ਲੁਧਿਆਣਾ: ਜ਼ਿਲ੍ਹੇ ਦੀ ਸਿਧਵਾਂ ਕਨਾਲ ਨਹਿਰ ਪਾਣੀ ਦੇ ਸਰੋਤ ਦਾ ਇਕਲੌਤਾ ਮਾਧਿਅਮ ਹੈ, ਪਰ ਸਥਾਨਕ ਵਾਸੀਆਂ ਵੱਲੋਂ ਇਸ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਨਹਿਰ ਦੇ ਹਾਲਾਤ ਬੁੱਢੇ ਨਾਲੇ ਵਰਗੇ ਬਣਦੇ ਜਾ ਰਹੇ ਹਨ। ਨਗਰ ਨਿਗਮ ਦੇ ਹੱਥ ਵੀ ਹੁਣ ਖੜ੍ਹੇ ਹੋ ਚੁੱਕੇ ਹਨ। ਤਿੰਨ ਮਹੀਨਿਆਂ ਅੰਦਰ ਹੀ 1600 ਅਜਿਹੇ ਲੋਕਾਂ ਦੀ ਸ਼ਨਾਖਤ ਕੀਤੀ ਗਈ ਹੈ, ਜੋ ਨਹਿਰ ਦੇ ਵਿੱਚ ਕੂੜਾ-ਕਰਕਟ ਅਤੇ ਪੂਜਾ ਦੀ ਸਮੱਗਰੀ ਸੁੱਟ ਰਹੇ ਸਨ। 7 ਜਨਵਰੀ 2023 ਤੋਂ ਨਗਰ ਨਿਗਮ ਵੱਲੋਂ ਸਿਧਵਾਂ ਕਨਾਲ ਨਹਿਰ ਦੀ ਸਫਾਈ ਲਈ ਮੁਹਿੰਮ ਚਲਾਈ ਗਈ ਸੀ ਜਿਸ ਲਈ ਕਰੋੜਾਂ ਰੁਪਏ ਖ਼ਰਚ ਕੇ ਇਸ ਦੀ ਸਫ਼ਾਈ ਕਰਵਾਈ ਗਈ ਸੀ, ਪਰ ਹੁਣ ਮੁੜ ਤੋਂ ਇਸ ਦੇ ਹਾਲਾਤ ਪਹਿਲਾਂ ਵਰਗੇ ਹੀ ਬਣ ਗਏ ਹਨ।
ਵਾਤਾਵਰਨ 'ਤੇ ਭਾਰੀ ਪੈ ਰਹੀ ਆਸਥਾ: ਦਰਅਸਲ, ਛੱਠ ਪੂਜਾ ਦੇ ਦੌਰਾਨ ਸਿਧਵਾਂ ਕਨਾਲ ਨਹਿਰ ਦੇ ਅੰਦਰ ਪੂਜਾ ਕੀਤੀ ਗਈ ਸੀ ਜਿਸ ਤੋਂ ਬਾਅਦ ਇਸ ਦੀ ਸਫ਼ਾਈ ਨਗਰ ਨਿਗਮ ਨੇ ਕਰਵਾਈ ਵੀ ਸੀ। ਪਰ, ਅਜੇ ਵੀ ਲੋਕਾਂ ਵੱਲੋਂ ਧਰਮ ਦੇ ਨਾਂ ਉੱਤੇ, ਪੂਜਾ ਦੇ ਨਾਂ 'ਤੇ ਇਸ ਵਿੱਚ ਸਮੱਗਰੀ ਸੁੱਟਣੀ ਜਾਰੀ ਹੈ। ਇਥੋਂ ਤੱਕ ਕਿ ਭਗਵਾਨ ਦੀਆਂ ਤਸਵੀਰਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਹੈ, ਦੇਵੀ-ਮਾਤਾ ਦੀਆਂ ਤਸਵੀਰਾਂ ਵੀ ਨਹਿਰ ਵਿੱਚ ਖੜ੍ਹੇ ਪਾਣੀ ਅੰਦਰ ਸੁੱਟਿਆ ਹੋਈਆਂ ਹਨ ਜਿਸ ਦੀ ਬੇਅਦਬੀ ਹੋ ਰਹੀ ਹੈ।
ਨਗਰ ਨਿਗਮ ਲਈ ਚੁਣੌਤੀ: ਕੁਝ ਧਾਰਮਿਕ ਆਗੂ ਇਸ ਨੂੰ ਧਰਮ ਦੇ ਨਾਲ ਜੋੜ ਕੇ ਵੇਖ ਰਹੇ ਹਨ, ਜਦਕਿ ਨਗਰ ਨਿਗਮ ਅੱਗੇ ਇਹ ਮਾਮਲਾ ਵੱਡੀ ਚੁਣੌਤੀ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਸਥਾ ਜੁੜੀ ਹੋਈ ਹੈ ਅਤੇ ਪੂਜਾ ਤੋਂ ਬਾਅਦ ਸਮੱਗਰੀ ਨਹਿਰ ਵਿੱਚ ਸੁੱਟੀ ਜਾਂਦੀ ਹੈ। ਦੂਜੇ ਪਾਸੇ, ਨਗਰ ਨਿਗਮ ਵੱਲੋਂ ਇਸ ਦੀ 24 ਘੰਟੇ ਲਈ ਇੱਕ ਸਰਵਿਲੈਂਸ ਲਗਾਈ ਗਈ ਹੈ, ਜੋ ਅਜਿਹੇ ਲੋਕਾਂ ਦੀ ਸ਼ਨਾਖ਼ਤ ਕਰ ਰਹੀ ਹੈ ਅਤੇ ਮੌਕੇ ਉੱਤੇ ਚਲਾਨ ਵੀ ਕੱਟ ਰਹੀ ਹੈ। ਪਰ, ਲੋਕ ਅਜਿਹਾ ਕਰਨ ਤੋਂ ਬਾਜ਼ ਨਹੀਂ ਆ ਰਹੇ। ਪੜ੍ਹੇ ਲਿਖੇ ਲੋਕ ਵੀ ਨਹਿਰ ਵਿੱਚ ਕੂੜਾ ਕਰਕਟ ਸੁੱਟ ਰਹੇ ਹਨ। ਟੀਮ ਜਦੋਂ ਲੋਕਾਂ ਨੂੰ ਰੋਕਦੀ ਹੈ, ਤਾਂ ਉਲਟਾ ਲੋਕ ਨਗਰ ਨਿਗਮ ਦੀ ਟੀਮ ਨਾਲ ਹੀ ਉਲਝ ਜਾਂਦੇ ਹਨ।
ਸੈਂਕੜੇ ਚਲਾਨ ਹੋਏ: ਸਿਧਵਾਂ ਕਨਾਲ ਨਹਿਰ ਉੱਤੇ ਸਥਿਤ ਨਗਰ ਨਿਗਮ ਦੀ ਸਰਵਿਲੈਂਸ ਟੀਮ ਨੇ ਦੱਸਿਆ ਕਿ ਉਹ ਹੁਣ ਤੱਕ 1600 ਅਜਿਹੇ ਲੋਕਾਂ ਦੀ ਸ਼ਨਾਖ਼ਤ ਕਰ ਚੁੱਕੇ ਹਨ ਜਿਨ੍ਹਾਂ ਨੇ ਨਹਿਰ ਅੰਦਰ ਕੂੜਾ ਕਰਕਟ ਸੁੱਟਿਆ ਹੈ। ਇਸ ਤੋਂ ਇਲਾਵਾ 1100 ਵਾਹਨਾਂ ਦੇ ਨੰਬਰ ਨੋਟ ਕੀਤੇ ਜਾ ਚੁੱਕੇ ਹਨ, ਜੋ ਨਹਿਰ ਅੰਦਰ ਕੂੜਾ ਸੁੱਟਣ ਲਈ ਰੁਕਦੇ ਸਨ। ਨਗਰ ਨਿਗਮ ਦੇ ਰਿਪੋਰਟ ਦੇ ਮੁਤਾਬਕ 400 ਅਜਿਹੇ ਲੋਕਾਂ ਹਨ, ਜਿਨ੍ਹਾਂ ਦੇ ਬੀਤੇ ਤਿੰਨ ਮਹੀਨਿਆਂ ਅੰਦਰ ਚਲਾਨ ਕੀਤੇ ਜਾ ਚੁੱਕੇ ਹਨ। ਉਹ ਨਹਿਰ ਨੂੰ ਗੰਦਾ ਕਰਨ ਵਿੱਚ ਬਖੂਬੀ ਯੋਗਦਾਨ ਪਾ ਰਹੇ ਸਨ। 5 ਹਜ਼ਾਰ ਰੁਪਏ ਤੱਕ ਦਾ ਇੱਕ ਚਲਾਨ ਕੀਤਾ ਜਾਂਦਾ ਹੈ, ਇਸ ਦੇ ਬਾਵਜੂਦ ਵੀ ਲੋਕ ਸੁਧਰ ਨਹੀਂ ਰਹੇ, ਅਤੇ ਨਹਿਰ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।
ਨਹਿਰੀ ਪਾਣੀ ਯੋਜਨਾ: ਜ਼ਿਕਰਯੋਗ ਹੈ ਕਿ ਵਿਸ਼ਵ ਬੈਂਕ ਵੱਲੋਂ ਨਗਰ ਨਿਗਮ ਨੂੰ ਲੋਨ ਦੇ ਕੇ ਨਹਿਰੀ ਪਾਣੀ ਪੀਣ ਲਈ ਵਰਤਣ ਦੀ ਯੋਜਨਾ ਨੂੰ ਹਰੀ ਝੰਡੀ ਦਿੱਤੀ ਗਈ ਹੈ ਜਿਸ ਲਈ ਕੰਮ ਜੰਗੀ ਪੱਧਰ ਉੱਤੇ ਚੱਲ ਰਿਹਾ ਹੈ। ਅੰਮ੍ਰਿਤਸਰ ਦੇ ਨਾਲ ਜਲੰਧਰ ਅਤੇ ਲੁਧਿਆਣਾ ਵਿੱਚ ਨਹਿਰੀ ਪੀਣ ਲਈ ਵਰਤਿਆ ਜਾਣਾ ਹੈ, ਪਰ ਇਸ ਦੇ ਬਾਵਜੂਦ ਲੋਕ ਇਸ ਨਹਿਰ ਵਿੱਚ ਕੂੜਾ ਕਰਕਟ ਸੁੱਟ ਕੇ ਉਸ ਨੂੰ ਗੰਧਲਾ ਕਰ ਰਹੇ ਹਨ। ਇਸ ਦਾ ਪਾਣੀ ਪੀਣ ਲਾਇਕ ਤਾਂ ਕੀ, ਨਹਾਉਣ ਲਾਇਕ ਵੀ ਨਹੀਂ ਬਚਿਆ ਹੈ। ਕਾਰਪਰੇਸ਼ਨ ਦੇ ਮੁਲਾਜ਼ਮਾਂ ਅਤੇ ਸਰਵਿਲੈਂਸ ਟੀਮ ਦਾ ਕਹਿਣਾ ਹੈ ਕਿ ਜੇਕਰ ਹੀ ਹਾਲਾਤ ਰਹੇ, ਤਾਂ ਸਿਧਵਾਂ ਕਨਾਲ ਨਹਿਰ ਵੀ ਇਕ ਦਿਨ ਬੁੱਢੇ ਨਾਲੇ ਦਾ ਰੂਪ ਧਾਰ ਜਾਵੇਗੀ।
ਨਦੀਆਂ-ਨਹਿਰਾਂ ਦੇ ਹਾਲਾਤ: ਪੰਜਾਬ ਵਿੱਚ ਨਦੀਆਂ ਅਤੇ ਨਹਿਰਾਂ ਦੇ ਹਾਲਾਤ ਪਹਿਲਾਂ ਤੋਂ ਹੀ ਤਰਸਯੋਗ ਬਣੇ ਹੋਏ ਹਨ। ਨਹਿਰਾਂ ਅਤੇ ਨਦੀਆਂ ਦਾ ਪਾਣੀ ਇਸ ਕਦਰ ਪ੍ਰਦੂਸ਼ਿਤ ਕੀਤਾ ਜਾ ਚੁੱਕਾ ਹੈ ਕਿ ਉਹ ਪੀਣ ਲਾਇਕ ਤਾਂ ਦੂਰ ਦੀ ਗੱਲ, ਇੱਥੋ ਤੱਕ ਕਿ ਖੇਤੀ ਲਈ ਅਤੇ ਨਹਾਉਣ ਲਈ ਵੀ ਵਰਤਿਆ ਨਹੀਂ ਜਾ ਸਕਦਾ। ਇਹ ਹਾਲਾਤ ਕਿਸੇ ਇੱਕ ਨਦੀ-ਨਹਿਰ ਦੇ ਨਹੀਂ, ਸਗੋਂ ਸਭ ਦੇ ਹੀ ਹਨ। NGT ਵੱਲੋਂ ਇਸ ਸਬੰਧੀ ਨਹਿਰੀ ਮਹਿਕਮੇ ਨੂੰ ਅਤੇ ਪ੍ਰਸ਼ਾਸ਼ਨ ਨੂੰ ਕਈ ਵਾਰ ਨੋਟਿਸ ਵੀ ਜਾਰੀ ਕੀਤੇ ਜਾ ਚੁੱਕੇ ਹਨ। ਇੰਨਾ ਹੀ ਨਹੀਂ, ਉਨ੍ਹਾਂ ਦੇ ਜੁਰਮਾਨੇ ਵੀ ਲਾਏ ਜਾ ਚੁੱਕੇ ਹਨ, ਪਰ ਇਸ ਦੇ ਬਾਵਜੂਦ ਆਮ ਲੋਕ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਣ ਤੋਂ ਕਤਰਾ ਰਹੇ ਹਨ। ਸਿਰਫ ਪੰਜਾਬ ਹੀ ਨਹੀਂ, ਸਗੋਂ ਦੇਸ਼ ਦੀਆਂ ਹੋਰਨਾਂ ਨਦੀਆਂ ਵਿੱਚ ਵੀ ਪ੍ਰਦੂਸ਼ਨ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਅਸੀਂ ਆਪਣੇ ਕੁਦਰਤੀ ਸੋਮੇ ਖੁਦ ਤਬਾਹ ਕਰਨ ਵਿਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ: 138 ਸਾਲ ਬਾਅਦ ਆਪਣੇ ਪੁਰਖਿਆਂ ਦੇ ਪਿੰਡ ਪਹੁੰਚੀ ਸੁਨੀਤੀ ਮਹਾਰਾਜ, ਬੋਲਿਨ– ਉਨ੍ਹਾਂ ਦੇ ਪੜਦਾਦਾ ਪਿੰਡ ਦੀ ਮਿੱਟੀ ਨਾਲ ਜੁੜੇ ਸੀ