ਲੁਧਿਆਣਾ: ਹਲਕਾ ਦਾਖਾ ਤੋਂ ਲੋਕ ਇਨਸਾਫ਼ ਪਾਰਟੀ ਦੀ ਟਿਕਟ 'ਤੇ ਚੋਣ ਮੈਦਾਨ 'ਚ ਉੱਤਰੇ ਉਮੀਦਵਾਰ ਸੰਤੋਖ਼ ਸਿੰਘ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਦਾਖਾ ਪਹੁੰਚੇ ਸਿਮਰਜੀਤ ਬੈਂਸ ਨੇ ਰਵਨੀਤ ਬਿੱਟੂ ਵੱਲੋਂ ਰਾਜੋਆਣਾ ਖ਼ਿਲਾਫ਼ ਦਿੱਤੇ ਗਏ ਬਿਆਨ 'ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ।
ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਰੀ 'ਚ ਲਿਆ ਗਿਆ ਸਹੀ ਫੈਸਲਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਇਸ ਚੰਗੇ ਕਦਮ ਦੀ ਉਹ ਸ਼ਲਾਘਾ ਕਰਦੇ ਹਨ। ਇਸ ਮੌਕੇ ਬੈਂਸ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕੀ ਸਜ਼ਾ ਭੁਗਤ ਚੁੱਕੇ ਅਤੇ ਜੇਲ੍ਹਾਂ 'ਚ ਬੰਦ ਹੋਰ ਸਿੱਖ ਕੈਦਿਆਂ ਨੂੰ ਵੀ ਰਿਹਾਅ ਕੀਤਾ ਜਾਵੇ।
ਰਵਨੀਤ ਬਿੱਟੂ ਵੱਲੋਂ ਰਾਜੋਆਣਾ ਦਾ ਵਿਰੋਧ ਕੀਤੇ ਜਾਣ 'ਤੇ ਬੈਂਸ ਨੇ ਤਿੱਖਾ ਹਮਲਾ ਕੀਤਾ 'ਤੇ ਕਿਹਾ ਕਿ ਬਿੱਟੂ ਵਰਗੇ ਲੋਕ ਅੱਤਵਾਦ ਵਰਗੇ ਸ਼ਬਦਾਂ ਦਾ ਇਸਤੇਮਾਲ ਕਰ ਕੇ ਪੰਜਾਬੀਆਂ ਦੇ ਹੱਕਾਂ ਨੂੰ ਪੈਰਾਂ ਵਿੱਚ ਰੋਲ ਰਹੇ ਹਨ। ਬੈਂਸ ਨੇ ਕਿਹਾ ਕਿ ਆਪਣੇ ਪਰਿਵਾਰ ਦੀ ਰਾਜਨੀਤੀ ਲਈ ਬਿੱਟੂ ਵੱਲੋਂ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ ਜੋ ਮੰਦਭਾਗਾ ਹੈ।
ਬੈਂਸ ਨੇ ਰਵਨੀਤ ਬਿੱਟੂ ਨੂੰ ਅਪੀਲ ਕੀਤੀ ਕਿ ਸਮਾਂ ਸਾਰੇ ਜ਼ਖ਼ਮ ਭਰ ਦਿੰਦਾ ਹੈ ਅਤੇ ਬਿੱਟੂ ਇਸ ਤਰ੍ਹਾਂ ਦੇ ਬਿਆਨ ਨਾ ਦੇਣ, ਹਿੰਦੂ-ਸਿੱਖਾਂ ਦੀ ਏਕਤਾ ਨੂੰ ਖ਼ੋਰਾ ਲਗਾ ਆਪਣੀ ਰਾਜਨੀਤੀ ਨਾ ਚਮਕਾਉਣ। ਬੈਂਸ ਨੇ ਕਿਹਾ ਕਿ ਰਾਜੋਆਣਾ ਦੀ ਸਜ਼ਾ ਨੂੰ ਲੈ ਕੇ ਕਾਂਗਰਸ ਆਪਸ ਵਿੱਚ ਵੰਡੀ ਹੋਈ ਹੈ ਮੁੱਖ ਮੰਤਰੀ ਅਤੇ ਬਿੱਟੂ ਦੇ ਬਿਆਨ ਹੀ ਆਪਸ ਵਿੱਚ ਨਹੀਂ ਰਲ ਰਹੇ।