ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਕਿ ਬਹੁ ਕਰੋੜੀ ਅੰਤਰ ਰਾਜੀ ਬੀਜ ਘੁਟਾਲੇ ਦੀਆਂ ਦੋਸ਼ੀ ਦੋ ਬੀਜ ਕੰਪਨੀਆਂ ਜਿਨ੍ਹਾਂ ਨੇ ਪੰਜਾਬ ਅਤੇ ਗਵਾਂਢੀ ਰਾਜਾਂ ਦੇ ਕਿਸਾਨਾਂ ਦੇ ਜੀਵਨ ਪ੍ਰਭਾਵਤ ਕੀਤੇ ਹਨ, ਦੇ ਲਾਇਸੈਂਸ ਰੱਦ ਕੀਤੇ ਜਾਣ।
ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਭੂੰਦੜ ਤੇ ਸਿਕੰਦਰ ਮਲੂਕਾ ਨੇ ਕਿਹਾ ਕਿ ਜਲੰਧਰ ਤੇ ਹੋਰ ਥਾਵਾਂ 'ਤੇ ਕਿਸਾਨਾਂ ਦੇ ਰੋਸ ਵਿਖਾਵਿਆਂ ਤੇ ਸ਼ਿਕਾਇਤਾਂ ਤੋਂ ਬਾਅਦ ਸੂਬੇ ਦੇ ਖੇਤੀਬਾੜੀ ਵਿਭਾਗ ਨੇ ਪੀਆਰ 128 ਅਤੇ ਪੀਆਰ 129 ਦੇ ਜਾਅਲੀ ਬੀਜ ਕਿਸਾਨਾਂ ਨੂੰ ਵੇਚਣ ਵਾਲੇ ਕੁਝ ਬੀਜ ਸਟੋਰਾਂ ਦੇ ਖ਼ਿਲਾਫ਼ ਕਾਰਵਾਈ ਤਾਂ ਕੀਤੀ ਹੈ ਪਰ ਬਰਾੜ ਸੀਡਜ਼ ਲੁਧਿਆਣਾ ਤੇ ਕਰਨਾਲ ਐਗਰੀ ਸੀਡਜ਼ ਡੇਰਾ ਬਾਬਾ ਨਾਨਕ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ, ਜਦਕਿ ਇਨ੍ਹਾਂ ਦੇ ਬਹੁ ਕਰੋੜੀ ਘੁਟਾਲੇ ਵਿਚ ਸ਼ਾਮਲ ਹੋਣ ਦੀ ਗੱਲ 11 ਮਈ ਨੂੰ ਹੀ ਜੱਗ ਜ਼ਾਹਰ ਹੋ ਗਈ ਸੀ, ਜਦੋਂ ਮਾਮਲੇ ਵਿੱਚ ਖੇਤੀਬਾੜੀ ਵਿਭਾਗ ਨੇ ਇਕ ਐਫਆਈਆਰ ਦਰਜ ਕਰਵਾਈ ਸੀ। ਉਨ੍ਹਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਦੋਸ਼ੀਆਂ ਨੂੰ ਸਿਆਸੀ ਸਰਪ੍ਰਸਤੀ ਮਿਲ ਰਹੀ ਹੈ ਤੇ ਇਸੇ ਲਈ ਪੁਲਿਸ ਇਨ੍ਹਾਂ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੀ।
ਭੂੰਦੜ ਤੇ ਮਲੂਕਾ ਨੇ ਮੰਗ ਕੀਤੀ ਕਿ ਲੁਧਿਆਣਾ ਸੀਡ ਸਟੋਰ ਤੇ ਡੇਰਾ ਬਾਬਾ ਨਾਨਕ ਆਧਾਰਿਤ ਪ੍ਰੋਡਿਊਸਰ ਦੇ ਲਾਇਸੈਸ ਤੁਰੰਤ ਰੱਦ ਕੀਤੇ ਜਾਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਦੋਵੇਂ ਦੁਕਾਨਾਂ ਦੇ ਮਾਲਕਾਂ ਦੀ ਹਿਰਾਸਤੀ ਪੁੱਛਗਿੱਛ ਹੋਣੀ ਚਾਹੀਦੀ ਹੈ ਤਾਂ ਜੋ ਬੀਜ ਘੁਟਾਲੇ ਦਾ ਪਰਦਾਫਾਸ਼ ਹੋ ਸਕੇ ਤੇ ਇਹ ਸਾਹਮਣੇ ਆ ਕੇ ਘੁਟਾਲੇਬਾਜ਼ਾਂ ਦੀ ਸਰਪ੍ਰਸਤੀ ਕਿਸਨੇ ਕੀਤੀ ਹੈ।
ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਘੁਟਾਲੇ ਵਿੱਚ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਦਾ ਨਾਂਅ ਆਉਣ ਦੇ ਬਾਵਜੂਦ ਉਨ੍ਹਾਂ ਦੀ ਕਰਨਾਲ ਸੀਡ ਦੇ ਮਾਲਕ ਲੱਕੀ ਢਿੱਲੋਂ ਨਾਲ ਨੇੜਤਾ ਵੀ ਜੱਗ ਜ਼ਾਹਰ ਹੋਣ ਦੇ ਬਾਵਜੂਦ ਸਰਕਾਰ ਨੇ ਹਾਲੇ ਤੱਕ ਕੇਸ ਦੀ ਨਿਰਪੱਖ ਜਾਂਚ ਦੇ ਹੁਕਮ ਜਾਰੀ ਨਹੀਂ ਕੀਤੇ। ਇਸ ਦੇ ਨਾਲ ਹੀ ਦੋਵਾਂ ਆਗੂਆਂ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਵਿਚ ਦਖਲਅੰਦਾਜ਼ੀ ਕਿਉਂ ਨਹੀਂ ਕਰ ਰਹੇ।
ਇਹ ਵੀ ਪੜੋ: ਖੇਤੀ ਮੋਟਰਾਂ ਲਈ ਬਿਜਲੀ ਦੀ ਸਪਲਾਈ ਮੁਫ਼ਤ ਰਹੇਗੀ ਜਾਰੀ: ਬਾਜਵਾ
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਤੁਰੰਤ ਬਦਲਵੇਂ ਬੀਜ ਸਪਲਾਈ ਕਰੇ ਤੇ ਉਨ੍ਹਾਂ ਨੂੰ ਪਏ ਘਾਟੇ ਦਾ ਮੁਆਵਜ਼ਾ ਦੇਵੇ ਕਿਉਂਕਿ ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤੈਅ 70 ਰੁਪਏ ਪ੍ਰਤੀ ਕਿਲੋ ਦੀ ਦਰ ਦੇ ਮੁਕਾਬਲੇ 200 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਬੀਜ ਖਰੀਦਿਆ ਹੈ।