨੀ ਦੇ ਨਾਲ ਉਹ ਪੰਜਾਬੀ ਭਾਸ਼ਾ ਜਲਦੀ ਸਿੱਖਦੇ ਹਨ।
ਇਹ ਵੀ ਪੜ੍ਹੋ : Congress Samvidhan Bachao March: ਕਾਂਗਰਸੀਆਂ ਦੇ ਸੰਵਿਧਾਨ ਬਚਾਓ ਮਾਰਚ 'ਚ ਸਿੱਧੂ ਗ਼ੈਰਹਾਜ਼ਰ ! ਰਾਜਾ ਵੜਿੰਗ ਨੇ ਦਿੱਤੀ ਸਫਾਈ
ਸੋਸ਼ਲ ਮੀਡੀਆ ਤੇ ਵਾਇਰਲ : ਦਰਅਸਲ ਨਿਰਮਲ ਸਿੰਘ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋਈ ਸੀ, ਜਿਸ ਵਿੱਚ ਉਹ ਇਸ਼ਾਰਿਆਂ ਦੇ ਨਾਲ ਪੰਜਾਬੀ ਭਾਸ਼ਾ ਸਿਖਾ ਰਹੇ ਸਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉਤੇ ਕਾਫੀ ਪਸੰਦ ਕੀਤਾ ਗਿਆ ਅਤੇ ਵੀਡੀਓ ਲੁਧਿਆਣਾ ਦੇ ਹੀ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਖੁਰਦ ਦੀ ਹੈ, ਜਿੱਥੇ ਪਿਛਲੇ ਸਾਲ ਤੋਂ ਵੀ ਨਿਰਮਲ ਸਿੰਘ ਨੇ ਪੜ੍ਹਾਉਣਾ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਉਨ੍ਹਾਂ ਨੂੰ ਪੰਜਾਬੀ ਸਿਖਾਈ ਸੀ ਉਹ ਵੀ ਇਸ ਢੰਗ ਦੀ ਵਰਤੋਂ ਕਰਦੇ ਸਨ ਅਤੇ ਇਸ ਢੰਗ ਦੇ ਨਾਲ ਪੰਜਾਬੀ ਪੜ੍ਹਾਉਣਾ ਅਤੇ ਸਿਖਾਉਣਾ ਕਾਫੀ ਰੌਚਕ ਹੈ ਅਤੇ ਬੱਚੇ ਇਸ ਨੂੰ ਸਿੱਖਦੇ ਹਨ।