ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਮੌਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਆਪਣੇ ਕਾਰਜਕਾਲ ਦੇ ਦੌਰਾਨ ਹੋਈਆਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦਵਾਉਣ ਨੂੰ ਲੈ ਕੇ, ਜਿੱਥੇ ਸਿੱਖ ਸੰਗਤ ਤੋਂ ਮੁਆਫੀ ਮੰਗੀ ਗਈ ਹੈ। ਉੱਥੇ ਹੀ, ਇਸ ਮੁੱਦੇ ਉੱਤੇ ਸਿਆਸਤ ਵੀ ਗਰਮਾਈ ਹੋਈ ਹੈ। ਅਗਲੇ ਸਾਲ 2024 ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਹਨ ਅਤੇ ਇਹ ਪਹਿਲੀ ਵਾਰ ਹੋਵੇਗਾ ਜਦੋਂ 1990 ਤੋਂ ਬਾਅਦ ਲਗਭਗ 33 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਬਿਨਾਂ ਕਿਸੇ ਕੇਂਦਰ ਦੀ ਪਾਰਟੀ ਦੀ ਮਦਦ ਤੋਂ ਲੋਕ ਸਭਾ ਦੀ ਚੋਣਾਂ ਵਿੱਚ ਸ਼ਾਮਿਲ ਹੋਣਗੇ।
ਜੇਕਰ, 2022 ਦੀ ਵਿਧਾਨ ਸਭਾ ਚੋਣਾਂ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਅਕਾਲੀ ਦਲ ਨੂੰ 3 ਸੀਟਾਂ ਹੀ ਮਿਲ ਪਾਈਆਂ ਸਨ। ਜਦਕਿ ਸਾਲ 2017 ਵਿੱਚ ਅਕਾਲੀ ਦਲ ਨੂੰ 15 ਸੀਟਾਂ ਮਿਲੀਆਂ ਸਨ। 2019 ਵਿੱਚ ਅਕਾਲੀ ਦਲ ਦੇ 2 ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਚੁਣੇ ਗਏ ਸਨ, ਹਾਲਾਂਕਿ 2020 ਦੇ ਵਿੱਚ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਹੱਕ ਵਿੱਚ ਕੇਂਦਰੀ ਮੰਤਰਾਲੇ ਤੋਂ ਅਸਤੀਫਾ ਦੇ ਦਿੱਤਾ ਸੀ।
2024 ਦੇ ਸਿਆਸੀ ਸਮੀਕਰਨ: ਸੁਖਬੀਰ ਬਾਦਲ ਵੱਲੋਂ ਮੁਆਫੀ ਮੰਗਣ ਤੋਂ ਬਾਅਦ 2024 ਦੇ ਸਿਆਸੀ ਸਮੀਕਰਨਾਂ ਵੱਲ ਸਿਆਸੀ ਪਾਰਟੀਆਂ ਦੀ ਨਜ਼ਰ ਜਾ ਰਹੀ ਹੈ। ਬੀਤੇ ਦਿਨ ਬਰਨਾਲਾ ਵਿੱਚ ਰਾਜਾ ਵੜਿੰਗ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਲਈ ਬਣਾਏ ਗਏ ਕੇਂਦਰ ਵੱਲੋਂ ਕਾਨੂੰਨਾਂ ਦੀ ਤਰੀਫਾਂ ਕਰਨ ਤੋਂ ਬਾਅਦ ਅਕਾਲੀ ਦਲ ਨੇ ਯੂ-ਟਰਨ ਮਾਰਿਆ ਸੀ। ਪਹਿਲਾਂ ਅਕਾਲੀ ਦਲ ਬਾਕੀ ਪਾਰਟੀਆਂ ਨੂੰ ਬੇਅਦਬੀਆਂ ਦੇ ਮੁੱਦੇ ਉੱਤੇ ਉਨ੍ਹਾਂ ਨੂੰ ਬਦਨਾਮ ਕਰਨ ਦੇ ਇਲਜ਼ਾਮ ਲਗਾਉਂਦੀ ਰਹੀ ਤੇ ਹੁਣ ਸੁਖਬੀਰ ਬਾਦਲ ਨੇ ਮੁਆਫੀ ਮੰਗ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਬਾਕੀ ਪਾਰਟੀਆਂ ਦੇ ਇਲਜ਼ਾਮ ਸਹੀ ਸਨ। ਰਾਜਾ ਵੜਿੰਗ ਨੇ ਕਿਹਾ ਕਿ ਹੁਣ ਸਮਾਂ ਲੰਘ ਚੁੱਕਾ ਹੈ ਇਹ ਮੁਆਫੀ ਬਹੁਤ ਪਹਿਲਾ ਹੀ ਮੰਗ ਲੈਣੀ ਚਾਹੀਦੀ ਸੀ।
