ਲੁਧਿਆਣਾ : ਪੰਜਾਬ ਦੇ ਕੈਬਨਿਟ ਮੰਤਰੀ ਕਟਾਰੂਚੱਕ ਦੀ ਕਥਿਤ ਵੀਡੀਓ ਵਾਇਰਲ ਹੋਣ ਦੇ ਮਾਮਲੇ ਉੱਤੇ ਕੌਮੀ ਐਸਸੀ ਕਮਿਸ਼ਨ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ ਅਤੇ ਇਸ ਸਬੰਧੀ ਪੰਜਾਬ ਪੁਲਿਸ ਨੂੰ ਸ਼ਿਕਾਇਤਕਰਤਾ ਦੀ ਸਟੇਟਮੈਂਟ ਵੀਡੀਓ ਕਾਨਫਰੰਸ ਰਾਹੀਂ ਲੈਣ ਦੀ ਸਿਫ਼ਾਰਿਸ਼ ਕੀਤੀ ਹੈੈ। ਅੱਜ ਲੁਧਿਆਣਾ ਪਹੁੰਚੇ ਚੇਅਰਮੈਨ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਇਸ ਮਾਮਲੇ ਨਾਲ ਸਬੰਧਤ ਸ਼ਖਸ਼ ਦਿੱਲੀ ਵਿੱਚ ਰਹਿੰਦਾ ਹੈ ਅਤੇ ਉਸ ਨੂੰ ਪੰਜਾਬ ਆਉਣ ਤੋਂ ਡਰ ਹੈ, ਇਸ ਕਰਕੇ ਉਹ ਪੰਜਾਬ ਆ ਕੇ ਪੰਜਾਬ ਪੁਲਿਸ ਨੂੰ ਸਟੇਟਮੈਂਟ ਦੇਣ ਤੋਂ ਕਤਰਾ ਰਿਹਾ ਹੈ। ਉਸਨੇ ਇਹ ਜ਼ਰੂਰ ਕਿਹਾ ਹੈ ਕਿ ਉਹ ਆਨਲਾਈਨ ਜਾਂ ਫਿਰ ਵੀਡੀਓ ਕਾਨਫਰੰਸ ਤੇ ਆਪਣੀ ਸਟੇਟਮੈਂਟ ਦੇ ਸਕਦਾ ਹੈ ਜਾਂ ਫਿਰ ਪੰਜਾਬ ਪੁਲਿਸ ਦਿੱਲੀ ਆ ਕੇ ਉਸ ਦੀ ਸਟੇਟਮੈਂਟ ਲੈ ਸਕਦੀ ਹੈ ਪਰ ਉਹ ਪੰਜਾਬ ਨਹੀ ਆ ਸਕਦਾ। ਕਿਉਂਕਿ ਉਸ ਨੂੰ ਡਰ ਹੈ ਕਿ ਪਾਵਰ ਦੀ ਵਰਤੋਂ ਕਰਕੇ ਉਸ ਦਾ ਕੋਈ ਨੁਕਸਾਨ ਹੋ ਸਕਦਾ ਹੈ।
ਕਮਿਸ਼ਨ ਨੇ ਲਿਆ ਨੋਟਿਸ : ਇਸ ਸਬੰਧ ਵਿੱਚ ਚੇਅਰਮੈਨ ਵਿਜੇ ਸਾਂਪਲਾ ਨੇ ਕਿਹਾ ਕਿ ਜਾਂਚ ਕਰਨਾ ਪੁਲਿਸ ਦਾ ਕੰਮ ਹੈ ਅਤੇ ਅਸੀਂ ਪੰਜਾਬ ਪੁਲਿਸ ਤੋਂ ਇਸ ਪੂਰੇ ਮਾਮਲੇ ਦੀ ਜਾਂਚ ਦੀ ਰਿਪੋਰਟ ਦੀ ਮੰਗ ਕੀਤੀ ਹੈ। ਇਸ ਸਬੰਧੀ ਪੁਲੀਸ ਜਾਂਚ ਕਰ ਰਹੀ ਹੈ ਮਾਮਲੇ ਦੇ ਵਿੱਚ ਇਸ ਕੇਸ ਵਿੱਚ ਸਬੰਧਤ ਸ਼ਖ਼ਸ ਦੀ ਸਟੇਟਮੈਂਟ ਬੇਹੱਦ ਜ਼ਰੂਰੀ ਹੈ। ਉਸਦੀ ਸਟੇਟਮੈਂਟ ਲੈਣ ਤੋਂ ਬਾਅਦ ਹੀ ਪੁਲਿਸ ਅਗਲੇਰੀ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਇਸ ਮਾਮਲੇ ਤੇ ਨੋਟਿਸ ਲਿਆ ਗਿਆ ਹੈ, ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਚ ਸਰਕਾਰ ਇਸ ਦੇ ਕੀ ਐਕਸ਼ਨ ਲੈ ਰਹੀ ਹੈ ਇਹ ਸਾਡਾ ਕੰਮ ਨਹੀਂ ਹੈ ਕਾਰਵਾਈ ਕਰਨਾ ਸਰਕਾਰ ਤੇ ਪੁਲੀਸ ਦਾ ਕੰਮ ਹੈ ਸਾਡੇ ਵੱਲੋਂ ਸਿਰਫ਼ ਇਸ ਮਾਮਲੇ ਦੀ ਰਿਪੋਰਟ ਮੰਗੀ ਗਈ ਹੈ।
ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਬੀਤੇ ਦਿਨੀਂ ਇੱਕ ਕਥਿਤ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ, ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਕਟਾਰੂਚੱਕ ਤੇ ਕਾਰਵਾਈ ਕਰਨ ਦੀ ਗੱਲ ਕਹੀ ਗਈ ਸੀ ਅਤੇ ਉਸ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਸੀ। ਇਸ ਮਾਮਲੇ ਵਿੱਚ ਐਸ ਸੀ ਕਮਿਸ਼ਨ ਵੱਲੋਂ ਵੀ ਨੋਟਿਸ ਲਿਆ ਗਿਆ ਸੀ ਅਤੇ ਮਾਮਲੇ ਦੀ ਜਾਂਚ ਦੀ ਰਿਪੋਰਟ ਵੀ ਮੰਗੀ ਗਈ ਸੀ। ਹਾਲਾਂਕਿ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਅੱਜ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕਰਨ ਵੀ ਪਹੁੰਚੇ ਹਨ।