ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਸੰਨੀ ਕੈਂਥ ਨਾਲ ਹੋਈ ਕੁੱਟਮਾਰ ਦੇ ਮਾਮਲੇ ਦਾ ਸਖਤ ਨੋਟਿਸ ਲਿਆ ਹੈ। ਬੈਂਸ ਨੇ ਪੁਲਿਸ ਕਮਿਸ਼ਨਰ ਨੂੰ ਸਾਫ਼ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੰਨੀ ਕੈਂਥ 'ਤੇ ਹਮਲਾ ਕਰਨ ਵਾਲੇ ਕਾਂਗਰਸੀ ਵਰਕਰਾਂ ਵਿਰੁੱਧ ਬਣਦੀਆਂ ਧਰਾਵਾਂ ਨਾ ਲੱਗੀਆਂ ਤਾਂ ਉਹ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਨਗੇ, ਜਿਸ ਤਹਿਤ ਧਰਨੇ ਪ੍ਰਦਰਸ਼ਨ ਵੀ ਕੀਤੇ ਜਾਣਗੇ। ਇਸ ਤੋਂ ਇਲਾਵਾ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਕਮਿਸ਼ਨਰ ਦੇ ਕੰਮਾਂ ਦਾ ਕੱਚਾ-ਚਿੱਠਾ ਲੋਕਾਂ ਦੀ ਕਚਹਿਰੀ ਵਿੱਚ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਪੁਲਿਸ ਕਮਿਸ਼ਨਰ ਸ਼ਹਿਰ ਲੁਧਿਆਣਾ ਦਾ ਲਾਅ ਐਂਡ ਆਰਡਰ ਸਾਂਭਣ ਦੇ ਯੋਗ ਨਹੀਂ ਹੈ, ਸਗੋਂ ਸਿਰਫ਼ ਖ਼ੁਸ਼ਾਮਦੀ ਕਰਨ ਦੇ ਕਾਬਿਲ ਹੈ ਉਨ੍ਹਾਂ ਕਿਹਾ ਕਿ ਇਹ ਦਸਤਾਰ ਦੀ ਹੋਈ ਬੇਅਦਬੀ ਵੀ ਪੁਲਿਸ ਕਮਿਸ਼ਨਰ ਨੇ ਆਪਣੀ ਪੁਲਿਸ ਦੀ ਏਜੰਸੀ ਤੋਂ ਕਰਵਾਈ ਹੈ। ਬੈਂਸ ਨੇ ਕਿਹਾ ਕਿ ਉਹ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਕਮਿਸ਼ਨਰ ਵੱਲੋਂ ਕੀਤੇ ਗਏ ਅਤੇ ਕੀਤੇ ਜਾ ਰਹੇ ਘਟੀਆ ਕੰਮਾਂ ਦਾ ਸਾਰਾ ਕੱਚਾ-ਚਿੱਠਾ ਲੋਕਾਂ ਅੱਗੇ ਰੱਖਣਗੇ।
ਬੈਂਸ ਨੇ ਕਿਹਾ ਕਿ ਜੇਕਰ 48 ਘੰਟਿਆਂ ਅੰਦਰ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸਮਰਥਕਾਂ ਨੂੰ ਨਾਲ ਲੈ ਕੇ ਪੁਲਿਸ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਨਗੇ। ਇਸੇ ਲੜੀ ਵਿੱਚ ਉਹ ਕੱਲ 11 ਵਜੇ ਧਰਨੇ ਦੇਣਗੇ। ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਆਪਣੇ ਹੱਕ ਦੀ ਆਵਾਜ਼ ਲਈ ਪਿੱਛੇ ਨਹੀਂ ਹਟੇਗੀ।