ਦੂਜੇ ਪਾਸੇ, ਸੁਖਦੇਵ ਸਿੰਘ ਢੀਂਡਸਾ ਵੱਲੋਂ ਵੀ ਕਿਹਾ ਗਿਆ ਸੁਖਬੀਰ ਬਾਦਲ ਨੂੰ ਇਹ ਕੰਮ ਪਹਿਲਾ ਹੀ ਕਰ ਲੈਣਾ ਚਾਹੀਦਾ ਸੀ। ਇਹ ਕੰਮ ਕਰਨ ਵਿੱਚ ਦੇਰੀ ਹੋ ਗਈ, ਇਹੀ ਕਾਰਨ ਹੈ ਕਿ ਪਾਰਟੀ ਦਾ ਕਈ ਆਗੂ ਸਾਥ ਛੱਡ ਕੇ ਚਲੇ ਗਏ।
ਬੇਅਦਬੀਆਂ ਕਾਰਨ ਨੁਕਸਾਨ: 2017 ਵਿੱਚ ਅਕਾਲੀ ਦਲ ਆਪਣੀ ਹਾਰ ਦਾ ਵੱਡਾ ਕਾਰਨ ਖੁਦ ਬੇਅਦਬੀਆਂ ਨੂੰ ਮੰਨਦਾ ਰਿਹਾ ਹੈ। ਅਕਾਲੀ ਦਲ ਉਸ ਵੇਲੇ ਕਹਿੰਦਾ ਰਿਹਾ ਕਿ ਉਨ੍ਹਾਂ ਨੂੰ ਬਾਕੀ ਪਾਰਟੀਆਂ ਵੱਲੋਂ ਬੇਅਦਬੀਆਂ ਦੇ ਨਾਂ ਉੱਤੇ ਬਦਨਾਮ ਕੀਤਾ ਗਿਆ। ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਨੂੰ ਲੈ ਕੇ ਉਨਾਂ ਦੀ ਪਾਰਟੀ ਉੱਤੇ ਲਾਏ ਗਏ ਇਲਜ਼ਾਮਾਂ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਕਾਂਗਰਸ ਸੱਤਾ ਵਿੱਚ ਆਈ। ਇਸ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਬੇਅਦਬੀਆਂ ਦਾ ਮੁੱਦਾ ਛਾਇਆ ਰਿਹਾ ਜਿਸ ਦਾ ਖਾਮਿਆਜ਼ਾ ਪਿਛਲੀਆਂ ਦੋਨੇਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਭੁਗਤਣਾ ਪਿਆ।
ਹਾਲਾਂਕਿ, 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਹਲੇ ਕਾਫੀ ਸਮਾਂ ਹੈ, ਪਰ 2024 ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਹਨ। ਬੇਅਦਬੀ ਦਾ ਦਾਗ ਹਾਲੇ ਤੱਕ ਅਕਾਲੀ ਦਲ ਧੋ ਨਹੀਂ ਸਕਿਆ ਹੈ। ਇਹੀ ਕਾਰਨ ਰਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਇਸ ਸਬੰਧੀ ਸਿੱਖ ਸੰਗਤ ਤੋਂ ਮੁਆਫੀ ਮੰਗੀ ਗਈ ਹੈ।
ਅਕਾਲੀ ਦਲ ਦਾ ਟੀਚਾ - 2027 : ਹਾਲਾਂਕਿ, ਅਕਾਲੀ ਦਲ ਦੇ ਲੀਡਰ ਲਗਾਤਾਰ ਇਹ ਬਿਆਨ ਦੇ ਰਹੇ ਹਨ ਕਿ ਉਨ੍ਹਾਂ ਦਾ ਟੀਚਾ 2024 ਦੀ ਲੋਕ ਸਭਾ ਚੋਣਾਂ ਨਹੀਂ ਹੈ, ਸਗੋਂ ਉਨ੍ਹਾਂ ਦਾ ਟੀਚਾ 2027 ਦੀਆਂ ਵਿਧਾਨ ਸਭਾ ਚੋਣਾਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਈਟੀਵੀ ਭਾਰਤ ਦੀ ਟੀਮ ਨਾਲ ਫੋਨ ਉੱਤੇ ਗੱਲਬਾਤ ਕਰਦਿਆ ਕਿਹਾ ਹੈ ਕਿ ਸਾਡਾ ਟੀਚਾ 