ਲੁਧਿਆਣਾ: ਪੰਜਾਬ ਦੇ ਗਾਇਕ ਆਪਣੀ ਲਾ ਲਸ਼ਕਰ ਲਈ ਜਾਣੇ ਜਾਂਦੇ ਨੇ ਅਤੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਤਾਜ਼ਾ ਮਾਮਲਾ ਲੁਧਿਆਣਾ ਦੀ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਇਆ ਹੈ ਜਿਥੇ ਬੀਤੇ ਦਿਨ ਕਰਨ ਔਜਲਾ ਉਨ੍ਹਾਂ ਆਪਣੇ ਸਾਥੀਆਂ ਦੇ ਨਾਲ ਜੇਲ੍ਹ ਵਿੱਚ ਪਹੁੰਚੇ। ਇਸ ਦੌਰਾਨ ਨਾਂ ਤਾਂ ਉਨ੍ਹਾਂ ਦਾ ਮੋਬਾਇਲ ਚੈੱਕ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਜੇਲ੍ਹ ਵਿੱਚ ਰੋਕਿਆ ਗਿਆ ਸਗੋਂ ਲੋਕ ਉਨ੍ਹਾਂ ਨਾਲ ਸੈਲਫ਼ੀ ਖਿਚਵਾਉਂਦੇ ਵਿਖਾਈ ਦਿੱਤੇ। ਹਾਲਾਂਕਿ ਇਸ ਮਾਮਲੇ ਵਿੱਚ ਲੁਧਿਆਣਾ ਸੈਂਟਰਲ ਜੇਲ੍ਹ ਦੇ ਸੁਪਰਡੈਂਟ ਨੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ।
ਸੂਤਰਾਂ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਸੁਪਰਡੈਂਟ ਦਾ ਇਹ ਬਿਆਨ ਸਾਹਮਣੇ ਆਇਆ ਹੈ ਕਿ ਕਰਨ ਔਜਲਾ ਉਨ੍ਹਾਂ ਦੇ ਮੁੰਡੇ ਦੇ ਦੋਸਤ ਹਨ ਅਤੇ ਉਨ੍ਹਾਂ ਨਾਲ ਉਸ ਦੇ ਘਰੇਲੂ ਸਬੰਧ ਹਨ ਅਤੇ ਉਹ ਲੰਚ ਕਰਨ ਲਈ ਉਨ੍ਹਾਂ ਕੋਲ ਆਇਆ ਸੀ। ਉਨ੍ਹਾਂ ਦੱਸਿਆ ਜਾ ਰਿਹਾ ਹੈ ਕਿ ਕਰਨ ਔਜਲਾ ਪੁਲਿਸ ਦੇ ਨਾਲ 8 ਗੱਡੀਆਂ ਲੈ ਕੇ ਜੇਲ੍ਹਾਂ ਵਿੱਚ ਪਹੁੰਚੇ ਸਨ ਇਸ ਦੌਰਾਨ ਜੇਲ੍ਹ ਵਿੱਚ ਐਂਟਰੀ ਸਮੇਂ ਉਨ੍ਹਾਂ ਦਾ ਮੋਬਾਇਲ ਵੀ ਨਹੀਂ ਰਖਵਾਇਆ ਗਿਆ ਅਤੇ ਸਾਰੇ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ।
ਇੱਥੇ ਇਹ ਵੀ ਦੱਸਦੇ ਚਲੀਏ ਕਿ ਲੁਧਿਆਣਾ ਡਰੱਗ ਰੈਕਟ ਮਾਮਲੇ ਵਿੱਚ ਜੇਲ੍ਹ ਵਿੱਚ ਕੈਦ ਗੁਰਦੀਪ ਸਿੰਘ ਰਾਣੋ ਨਾਲ ਵੀ ਕਰਨ ਔਜਲਾ ਦੇ ਸੰਬੰਧ ਸਾਹਮਣੇ ਆਏ ਸਨ ਉਸ ਦੀ ਕੋਠੀ ਵਿੱਚ ਕਰਨ ਔਜਲਾ ਨੇ ਆਪਣੇ ਗਾਣੇ ਦੀ ਸ਼ੂਟਿੰਗ ਕੀਤੀ ਸੀ ਅਤੇ ਗੁਰਦੀਪ ਰਾਣੋ ਵੀ ਇਸੇ ਜੇਲ੍ਹ ਵਿੱਚ ਬੰਦ ਹੈ ਅਤੇ ਐੱਸਟੀਐੱਫ ਵੱਲੋਂ ਬੀਤੇ ਦਿਨੀਂ ਇਸ ਮਾਮਲੇ ਵਿੱਚ ਕਰਨ ਔਜਲਾ ਤੋਂ ਪੁੱਛਗਿੱਛ ਵੀ ਕੀਤੀ ਗਈ ਸੀ, ਇਸ ਪੂਰੇ ਮਾਮਲੇ ਦੀ ਇੱਕ ਵੀਡੀਓ ਅਤੇ ਕੁਝ ਤਸਵੀਰਾਂ ਵੀ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।
ਉਧਰ ਇਸ ਪੂਰੇ ਮਾਮਲੇ ਵਿੱਚ ਏਡੀਜੀਪੀ ਜੇਲ੍ਹ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਕਰਵਾਉਣ ਦੀ ਗੱਲ ਵੀ ਕਹੀ ਹੈ।