ਲੁਧਿਆਣਾ: ਗਿਆਰਾਂ ਸਾਲ ਐੱਸਜੀਪੀਸੀ ਦੇ ਪ੍ਰਧਾਨ ਰਹੇ ਅਵਤਾਰ ਸਿੰਘ ਮੱਕੜ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ। ਸਿਆਸੀ ਅਤੇ ਧਾਰਮਿਕ ਆਗੂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਦਿੱਲੀ ਤੋਂ ਲੁਧਿਆਣਾ ਲਿਆਂਦਾ ਗਿਆ ਹੈ ਅਤੇ ਡੀਐਮਸੀ ਹਸਪਤਾਲ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਐਤਵਾਰ ਨੂੰ ਕੀਤਾ ਜਾਵੇਗਾ।
ਐੱਸਜੀਪੀਸੀ ਦੇ ਪ੍ਰਧਾਨ ਰਹਿਣ ਮੌਕੇ ਉਨ੍ਹਾਂ ਦੇ ਪੀ.ਏ ਰਹੇ ਹਰਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਉਨ੍ਹਾਂ ਦੇ 11 ਸਾਲ ਦੀ ਪ੍ਰਧਾਨਗੀ ਦੀਆਂ ਉਪਲੱਬਧੀਆਂ ਇੰਨੀਆਂ ਨੇ ਕਿ ਉਨ੍ਹਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ। ਕੋਹਲੀ ਨੇ ਦੱਸਿਆ ਕਿ ਸਿੱਖਿਆ ਸੰਸਥਾਵਾਂ ਗੁਰਦੁਆਰਿਆਂ 'ਚ ਚੱਲਣ ਵਾਲੇ ਲੰਗਰਾਂ ਅਤੇ ਕੌਮ ਦੀ ਸੇਵਾ ਲਈ ਜਿੰਨਾ ਕੰਮ ਅਵਤਾਰ ਸਿੰਘ ਮੱਕੜ ਨੇ ਕੀਤਾ ਹੈ ਉਹ ਭੁੱਲਣਯੋਗ ਨਹੀਂ ਹੈ।
ਇਹ ਵੀ ਪੜ੍ਹੋ: ਦਿੱਲੀ ਪੁਲਿਸ ਨੇ CAA ਦਾ ਵਿਰੋਧ ਕਰ ਰਹੇ ਭੀਮ ਆਰਮੀ ਦੇ ਚੀਫ਼ ਚੰਦਰਸ਼ੇਖਰ ਆਜ਼ਾਦ ਨੂੰ ਕੀਤਾ ਗ੍ਰਿਫ਼ਤਾਰ
ਇਸ ਮੌਕੇ ਲੁਧਿਆਣਾ ਤੋਂ ਅਕਾਲੀ ਦਲ ਦੇ ਕੌਂਸਲਰ ਹਰਭਜਨ ਡੰਗ ਨੇ ਦੱਸਿਆ ਕਿ ਕੱਲ੍ਹ ਬਾਅਦ ਦੁਪਹਿਰ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਡੀਐਮਸੀ ਲੁਧਿਆਣਾ ਵਿੱਚ ਰੱਖਿਆ ਗਿਆ ਹੈ।