ਲੁਧਿਆਣਾ: ਆਮ ਆਦਮੀ ਪਾਰਟੀ ਵੱਲੋਂ ਅੱਜ ਲੁਧਿਆਣਾ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਕਾਂਗਰਸ ਅਤੇ ਲੋਕ ਇਨਸਾਫ਼ ਪਾਰਟੀ ਤੋਂ ਆਏ ਗੱਜਣਮਾਜਰਾ, ਜ਼ੀਰਾ ਤੋਂ ਨਰੇਸ਼ ਕਟਾਰੀਆ, ਰਮੇਸ਼ ਮੇਘਵਾਲ ਤੋਂ ਇਲਾਵਾ ਹੋਰ ਕਈ ਆਗੂ 'ਆਪ' 'ਚ ਸ਼ਾਮਲ ਹੋਏ। ਇਸ ਮੌਕੇ ਸਾਂਸਦ ਭਗਵੰਤ ਮਾਨ ਨੇ ਕੈਪਟਨ ਸਰਕਾਰ 'ਤੇ ਖੂਬ ਨਿਸ਼ਾਨੇ ਵਿੰਨ੍ਹੇ।
ਪਾਰਟੀ 'ਚ ਆਉਣ ਵਾਲਿਆਂ ਨੂੰ ਖੁੱਲ੍ਹਾ ਸੱਦਾ
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਖੁੱਲ੍ਹੇ ਦਿਲ ਦੀ ਪਾਰਟੀ ਹੈ ਅਤੇ ਜੋ ਵੀ ਪਾਰਟੀ 'ਚ ਆਉਣਾ ਚਾਹੁੰਦਾ ਹੈ, ਉਸ ਨੂੰ ਖੁੱਲ੍ਹਾ ਸੱਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੋ ਪੁਰਾਣੇ ਆਗੂ ਪਾਰਟੀ ਛੱਡ ਕੇ ਗਏ ਹਨ ਜੇ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਵੀ ਪਾਰਟੀ 'ਚ ਸਵਾਗਤ ਹੈ।
SYL ਮੁੱਦੇ 'ਤੇ ਸਰਕਾਰਾਂ ਨਾਕਾਮ
ਮਾਨ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ 'ਤੇ ਕਿਹਾ ਕਿ 3 ਵਾਰ ਇਸ ਮਸਲੇ ਨੂੰ ਹੱਲ ਕਰਨ ਦੇ ਮੌਕੇ ਆਏ ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਨੂੰ ਹੱਲ ਨਹੀਂ ਕੀਤਾ। ਭਗਵੰਤ ਮਾਨ ਨੇ ਕੋਰੋਨਾ ਵਾਇਰਸ ਦੇ ਮੁੱਦੇ 'ਤੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਸਾਰ ਲੈਣ 'ਚ ਨਾਕਾਮ ਸਾਬਿਤ ਹੋਈ ਹੈ।
ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਸਰਕਾਰੀ ਹਸਪਤਾਲਾਂ ਦਾ ਪੱਧਰ ਉੱਚਾ ਚੁੱਕਣ 'ਚ ਵੀ ਨਾਕਾਮ ਰਹੀ ਹੈ। ਇਸ ਤੋਂ ਇਲਾਵਾ ਸਕੂਲਾਂ ਦੇ ਮੁੱਦੇ 'ਤੇ ਵੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰੀ ਸਕੂਲ ਜਿਸ ਹਾਲਾਤਾਂ 'ਚ ਹਨ, ਉਹ ਸਾਰੇ ਜਾਣਦੇ ਹਨ, ਉੱਥੇ ਕੀ ਪੜ੍ਹਾਈ ਹੋਵੇਗੀ।
![ਕਾਂਗਰਸ ਅਤੇ ਲੋਕ ਇਨਸਾਫ਼ ਪਾਰਟੀ ਤੋਂ ਆਏ ਆਗੂ ਆਪ 'ਚ ਸ਼ਾਮਲ](https://etvbharatimages.akamaized.net/etvbharat/prod-images/pb-ldh-01-bhagwant-maan-pc-visbyte-7205443_17082020153446_1708f_01434_172.jpg)
ਖ਼ਾਲਿਸਤਾਨ ਦਾ ਮੁੱਦਾ ਨਹੀਂ, ਨਸ਼ੇ ਦਾ ਮੁੱਦਾ ਜ਼ਰੂਰੀ
ਦੂਜੇ ਪਾਸੇ ਮਾਨ ਨੇ ਖਾਲਿਸਤਾਨ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਫਿਲਹਾਲ ਪੰਜਾਬ ਦੇ ਵਿੱਚ ਖ਼ਾਲਿਸਤਾਨ ਦਾ ਮੁੱਦਾ ਨਹੀਂ ਬੇਰੁਜ਼ਗਾਰੀ, ਅਨਪੜ੍ਹਤਾ ਅਤੇ ਨਸ਼ੇ ਦਾ ਮੁੱਦਾ ਜ਼ਰੂਰੀ ਹੈ। ਉਧਰ ਬਠਿੰਡਾ ਜੇਲ੍ਹ 'ਚ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ 'ਤੇ ਵੀ ਮਾਨ ਨੇ ਆਪਣਾ ਤਿੱਖਾ ਪ੍ਰਤੀਕਰਮ ਦਿੱਤਾ। ਮਾਨ ਨੇ ਕਿਹਾ ਕਿ ਸਰਕਾਰ ਯੂਏਪੀਏ ਦੇ ਮੁੱਦੇ 'ਤੇ ਬਿਨਾਂ ਵਜ੍ਹਾ ਨੌਜਵਾਨਾਂ ਨੂੰ ਫਸਾ ਰਹੀ ਹੈ, ਜਿਸ ਦੀ ਆਮ ਆਦਮੀ ਪਾਰਟੀ ਨਿਖੇਧੀ ਕਰਦੀ ਹੈ।
ਇਸ ਦੌਰਾਨ ਮਾਨ ਨੇ 'ਆਪ' ਦੀ ਮੁੱਢਲੀ ਲੀਡਰਸ਼ਿਪ ਤੋਂ ਬਰਖ਼ਾਸਤ ਕੀਤੇ ਗਏ ਜਰਨੈਲ ਸਿੰਘ ਦੇ ਮੁੱਦੇ 'ਤੇ ਕਿਹਾ ਕਿ ਆਮ ਆਦਮੀ ਪਾਰਟੀ ਧਰਮ ਪੱਖੀ ਪਾਰਟੀ ਹੈ, ਕਿਸੇ ਵੀ ਧਰਮ ਦੇ ਖਿਲਾਫ਼ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।