ਲੁਧਿਆਣਾ: ਓੜੀਸ਼ਾ ਵਿੱਚ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਥਾਵਾਂ ਦਾ ਦੌਰਾ ਕਰਨ ਤੋਂ ਬਾਅਦ ਅਤੇ ਉੜੀਸਾ ਸਰਕਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਮੰਗਲਵਾਰ ਨੂੰ ਲੋਕ ਇਨਸਾਫ਼ ਪਾਰਟੀ ਵੱਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਦੱਸਿਆ ਗਿਆ ਕਿ ਉੱਥੇ ਗੁਰਦੁਆਰਾ ਸਾਹਿਬਾਨਾਂ ਦੇ ਹਾਲਾਤ ਕੀ ਹਨ ਅਤੇ ਮੰਗੂ ਮੱਠ 'ਤੇ ਕਿੰਨੀ ਥਾਂ ਨੂੰ ਢਹਿ ਢੇਰੀ ਕੀਤਾ ਗਿਆ ਹੈ।
ਸਿਮਰਜੀਤ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਵਜ਼ੀਰ ਪੂਰੀ ਤਰ੍ਹਾਂ ਫੇਲ ਹਨ। ਸਕੂਲਾਂ ਵਿੱਚ ਤਿੰਨ ਸਾਲ ਤੋਂ ਕੋਈ ਕੰਮ ਨਹੀ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਵਿਧਾਇਕ ਲੋਕਾਂ ਦਾ ਧਿਆਨ ਭਟਕਾਉਣ ਲਈ ਬਿਆਨਬਾਜ਼ੀ ਕਰ ਰਹੇ ਹਨ। ਸੁਖਬੀਰ ਬਾਦਲ ਵੱਲੋਂ ਮਾੜੀ ਆਰਥਿਕਤਾ ਦਾ ਅਤੇ ਰੇਤ ਮਾਫੀਆ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਜੋ ਸਵਾਲ ਖੜ੍ਹੇ ਕੀਤੇ ਹਨ ਨੂੰ ਲੈ ਕੇ ਬੈਂਸ ਨੇ ਕਿਹਾ ਕਿ ਉਸ ਨੂੰ ਖ਼ੁਦ ਆਪਣੀ ਪੀੜ੍ਹੀ ਹੇਠ ਸੋਟਾ ਮਾਰਨਾ ਚਾਹੀਦਾ ਹੈ।
ਉਧਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ 'ਤੇ ਦਿੱਤੇ ਬਿਆਨ ਨੂੰ ਲੈ ਕੇ ਬੈਂਸ ਨੇ ਕਿਹਾ ਕਿ ਅਕਾਲੀ ਦਲ 'ਚ ਅਗਲੇ ਦਿਨਾਂ 'ਚ ਵੱਡਾ ਫੇਰਬਦਲ ਹੋਵੇਗਾ। ਉਥੇ ਹੀ ਬਲਵਿੰਦਰ ਬੈਂਸ ਨੇ ਕਿਹਾ ਕਿ ਉੜੀਸ਼ਾ ਦੀ ਸਰਕਾਰ ਦੇ ਨਾਲ ਉਨ੍ਹਾਂ ਦੀ ਸਾਰਥਕ ਗੱਲ ਹੋਈ ਹੈ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਆਪਣੇ ਸੁੰਦਰੀਕਰਨ ਦਾ ਨਕਸ਼ਾ ਜ਼ਰੂਰ ਰਿਵਿਊ ਕਰਨਗੇ ਅਤੇ ਨਾਲ ਹੀ ਗੁਰਦੁਆਰਾ ਸਾਹਿਬਾਨਾਂ ਦੀ ਇਮਾਰਤ ਦੀ ਉਸਾਰੀ ਕਰਵਾਈ ਜਾਵੇਗੀ।
ਇਹ ਵੀ ਪੜੋ: CAA protest: ਸੋਨੀਆ-ਪ੍ਰਿਯੰਕਾ ਵਿਰੁੱਧ ਭੜਕਾਉ ਭਾਸ਼ਣ ਦੇਣ ਲਈ ਸ਼ਿਕਾਇਤ ਦਰਜ
ਬਲਵਿੰਦਰ ਬੈਂਸ ਨੇ ਕਿਹਾ ਕਿ ਉਹ ਇਸ ਸਬੰਧੀ ਐਸਜੀਪੀਸੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਗੱਲਬਾਤ ਕਰਨਗੇ ਅਤੇ ਉਥੋਂ ਦੀ ਸਰਕਾਰ ਨਾਲ ਹੋਈ ਗੱਲਬਾਤ ਦੀ ਪੂਰੀ ਰਿਪੋਰਟ ਦੇਣਗੇ।
ਬੈਂਸ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਦੇ ਸਾਂਝੇ ਹਨ ਇਸ ਕਰਕੇ ਪੰਜਾਬ ਸਰਕਾਰ ਨੂੰ ਵੀ ਆਪਣੇ ਪੱਧਰ 'ਤੇ ਓੜੀਸਾ 'ਚ ਸਥਿਤ ਧਾਰਮਿਕ ਸਥਾਨਾਂ ਦੀ ਉਸਾਰੀ ਅਤੇ ਨਵੇਂ ਗੁਰਦੁਆਰੇ ਬਣਵਾਉਣ ਲਈ ਰਾਬਤਾ ਕਾਇਮ ਕਰਨਾ ਚਾਹੀਦਾ ਹੈ।