ਲੁਧਿਆਣਾ: ਸ਼ਹੀਦਾਂ ਦੇ ਖਿਲਾਫ਼ ਬੋਲਣ ਦੇ ਮਾਮਲੇ 'ਚ ਗਾਇਕ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਲੀਡਰ ਰਹਿ ਚੁੱਕੇ ਜੱਸੀ ਜਸਰਾਜ 'ਤੇ ਪਰਚਾ ਦਰਜ ਕੀਤਾ ਗਿਆ ਹੈ। ਇਹ ਪਰਚਾ ਸ਼ਹੀਦ ਸੁਖਦੇਵ ਥਾਪਰ ਦੇ ਦੋਹਤੇ ਵਿਸ਼ਾਲ ਨਈਅਰ ਨੇ ਕਰਵਾਇਆ ਹੈ। ਬੀਤੇ ਚਾਰ ਦਿਨ ਤੋਂ ਉਹ ਲੁਧਿਆਣਾ ਦੇ ਜਗਰਾਓਂ ਪੁਲ 'ਤੇ ਭੁੱਖ ਹੜਤਾਲ 'ਤੇ ਬੈਠੇ ਸਨ ਅਤੇ ਆਖਰਕਾਰ ਪੁਲਿਸ ਪ੍ਰਸ਼ਾਸਨ ਨੂੰ ਝੁਕਣਾ ਪਿਆ ਅਤੇ ਜੱਸੀ ਜਸਰਾਜ ਦੇ ਖ਼ਿਲਾਫ਼ ਧਾਰਾ 294 ਦੇ ਤਹਿਤ ਪਰਚਾ ਦਰਜ ਕਰ ਲਿਆ। ਇਸ ਦੀ ਜਾਣਕਾਰੀ ਲੁਧਿਆਣਾ ਦੇ ਡਿਵੀਜ਼ਨ ਨੰਬਰ 8 ਦੇ ਐਸਐਚਓ ਨੇ ਦਿੱਤੀ ਹੈ।
ਸ਼ਹੀਦ ਸੁਖਦੇਵ ਦੇ ਦੋਹਤੇ ਵਿਸ਼ਾਲ ਨਈਅਰ ਨੇ ਦੱਸਿਆ ਕਿ ਉਹ ਬੀਤੇ 4 ਦਿਨ ਤੋਂ ਭੁੱਖ ਹੜਤਾਲ 'ਤੇ ਬੈਠੇ ਸੀ। ਜੱਸੀ ਜਸਰਾਜ ਵੱਲੋਂ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਸ਼ਹੀਦਾਂ ਦੇ ਖਿਲਾਫ਼ ਗਲਤ ਸ਼ਬਦਾਵਲੀ ਵਰਤੀ ਗਈ ਸੀ ਜਿਸ ਕਰਕੇ ਉਨ੍ਹਾਂ ਨੇ ਪਹਿਲਾਂ ਪੁਲਿਸ ਕੋਲ ਮਾਮਲਾ ਦਰਜ ਕਰਵਾਉਣ ਲਈ ਕਿਹਾ ਪਰ ਜਦੋਂ ਕਾਰਵਾਈ ਨਾ ਹੋਈ ਤਾਂ ਉਨ੍ਹਾਂ ਨੇ ਭੁੱਖ ਹੜਤਾਲ ਕਰਨ ਦਾ ਫੈਸਲਾ ਲਿਆ। 4 ਦਿਨ ਲਗਾਤਾਰ ਭੁੱਖ ਹੜਤਾਲ ਕਰਨ ਤੋਂ ਬਾਅਦ ਆਖਿਰਕਾਰ ਪੁਲਿਸ ਪ੍ਰਸ਼ਾਸਨ ਨੂੰ ਝੁਕਣਾ ਪਿਆ ਅਤੇ ਉਨ੍ਹਾਂ ਵੱਲੋਂ ਪਰਚਾ ਦਰਜ ਕਰ ਲਿਆ ਗਿਆ। ਵਿਸ਼ਾਲ ਨੇ ਕਿਹਾ ਕਿ ਸ਼ਹੀਦਾਂ ਦੇ ਖਿਲਾਫ਼ ਉਹ ਕੁੱਝ ਵੀ ਸੁਣਨਾ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਕਰਕੇ ਹੀ ਅੱਜ ਅਸੀਂ ਆਜ਼ਾਦ ਦੇਸ਼ ਵਿੱਚ ਸਾਹ ਲੈਣ ਲਈ ਕਾਮਯਾਬ ਹੋਏ ਹਾਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਜਰਨੈਲ ਸਿੰਘ ਨੇ ਕਿਹਾ ਕਿ 294 ਧਾਰਾ ਦੇ ਤਹਿਤ ਜੱਸੀ ਜਸਰਾਜ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਸ਼ਾਲ ਨਈਅਰ ਦੀ ਸ਼ਿਕਾਇਤ ਦੇ ਆਧਾਰ 'ਤੇ ਹੀ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਗੇ ਦੀ ਕਾਰਵਾਈ ਲਈ ਜੱਸੀ ਜਸਰਾਜ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ।