ਲੁਧਿਆਣਾ: ਅਕਸਰ ਹੀ ਵੱਡੀਆਂ-ਵੱਡੀਆਂ ਪਾਰਟੀਆਂ ਚੋਣਾਂ ਦੌਰਾਨ ਆਪਣੇ ਸੀਨੀਅਰ ਅਤੇ ਬਜ਼ੁਰਗ ਲੀਡਰਾਂ ਨੂੰ ਭੁੱਲਦੀਆਂ ਰਹਿੰਦੀਆਂ ਹਨ, ਪਰ ਜੇਕਰ ਕੋਈ ਆਪਣੇ ਪਾਰਟੀ ਦੀ ਸੁਪਰੀਮੋ ਨੂੰ ਹੀ ਕੰਢੇ ਕਰ ਦੇਵੇ ਤਾਂ ਹੈਰਾਨੀ ਤਾਂ ਜ਼ਰੂਰ ਹੁੰਦੀ ਹੈ। ਲੁਧਿਆਣਾ ਤੋਂ ਕਾਗਰਸੀ ਉਮੀਦਵਾਰ ਰਵਨੀਤ ਬਿੱਟੂ ਦੇ ਦਫ਼ਤਰ 'ਚ ਜੋ ਪੋਸਟਰ ਲੱਗੇ ਹਨ ਉਨ੍ਹਾਂ ਪੋਸਟਰਾਂ 'ਤੇ ਪਾਰਟੀ ਸੁਪਰੀਮੋ ਸੋਨੀਆ ਗਾਂਧੀ ਦੀਆਂ ਤਸਵੀਰਾਂ ਹੀ ਗਾਇਬ ਹਨ। ਪੋਸਟਰ 'ਚ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ, ਆਸ਼ਾ ਕੁਮਾਰੀ, ਡਾ. ਮਨਮੋਹਨ ਸਿੰਘ, ਬੇਅੰਤ ਸਿੰਘ ਦੀਆਂ ਤਸਵੀਰਾਂ ਹਨ, ਪਰ ਸੋਨੀਆ ਗਾਂਧੀ ਇਸ ਪੋਸਟਰ ਤੋਂ ਗਾਇਬ ਹਨ।
ਕਾਂਗਰਸ ਅਕਸਰ ਭਾਜਪਾ 'ਤੇ ਇਹ ਇਲਜ਼ਾਮ ਲਗਾਉਂਦੀ ਰਹੀ ਹੈ ਕਿ ਭਾਜਪਾ ਦੇ ਪੋਸਟਰਾਂ ਤੋਂ ਐੱਲ ਕੇ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਵਰਗੇ ਲੀਡਰ ਗਾਇਬ ਰਹਿੰਦੇ ਹਨ ਪਰ ਹੁਣ ਕਾਂਗਰਸ ਤੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ। ਕਾਂਗਰਸ ਦੇ ਇਹ ਪੋਸਟਰ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ ਅਤੇ ਵਿਰੋਧੀਆਂ ਵੱਲੋਂ ਇਸ ਨੂੰ ਲੈ ਕੇ ਨਿਸ਼ਾਨੇ ਵੀ ਸਾਧੇ ਜਾ ਰਹੇ ਹਨ। ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਹੈ ਕਿ ਜਿਵੇਂ ਕਾਂਗਰਸ ਦੇ ਬੋਰਡਾਂ 'ਚ ਸੋਨੀਆ ਗਾਂਧੀ ਗਾਇਬ ਹੈ ਉਵੇਂ ਹੀ ਚੋਣਾਂ ਤੋਂ ਬਾਅਦ ਕਾਂਗਰਸੀ ਦੇਸ਼ 'ਚੋਂ ਗਾਇਬ ਹੋ ਜਾਣਗੇ।