2024 ਦੀ ਲੋਕ ਸਭਾ ਚੋਣਾਂ ਨਹੀਂ ਹੈ, ਕਿਉਂਕਿ ਪੰਜਾਬ ਵਿੱਚ ਲੋਕ ਸਭਾ ਦੀਆਂ 13 ਹੀ ਸੀਟਾਂ ਹਨ, ਉਸ ਨਾਲ ਕੇਂਦਰ ਵਿੱਚ ਕੌਣ ਸੱਤਾ 'ਤੇ ਕਾਬਜ ਹੋਵੇਗਾ, ਇਸ ਦਾ ਫੈਸਲਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਪਹਿਲਾਂ ਭਾਜਪਾ ਨਾਲ ਸਾਡਾ ਗਠਜੋੜ ਸੀ, ਇਸ ਕਰਕੇ ਲੋਕ ਸਭਾ ਚੋਣਾਂ ਮਿਲ ਕੇ ਲੜਦੇ ਸਨ, ਪਰ ਹੁਣ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੀ ਸਾਡਾ ਟੀਚਾ ਹੈ।
ਭਾਜਪਾ ਨੇ ਚੁੱਕੇ ਸਵਾਲ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਮੰਗੀ ਮੁਆਫੀ ਨੂੰ ਲੈ ਕੇ ਭਾਜਪਾ ਨੇ ਸਾਫ ਤੌਰ 'ਤੇ ਕਿਹਾ ਹੈ ਕਿ ਹੁਣ ਸੰਗਤ ਉਨ੍ਹਾਂ ਨੂੰ ਮੁਆਫ ਨਹੀਂ ਕਰੇਗੀ। ਪੰਜਾਬ ਭਾਜਪਾ ਦੇ ਬੁਲਾਰੇ ਗੁਰਦੀਪ ਗੋਸ਼ਾ ਜੋ ਕਿ ਖੁਦ ਪਹਿਲਾਂ ਅਕਾਲੀ ਦਲ ਦੀ ਸਰਕਾਰ ਵੇਲੇ ਲੁਧਿਆਣਾ ਤੋਂ ਯੂਥ ਦੇ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਹਨ, ਉਨ੍ਹਾਂ ਕਿਹਾ ਕਿ ਹੁਣ ਮੁਆਫੀ ਲਈ ਬਹੁਤ ਦੇਰ ਹੋ ਚੁੱਕੀ ਹੈ। ਸੰਗਤ ਦਾ ਗੁੱਸਾ ਅਕਾਲੀ ਦਲ ਉੱਤੇ ਪਿਛਲੀਆਂ ਚੋਣਾਂ ਦੌਰਾਨ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਸੰਗਤ ਕਿਸੇ ਵੀ ਸੂਰਤ ਵਿੱਚ ਮੁਆਫੀ ਕਬੂਲ ਨਹੀਂ ਕਰੇਗੀ।
ਗੁਰਦੀਪ ਗੋਸ਼ਾ ਨੇ ਕਿਹਾ ਕਿ ਅਕਾਲੀ ਦਲ ਪੰਥਕ ਪਾਰਟੀ ਸੀ ਅਤੇ ਉਨਾਂ ਦੀ ਆਪਣੀ ਇੱਕ ਆਈਡੀਓਲੋਜੀ ਸੀ ਜਿਸ ਤੋਂ ਉਹ ਕਈ ਸਾਲ ਪਹਿਲਾਂ ਹੀ ਭਟਕ ਚੁੱਕੇ ਹਨ। ਇਹ ਕਾਰਨ ਹੈ ਕਿ ਅਕਾਲੀ ਦਲ ਨੂੰ ਸੂਬੇ ਦੇ ਲੋਕਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ, ਭਾਵੇਂ ਉਹ ਵਿਧਾਨ ਸਭਾ ਚੋਣਾਂ ਹੋਣ ਜਾਂ ਫਿਰ ਲੋਕ ਸਭਾ ਚੋਣਾਂ ਹੋਣ ਉਨ੍ਹਾਂ ਨੂੰ ਸੰਗਤ ਨਹੀਂ ਕਬੂਲ ਕਰੇਗੀ।
ਐਸਜੀਪੀਸੀ ਦਾ ਸਕਾਰਾਤਮਕ ਰੁੱਖ: ਹਾਲਾਂਕਿ, ਅਕਾਲੀ ਦਲ ਦੇ ਪ੍ਰਧਾਨ ਵੱਲੋਂ ਮੁਆਫੀ ਮੰਗੇ ਜਾਣ ਨੂੰ ਐਸਜੀਪੀਸੀ ਵੱਲੋਂ ਸਕਾਰਾਤਮਕ ਤੌਰ 'ਤੇ ਲਿਆ ਜਾ ਰਿਹਾ ਹੈ ਅਤੇ ਕਿਹਾ ਗਿਆ ਹੈ ਕਿ ਸੰਗਤ ਬਖਸ਼ਣਹਾਰ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਖੁਦ ਸੰਗਤ ਵਿੱਚ ਇਸ ਸਬੰਧੀ ਮੁਆਫੀ ਮੰਗੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਾਨੂੰ ਉਮੀਦ ਹੈ ਕਿਸੇ ਸਮੇਂ ਵਿੱਚ ਪੰਥਕ ਏਕਤਾ ਵਧੇਗੀ ਅਤੇ ਇੱਕਜੁੱਟਤਾ ਪੰਜਾਬ ਦੇ ਵਿੱਚ ਜ਼ਰੂਰ ਵਿਖਾਈ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਸਕਾਰਾਤਮਕ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੇ ਵਿੱਚ ਚੰਗਾ ਸੁਨੇਹਾ ਜਾਵੇਗਾ, ਕਿਉਂਕਿ ਅਕਾਲੀ ਦਲ ਪੰਥਕ ਪਾਰਟੀ ਰਹੀ ਹੈ।
ਵਿਰੋਧੀਆਂ ਨੂੰ ਦਿੱਤਾ ਮੁੱਦਾ: ਹਾਲਾਂਕਿ, ਅਕਾਲੀ ਦਲ ਲਗਾਤਾਰ ਇਹ ਸਾਫ ਕਰ ਚੁੱਕਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਉਨ੍ਹਾਂ ਦਾ ਟੀਚਾ ਨਹੀਂ ਹੈ, ਜਾਂ ਫਿਰ ਇਸ ਤਰ੍ਹਾਂ ਵੀ ਲਗਾਇਆ ਜਾ ਸਕਦਾ ਹੈ ਕਿ ਅਕਾਲੀ ਦਲ 2024 ਲੋਕ ਸਭਾ ਚੋਣਾਂ ਲਈ ਤਿਆਰ ਹੀ ਨਹੀਂ ਹੈ। ਸੁਖਬੀਰ ਬਾਦਲ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਮੁਆਫੀ ਮੰਗਣ ਦਾ ਫਾਇਦਾ 2027 ਵਿੱਚ ਪਾਰਟੀ ਨੂੰ ਕਿੰਨਾ ਮਿਲਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ, 2024 ਵਿੱਚ ਅਕਾਲੀ ਦਲ ਆਪਣੇ ਪੁਰਾਣੇ ਟਕਸਾਲੀ ਆਗੂਆਂ ਨੂੰ ਇਕੱਠਾ ਕਰਨ ਵਿੱਚ ਜ਼ਰੂਰ ਲੱਗੀ ਵਿਖਾਈ ਦੇ ਰਹੀ ਹੈ, ਹਾਲਾਂਕਿ ਬੀਤੇ ਦਿਨੀ ਅਕਾਲੀ ਦਲ ਵੱਲੋਂ ਯੂਥ ਸਬੰਧੀ ਚਲਾਈ ਗਈ ਕੈਂਪੇਨ ਵੀ ਕਿੰਨੀ ਕੁ ਕਾਰਗਰ ਸਾਬਿਤ ਹੋਈ ਇਸ ਸਬੰਧੀ ਵੀ ਕੋਈ ਅਕਾਲੀ ਦਲ ਵੱਲੋਂ ਬਿਆਨ ਨਹੀਂ ਜਾਰੀ ਕੀਤਾ ਗਿਆ ਹੈ।
ਦੂਜੇ ਪਾਸੇ, ਲਗਾਤਾਰ ਅਕਾਲੀ ਦਲ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ 'ਤੇ ਹੈ। ਅਕਾਲੀ ਦਲ ਨੂੰ ਸੁਖਬੀਰ ਬਾਦਲ ਦੇ ਮੁਆਫੀ ਮੰਗਣ ਦਾ ਫਾਇਦਾ ਹੋਵੇ ਜਾਂ ਨਾ ਹੋਵੇ, ਪਰ ਵਿਰੋਧੀ ਪਾਰਟੀਆਂ ਨੂੰ ਜ਼ਰੂਰ 2024 ਤੋਂ ਪਹਿਲਾਂ ਖੁਦ ਹੀ ਅਕਾਲੀ ਦਲ ਨੇ ਵੱਡਾ ਮੁੱਦਾ ਦੇ ਦਿੱਤਾ ਹੈ। ਮੁਆਫੀ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਹੁਣ ਸਾਫ ਹੋ ਚੁੱਕਾ ਹੈ ਕਿ ਬੇਅਦਬੀਆਂ ਲਈ ਕਿਤੇ ਨਾ ਕਿਤੇ ਅਕਾਲੀ ਦਲ ਦਾ ਤਤਕਾਲੀ ਸਰਕਾਰ ਸਮੇਂ ਕੋਈ ਨਾ ਕੋਈ ਰੋਲ ਜ਼ਰੂਰ ਰਿਹਾ ਹੈ। ਇਹੀ ਕਾਰਨ ਹੈ ਕਿ ਉਹ ਅੱਜ ਸੰਗਤ ਦੀ ਕਚਹਿਰੀ ਵਿੱਚ ਉਤਰ ਕੇ ਮੁਆਫੀ ਮੰਗ ਰਹੇ ਹਨ।