ਲੁਧਿਆਣਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਵਾਤਾਵਰਣ ਚੇਤਾਵਨੀਆਂ ਅਤੇ ਸਮਾਜਿਕ ਜ਼ਿੰਮੇਵਾਰੀਆਂ 'ਤੇ ਸੈਮੀਨਾਰ ਕਰਵਾਇਆ ਗਿਆ। ਇਹ ਸਮਾਗਮ ਗੁਰ ਨਾਨਕ ਨੈਸ਼ਨਲ ਕਾਲਜ ਦੇ ਪ੍ਰਿੰਸੀਪਲ ਦੀ ਅਗਵਾਈ ਹੇਠਾਂ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ 'ਚ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਡੀਨ ਅਕੈਡਮਿਕਸ ਪ੍ਰੋ. ਹਰਜਿੰਦਰ ਸਿੰਘ ਰੋਜ਼ ਕੁੰਜੀਵਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਸੈਮੀਨਾਰ ਦੀ ਸ਼ੁਰੂਆਤ ਕਾਲਜ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਦੇ ਸ਼ਬਦ ਗਾਇਨ ਅਤੇ ਸ਼ਮ੍ਹਾ ਰੋਸ਼ਨ ਕਰਕੇ ਕੀਤੀ ਗਈ। ਇਸ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਨੇ ਮੁੱਖ ਮਹਿਮਾਨਾਂ ਵਜੋਂ ਆਏ ਮਹਿਮਾਨਾਂ ਨੂੰ ਫੁੱਲ ਭੇਂਟ ਕਰਕੇ ਸਵਾਗਤ ਕੀਤਾ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਨੇ ‘ਵਾਤਾਵਰਣ ਚੇਤਾਵਨੀਆਂ ਅਤੇ ਸਮਾਜਿਕ ਜ਼ਿੰਮ੍ਹੇਵਾਰੀਆਂ 'ਤੇ ਚਾਨਣਾ ਪਾਇਆ ਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਸਾਖੀਆਂ 'ਤੇ ਅਮਲ ਕਰਨਾ ਚਾਹੀਦਾ ਹੈ।
ਕੁੰਜੀਵਤ ਬੁਲਾਰੇ ਡਾ. ਹਰਜਿੰਦਰ ਸਿੰਘ ਰੋਜ਼ ਨੇ ਆਪਣੇ ਭਾਸ਼ਣ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ ਹੁਣ ਤੱਕ ਦੇ ਆਂਕੜਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਸਾਡਾ ਵਾਤਾਵਰਣ ਬਹੁਤ ਦੂਸ਼ਿਤ ਹੋ ਰਿਹਾ ਹੈ, ਇਸ ਤੋਂ ਕੋਈ ਇੱਕ ਨਹੀਂ ਬਲਕਿ ਸਾਰੇ ਕਸਬੇ ਵੀ ਪ੍ਰਭਾਵਿਤ ਹੋ ਰਹੇ ਹਨ, ਜਿਸ ਨੂੰ ਸੁਰੱਖਿਅਤ ਰੱਖਣ ਦੇ ਨਿਰਦੇਸ਼ ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ ਕਈ ਸਾਲ ਪਹਿਲਾਂ ਦਿੱਤੇ ਸਨ।
ਇਹ ਵੀ ਪੜ੍ਹੋ: ਚੰਡੀਗੜ੍ਹ ਦੇ ਟੈਗੋਰ ਥੀਏਟਰ 'ਚ ਹੋਇਆ ਬਾਡੀ ਬਿਲਡਿੰਗ ਮੁਕਾਬਲਾ, ਖੇਡ ਮੰਤਰੀ ਨੇ ਕੀਤੀ ਸ਼ਿਰਕਤ
ਪ੍ਰੋਫੈਸਰ ਡਾ. ਮਨੋਜ ਬਦਵਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਧਾਰਨੀ ਤਾਂ ਹੀ ਹੋਇਆ ਜਾ ਸਕਦਾ ਹੈ ਜੇਕਰ ਸਹੀ ਅਰਥਾਂ ਵਿੱਚ ਉਨ੍ਹਾਂ ਸਿੱਖਿਆਵਾਂ 'ਤੇ ਪਹਿਰਾ ਦਿੱਤਾ ਜਾਵੇ। ਕੁਦਰਤੀ ਸਾਧਨ ਜੋ ਮਨੁੱਖਤਾ ਲਈ ਲਾਭਦਾਇਕ ਹਨ ਉਨ੍ਹਾਂ ਨੂੰ ਅੱਜ ਦਾ ਮਨੁੱਖ ਖ਼ਤਮ ਕਰ ਰਿਹਾ ਹੈ, ਜਿਸ ਦੇ ਹੁਣ ਬਹੁਤ ਘਾਤਕ ਨਤੀਜੇ ਸਾਹਮਣੇ ਆ ਰਹੇ ਹਨ।
ਡਾ. ਸਰਵਨ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਵਿਸ਼ੇ ਪੱਖੋਂ ਵਿਸ਼ਾਲ ਅਤੇ ਵਿਸ਼ਵ ਵਿਆਪੀ ਹੈ। ਉਨ੍ਹਾਂ ਨੇ ਅਧਿਆਤਮਕ ਤੋਂ ਇਲਾਵਾ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਪ੍ਰਕਿਰਤਕ ਪੱਖਾਂ ਨੂੰ ਵੀ ਸੁਧਾਰ ਦਾ ਵਿਸ਼ਾ ਬਣਾਇਆ ਹੈ।