ਲੁਧਿਆਣਾ: ਨਵੀਂ ਬਣੀ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਆਪਣੇ ਸਾਥੀਆਂ ਸਣੇ ਸ਼ੁੱਕਰਵਾਰ ਨੂੰ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਲੁਧਿਆਣਾ ਦੇ ਪਿੰਡ ਈਸੜੂ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ ਖੰਨਾ ਵਿੱਚ ਵੱਖ-ਵੱਖ ਥਾਵਾਂ ਉੱਤੇ ਵੱਖ-ਵੱਖ ਪਾਰਟੀ ਦੇ ਆਗੂਆਂ ਨਾਲ ਮੁਲਾਕਤ ਕੀਤੀ।
ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਦੱਸਿਆ ਕਿ ਉਹ ਸ਼ਹੀਦਾਂ ਦੀ ਧਰਤੀ ਨੂੰ ਨਮਨ ਕਰ ਕੇ ਆਪਣੇ ਇਲਾਕੇ ਵਿੱਚ ਅਭਿਆਨ ਸ਼ੁਰੂ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦਿਨੋਂ ਦਿਨ ਪਾਰਟੀ ਨਾਲ ਆਗੂ ਵੱਡੀ ਗਿਣਤੀ 'ਚ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਟਕਸਾਲੀ ਅਕਾਲੀ ਬਾਦਲ ਪਰਿਵਾਰ ਨੇ ਪਿਛਲੇ ਸਮੇਂ ਦੌਰਾਨ ਦਰ ਕਿਨਾਰ ਕਰਕੇ ਰੱਖੇ ਸਨ, ਉਹ ਵੀ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਕਸਦ ਸ਼੍ਰੋਮਣੀ ਅਕਾਲੀ ਦੇ ਵਿਧਾਨ ਨੂੰ ਮੂਲ ਰੂਪ 'ਚ ਲਾਗੂ ਕਰਨਾ ਹੈ।
ਦੱਸ ਦੇਈਏ ਕਿ ਇਸ ਦੌਰਾਨ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਸੋਸ਼ਲ ਦੂਰੀ ਦੀ ਸ਼ਰੇਆਮ ਧੱਜੀਆਂ ਉਡਾਉਂਦੇ ਨਜ਼ਰ ਆਏ। ਜਦੋਂ ਸੁਖਦੇਵ ਸਿੰਘ ਢੀਂਡਸਾ ਨੂੰ ਸੋਸ਼ਲ ਦੂਰੀ ਦੀ ਪਾਲਣਾ ਨਾ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਉਹ ਪੂਰੀ ਤਰ੍ਹਾਂ ਸੋਸ਼ਲ ਦੂਰੀ ਬਣਾ ਕੇ ਰੱਖ ਰਹੇ ਹਨ। ਪਰ ਵੀਡੀਓ ਵਿੱਚ ਸਾਫ਼ ਵੇਖ ਸਕਦੇ ਹੋ ਕਿ ਢੀਂਡਸਾ ਦੇ ਨਾਲ ਖੜ੍ਹੇ ਲੋਕਾਂ ਨੇ ਵੀ ਮਾਸਕ ਆਪਣੇ ਮੂੰਹ ਤੋਂ ਥਲੇ ਕਰ ਰਖੇ ਹਨ।
ਇਹ ਵੀ ਪੜ੍ਹੋ:9 ਸਾਲ ਬਾਅਦ ਫੇਸਬੁੱਕ ਰਾਹੀਂ ਮਿਲੇ ਵਿਛੜੇ ਮਾਪੇ