ਲੁਧਿਆਣਾ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਵਾਰ ਅੱਠਵੀਂ ਦੀ ਪ੍ਰੀਖਿਆ ਲਈ ਜਾ ਰਹੀ ਹੈ ਤੇ ਇਸ ਸਬੰਧੀ ਵਿਭਾਗ ਵੱਲੋਂ ਸਾਰੇ ਹੀ ਪ੍ਰਬੰਧ ਮੁਕੰਮਲ ਕਰ ਲਏ ਜਾਣ ਦੇ ਦਾਅਵੇ ਕੀਤੇ ਗਏ। ਪਰ ਇਸ ਦੇ ਉਲਟ ਮਾਛੀਵਾੜਾ ਦੇ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਠਵੀਂ ਦੀ ਪ੍ਰੀਖਿਆ ਦੇਣ ਆਏ ਵਿਦਿਆਰਥੀ ਦਾ ਭਵਿੱਖ ਬੋਰਡ ਦੇ ਨਾਕਸ ਪ੍ਰਬੰਧਾਂ ਕਾਰਨ ਦਾਅ ’ਤੇ ਲੱਗ ਗਿਆ। ਜਦ ਇਮਤਿਹਾਨ ਉਨ੍ਹਾਂ ‘ਮੋਮਬੱਤੀਆਂ ਦੀ ਲੋਅ’ ਹੇਠ ਅਤੇ ਕਈਆਂ ਨੇ ਘੁੱਪ ਹਨ੍ਹੇਰੇ ’ਚ ਦਿੱਤਾ।
ਮਾਛੀਵਾੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਅੱਠਵੀਂ ਦੇ ਸਮਾਜਿਕ ਸਿੱਖਿਆ ਵਿਸ਼ੇ ਦੀ ਪ੍ਰੀਖਿਆ ਸ਼ੁਰੂ ਹੋਈ, ਜਿਸ ’ਚ ਵੱਖ-ਵੱਖ ਸਕੂਲਾਂ ਤੋਂ ਪ੍ਰੀਖਿਆ ਦੇਣ ਆਏ 246 ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੀਖਿਆ ਸ਼ੁਰੂ ਹੋਣ ਤੋਂ ਕੁੱਝ ਸਮੇਂ ਬਾਅਦ ਹੀ ਲਾਈਟ ਚਲੀ ਗਈ, ਜਿਸ ਕਾਰਨ ਪ੍ਰੀਖਿਆ ਕੇਂਦਰ ’ਚ ਹਨ੍ਹੇਰਾ ਛਾਹ ਗਿਆ।
ਪ੍ਰੀਖਿਆ ਲੈਣ ਵਾਲੇ ਅਧਿਆਪਕਾਂ ਵੱਲੋਂ ਬੇਸ਼ੱਕ ਕੇਂਦਰ ਦੀਆਂ ਖਿੜਕੀਆਂ ਖੋਲ੍ਹ ਦਿੱਤੀਆਂ ਗਈਆਂ ਪਰ ਫਿਰ ਵੀ ਜਦੋਂ ਬੱਚਿਆਂ ਨੂੰ ਰੌਸ਼ਨੀ ਪੂਰੀ ਨਾ ਮਿਲੀ ਤਾਂ ਕੁੱਝ ਡੈਸਕਾਂ ’ਤੇ ਮੋਮਬੱਤੀਆਂ ਜਗ੍ਹਾ ਦਿੱਤੀਆਂ ਗਈਆਂ। ਜਿਨ੍ਹਾਂ ਦੀ ਲੋਅ ਹੇਠ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ।
ਇਸ ਸਬੰਧੀ ਜਦ ਡਿਪਟੀ ਕੰਟਰੋਲਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸਰਕਾਰ ਤੇ ਸਿੱਖਿਆ ਬੋਰਡ ਦੀ ਮਾੜੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਦਾ ਹੈ ਕਿ ਇੱਕ ਪਾਸੇ ਤਾਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੇ ਲਾਰੇ ਲਗਾਏ ਜਾ ਰਹੇ ਹਨ ਤੇ ਦੂਜੇ ਪਾਸੇ ਪ੍ਰੀਖਿਆ ਕੇਂਦਰਾਂ ’ਚ ਲਾਈਟ ਜਾਣ ’ਤੇ ਜਰਨੇਟਰ ਦੇ ਪ੍ਰਬੰਧ ਵੀ ਨਹੀਂ ਸਨ।