ਲੁਧਿਆਣਾ: ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਚੋਣਾਂ ਲਈ ਜਿੱਥੇ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਉੱਥੇ ਚੋਣ ਪ੍ਰਚਾਰ ਵੀ ਸਿਆਸੀ ਪਾਰਟੀਆਂ ਵਲੋਂ ਤੇਜ਼ ਹੋ ਗਿਆ ਹੈ। ਇਸੇ ਤਹਿਤ ਅਕਾਲੀ ਦਲ ਨੇਤਾ ਸੁਖਬੀਰ ਬਾਦਲ ਵੀ ਆਪਣੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰ ਰਹੇ ਹਨ।
ਲੁਧਿਆਣਾ ਦੇ ਸੈਂਟਰਲ ਹਲਕੇ ਵਿੱਚ ਸੁਖਬੀਰ ਬਾਦਲ ਨੇ ਆਪਣੇ ਉਮੀਦਵਾਰ ਪ੍ਰਿਤਪਾਲ ਪਾਲੀ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਸੁਖਬੀਰ ਬਾਦਲ ਵੱਲੋਂ ਆਪਣੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹੀ ਕੁਝ ਦਿਨ ਹਨ, ਜ਼ੋਰ ਲਗਾ ਕੇ ਆਪਣੇ ਉਮੀਦਵਾਰ ਦਾ ਸਾਥ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਰਕਰ ਉਮੀਦਵਾਰਾਂ ਦਾ ਸਾਥ ਨਹੀਂ ਦੇਵੇਗਾ ਤਾਂ ਉਸ ਦਾ ਮਾਣ ਸਨਮਾਨ ਨਹੀਂ ਹੋਵੇਗਾ।
ਸੁਖਬੀਰ ਬਾਦਲ ਨੇ ਇਸ ਦੌਰਾਨ ਕੇਜਰੀਵਾਲ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਜੋ ਪੰਜ ਪੰਜ ਸਾਲ ਲਗਾਤਾਰ ਮਿਹਨਤ ਕਰਦੇ ਰਹੇ ਅਤੇ ਜਦੋਂ ਟਿਕਟਾਂ ਦੇਣ ਦਾ ਸਮਾਂ ਆਇਆ, ਤਾਂ ਕੇਜਰੀਵਾਲ ਨੇ ਟਿਕਟਾਂ ਹੀ ਵੇਚ ਦਿੱਤੀਆਂ। ਉਨ੍ਹਾਂ ਕਿਹਾ ਕਿ ਟਿਕਟਾਂ ਉਨ੍ਹਾਂ ਨੂੰ ਦਿੱਤੀਆਂ ਗਈਆਂ ਜੋ ਕਾਂਗਰਸ ਜਾਂ ਹੋਰ ਪਾਰਟੀਆਂ ਛੱਡ ਕੇ ਆਏ ਹਨ।
ਸੁਖਬੀਰ ਬਾਦਲ ਨੇ ਬਸਪਾ ਦੀ ਗੱਲ ਕਰਦਿਆਂ ਕਿਹਾ ਕਿ ਬਸਪਾ ਨਾਲ ਉਨ੍ਹਾਂ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ ਅਤੇ ਡਿਪਟੀ ਸੀਐਮ ਬਸਪਾ ਦਾ ਹੀ ਬਣਾਇਆ ਜਾਵੇਗਾ।
ਕੋਰੋਨਾ ਨਿਯਮਾਂ ਦੀਆਂ ਉੱਡਾਈਆਂ ਧੱਜੀਆਂ
ਲੁਧਿਆਣਾ ਦੇ ਆਤਮ ਨਗਰ ਹਲਕੇ ਵਿੱਚ ਪ੍ਰਚਾਰ ਕਰਨ ਤੋਂ ਬਾਅਦ, ਸੁਖਬੀਰ ਬਾਦਲ ਨੇ ਇਸ ਦੌਰਾਨ ਵੱਡਾ ਇਕੱਠ ਕੀਤਾ ਗਿਆ। ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਸੁਖਬੀਰ ਬਾਦਲ ਖੁਦ ਵੀ ਬਿਨਾਂ ਮਾਸਕ ਵਿਖਾਈ ਦਿੱਤੇ। ਇੱਥੋਂ ਤੱਕ ਕਿ ਵਰਕਰਾਂ ਦਾ ਵੱਡਾ ਇਕੱਠ ਵੀ ਕੀਤਾ ਗਿਆ। ਹਾਲਾਂਕਿ ਚੋਣ ਕਮਿਸ਼ਨ ਨੇ ਪਹਿਲਾਂ ਹੀ ਵੱਡੇ ਇਕੱਠ ਤੋਂ ਸਾਫ਼ ਮਨਾ ਕੀਤਾ ਹੈ, ਪਰ ਇਸ ਦੌਰਾਨ ਵੱਡੀ ਗਿਣਤੀ ਵਿੱਚ ਵਰਕਰਾਂ ਦਾ ਇਕੱਠ ਵਿਖਾਈ ਦਿੱਤਾ ਹੈ।