ਲੁਧਿਆਣਾ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਅੰਦੋਲਨ ਬੀਤੇ ਕਈ ਸਮੇਂ ਤੋਂ ਲਗਾਤਾਰ ਦਿੱਲੀ ਦੇ ਵਿੱਚ ਜਾਰੀ ਹੈ। ਇਸ ਦੌਰਾਨ ਬੈਠਕਾਂ ਲਗਾਤਾਰ ਹੋ ਰਹੀਆਂ ਹਨ ਪਰ ਹਾਲੇ ਤੱਕ ਕੋਈ ਵੀ ਇਸ ਦਾ ਹੱਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ। ਬੀਤੇ ਦਿਨੀਂ ਭਾਜਪਾ ਕਿਸਾਨ ਮੋਰਚਾ ਦੇ ਕੌਮੀ ਬੁਲਾਰੇ ਕਮਲਜੀਤ ਸੋਈ ਅਤੇ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਵੱਲੋਂ ਖੇਤੀਬਾੜੀ ਮੰਤਰੀ ਤੋਮਰ ਨਾਲ ਬੈਠਕ ਕੀਤੀ ਗਈ ਸੀ, ਹਾਲਾਂਕਿ ਇਹ ਬੈਠਕ ਵੀ ਬੇਸਿੱਟਾ ਹੀ ਰਹੀ ਸੀ।
ਇਸ ਵਿੱਚ ਪੰਜਾਬ ਦੀ ਗੱਲ ਉਨ੍ਹਾਂ ਸਾਹਮਣੇ ਰੱਖੀ ਗਈ ਬੈਠਕ ਤੋਂ ਬਾਅਦ ਸਾਡੇ ਸਹਿਯੋਗੀ ਵੱਲੋਂ ਲੁਧਿਆਣਾ ਪਹੁੰਚਣ 'ਤੇ ਕਮਲਜੀਤ ਸੋਈ ਨਾਲ ਕਿਸਾਨੀ ਮੁੱਦੇ ਤੇ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡੇ ਲਈ ਪੰਜਾਬ ਪਹਿਲ ਹੈ ਅਤੇ ਪੰਜਾਬ ਦੇ ਕਿਸਾਨ ਹੀ ਮੁੱਖ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਚਾਹੁੰਦੇ ਹਨ ਕਿ ਇਹ ਮਾਮਲਾ ਹੱਲ ਹੋਵੇ ਪਰ ਕਿਸਾਨ ਨੂੰ ਪੂਰੇ ਦੇਸ਼ ਬਾਰੇ ਸੋਚਣ ਤੋਂ ਪਹਿਲਾਂ ਪੰਜਾਬ ਅਤੇ ਆਪਣੇ ਬੱਚਿਆਂ ਬਾਰੇ ਸੋਚਣਾ ਚਾਹੀਦਾ ਹੈ।
ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਮਲਜੀਤ ਸੋਈ ਨੇ ਦੱਸਿਆ ਕਿ ਕਿਸਾਨ ਅੰਦੋਲਨ ਦਿੱਲੀ ਦੇ ਵਿੱਚ ਚੱਲ ਰਿਹਾ ਹੈ। ਬੀਤੇ ਦਿਨੀਂ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਦੀ ਬੈਠਕ ਖੇਤੀਬਾੜੀ ਮੰਤਰੀ ਤੋਮਰ ਨਾਲ ਕਰਵਾਈ ਗਈ ਹੈ। ਇਸ ਦੌਰਾਨ ਕਾਫ਼ੀ ਸਕਾਰਾਤਮਕ ਗੱਲਬਾਤ ਹੋਈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਦੀ ਭਲੀ ਚਾਹੁੰਦੇ ਹਨ। ਇਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਗੁੰਮਰਾਹ ਨਾ ਹੋਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਪਹਿਲਾਂ ਆਪਣੇ ਬਾਰੇ ਸੋਚਣਾ ਚਾਹੀਦਾ ਹੈ, ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਨਹੀਂ ਚਾਹੁੰਦੇ ਤਾਂ ਪੰਜਾਬ ਅਤੇ ਹਰਿਆਣਾ ਦੇ ਵਿੱਚ ਇਹ ਕਾਨੂੰਨ ਲਾਗੂ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨ ਕਾਨੂੰਨ ਰੱਦ ਕਰਨ ਤੇ ਅੜੇ ਹੋਏ ਹਨ, ਪੂਰੇ ਦੇਸ਼ ਲਈ ਇਹ ਕਾਨੂੰਨ ਹੈ। ਇਸ ਦੌਰਾਨ ਸਾਡੇ ਸਹਿਯੋਗੀ ਵੱਲੋਂ ਕਿਸਾਨ ਦੇ ਸਵਾਲ ਵੀ ਉਨ੍ਹਾਂ ਅੱਗੇ ਚੁੱਕੇ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਦੀ ਭਲੀ ਚਾਹੁੰਦੇ ਹਨ। ਪੰਜਾਬ ਦੇ ਲੋਕਾਂ ਦੀ ਕਿਸਾਨਾਂ ਦੀ ਭਲੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਖੇਤੀ 'ਤੇ ਨਿਰਭਰ ਹਨ। ਇੱਥੇ ਕੋਈ ਵੱਡੀ ਇੰਡਸਟਰੀ ਨਹੀਂ ਇਸ ਕਰਕੇ ਕੋਈ ਸਕਾਰਾਤਮਕ ਗੱਲ ਜ਼ਰੂਰ ਹੋਣੀ ਚਾਹੀਦੀ ਹੈ। ਪਰ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਕਿਸਾਨਾਂ ਲਈ ਚਿੰਤਿਤ ਹੈ ਅਤੇ ਹਰ ਫਰੰਟ 'ਤੇ ਉਨ੍ਹਾਂ ਨਾਲ ਸਮਝੌਤਾ ਕਰਨ ਲਈ ਤਿਆਰ ਹੈ।