ਲੁਧਿਆਣਾ: ਲੁਧਿਆਣਾ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਰੱਦ ਹੋਣ ਤੋਂ ਬਾਅਦ ਹੁਣ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਜ਼ਮਾਨਤ ਅਰਜ਼ੀ ਵੀ ਰੱਦ ਹੋ ਚੁੱਕੀ ਹੈ। ਕੁਝ ਦਿਨ ਪਹਿਲਾਂ ਬਲਾਤਕਾਰ ਮਾਮਲੇ ਵਿੱਚ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਜ਼ਮਾਨਤ ਅਰਜ਼ੀ ਲਗਾਈ ਗਈ ਸੀ। ਇਸ ਉੱਤੇ ਮਾਣਯੋਗ ਅਦਾਲਤ ਵੱਲੋਂ 9 ਸਤੰਬਰ ਯਾਨੀ ਕਿ ਅੱਜ ਲਈ ਫੈਸਲਾ ਰਾਖਵਾਂ ਰੱਖਿਆ ਗਿਆ ਸੀ। ਇਸ ਉਪਰ ਫੈਸਲਾ ਸੁਣਾਉਂਦੇ ਹੋਏ ਅਦਾਲਤ ਵੱਲੋਂ ਸਿਮਰਜੀਤ ਸਿੰਘ ਬੈਂਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਪੀੜਤ ਪੱਖ ਦੇ ਵਕੀਲ ਵੱਲੋਂ ਵੀ ਸਿਮਰਜੀਤ ਸਿੰਘ ਬੈਂਸ ਨੂੰ ਜੇਲ੍ਹ ਵਿੱਚ ਵੀਆਈਪੀ ਸਹੂਲਤਾਂ ਦੇਣ ਦੇ ਦੋਸ਼ ਲਗਾਏ ਗਏ ਹਨ।
ਪੀੜਤ ਪੱਖ ਦੇ ਵਕੀਲ ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਮਾਨਜੋਗ ਕੋਰਟ ਵੱਲੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ। ਉਨ੍ਹਾਂ ਨੇ ਗੰਭੀਰ ਇਲਜ਼ਾਮ ਲਗਾਏ ਅਤੇ ਕਿਹਾ ਕਿ ਮੌਜੂਦਾ ਸਰਕਾਰ ਵਿੱਚ ਵੀ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਜੇਲ੍ਹ ਵਿੱਚ ਵੀਆਈਪੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਿਰਫ ਦੋ ਜ਼ਮਾਨਤਾਂ ਹੀ ਹੋਈਆਂ ਹਨ । ਬਾਕੀ ਸਾਰੀਆਂ ਜਮਾਨਤਾਂ ਰੱਦ ਹੋਈਆਂ ਹਨ। ਹੁਣ ਤੱਕ ਇਸ ਮਾਮਲੇ ਦੇ ਵਿਚ ਬੈਂਸ ਦੇ ਭਰਾ ਅਤੇ ਪੀਏ ਨੂੰ ਜ਼ਮਾਨਤ ਹੀ ਮਿਲੀ ਹੈ। ਪਰ, ਬਾਕੀਆਂ ਦੀ ਜ਼ਮਾਨਤ ਰੱਦ ਹੋ ਚੁੱਕੀ ਹੈ।
ਬੈਂਸ ਨੇ ਕੀਤਾ ਸੀ ਸਰੰਡਰ: ਬਲਾਤਕਾਰ ਮਾਮਲੇ ਵਿੱਚ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਆਪਣੇ ਹੋਰ ਚਾਰ ਸਾਥੀਆਂ ਸਮੇਤ ਹਰਸਿਮਰਨਜੀਤ ਕੌਰ ਦੀ ਅਦਾਲਤ ਦੇ ਵਿਚ ਸਰੰਡਰ ਕਰ ਦਿੱਤਾ ਸੀ। ਸਿਮਰਜੀਤ ਬੈਂਸ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਉਸ ਨੂੰ ਫਸਾਇਆ ਜਾ ਰਿਹਾ ਹੈ, ਬਲਾਤਕਾਰ ਸਿਰਫ਼ ਕਾਗਜ਼ਾਂ ਵਿੱਚ ਹੋਇਆ ਹੈ। ਸਿਮਰਜੀਤ ਬੈਂਸ ਨੇ ਕਿਹਾ ਸੀ ਕਿ ਜੋ ਮੈਨੂੰ ਅੱਜ ਫਸਾ ਰਹੇ ਨੇ ਉਹ ਖ਼ੁਦ ਕੁਝ ਦਿਨ ਬਾਅਦ ਆਪਣੇ ਆਪ ਸੱਚਾਈ ਦੱਸਣਗੇ।
ਭਗੌੜਾ ਕਰਾਰ ਦੇ ਲੱਗੇ ਸੀ ਪੋਸਟਰ: ਦੱਸ ਦਈਏ ਕਿ ਇਸ ਮਾਮਲੇ ਵਿੱਚ ਸਿਮਰਜੀਤ ਬੈਂਸ ਸਣੇ ਮਾਮਲੇ ’ਚ 7 ਮੁਲਜ਼ਮਾਂ ’ਤੇ ਚਾਰਜ ਲਗਾਏ ਸਨ। ਇਸਦੇ ਚੱਲਦੇ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਪਹਿਲਾਂ ਹੀ ਸਿਮਰਜੀਤ ਬੈਂਸ ਸਣੇ 7 ਨੂੰ ਭਗੌੜਾ ਕਰਾਰ ਦੇ ਚੁੱਕੀ ਸੀ। ਇਸ ਮਾਮਲੇ ਵਿੱਚ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਲੰਮੇ ਸਮੇਂ ਤੋਂ ਛਾਪੇਮਾਰੀ ਕਰ ਰਹੀ ਸੀ। ਸਿਮਰਜੀਤ ਬੈਂਸ ਤੇ ਹੋਰਨਾਂ ਮੁਲਜ਼ਮਾਂ ਦੇ ਭਗੌੜਾ ਕਰਾਰ ਦੇ ਪੋਸਟਰ ਲੱਗੇ ਸਨ।
ਬੈਂਸ ’ਤੇ ਚੱਲ ਰਿਹਾ ਹੈ ਇਹ ਮਾਮਲਾ: ਕਾਬਿਲੇਗੌਰ ਹੈ ਕਿ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ’ਤੇ ਕਥਿਤ ਤੌਰ ’ਤੇ ਬਲਾਤਕਾਰ ਕਰਨ ਦੇ ਇਲਜ਼ਾਮ ਲਗਾਇਆ ਗਿਆ ਹੈ। ਇਹ ਮਾਮਲਾ ਅਜੇ ਵੀ ਕੋਰਟ ’ਚ ਚੱਲ ਰਿਹਾ ਹੈ। ਇਸ ਮਾਮਲੇ ’ਚ ਪੀੜਤ ਮਹਿਲਾ ਵੱਲੋਂ ਕਈ ਵਾਰ ਇਨਸਾਫ ਲੈਣ ਦੇ ਲਈ ਧਰਨੇ ਵੀ ਲਗਾਏ ਗਏ ਹਨ। ਪੀੜਤ ਮਹਿਲਾ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ ਦਾ ਵੱਡਾ ਝਟਕਾ