ਲੁਧਿਆਣਾ: ਨਿੱਜੀ ਬੱਸ ਚਾਲਕਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸਵਾਰੀਆਂ ਦੀ ਲੁੱਟ ਕੀਤੇ ਜਾਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਬੀਤੇ ਦਿਨੀ ਵੀ ਬਿਹਾਰ ਦੇ ਰਹਿਣ ਵਾਲੇ ਪਰਵਾਸੀ ਮਜਦੂਰਾਂ ਨੂੰ ਵਾਪਸੀ ਲਏ ਨਿੱਜੀ ਬੱਸਾਂ ਵਾਲਿਆਂ ਦੀ ਲੁੱਟ ਦਾ ਸ਼ਿਕਾਰ ਹੋਣਾ ਪਿਆ ਅਤੇ ਦੁੱਗਣੇ-ਤਿਗੁਣੇ ਰੁਪਏ ਕਿਰਾਇਆ ਦੇ ਕੇ ਜਾਣਾ ਪਿਆ ਸੀ। ਨਿੱਜੀ ਬੱਸਾਂ ਵਾਲਿਆਂ ਵੱਲੋਂ ਕੀਤੀ ਜਾ ਰਹੀ ਇਸ ਲੁੱਟ ਵਿਰੁੱਧ ਸੋਮਵਾਰ ਰੋਡਵੇਜ਼ ਅਤੇ ਪੀਆਰਟੀਸੀ ਮੁਲਾਜ਼ਮਾਂ ਨੇ ਸੋਮਵਾਰ ਇੱਕ ਰੋਸ ਰੈਲੀ ਕੀਤੀ ਅਤੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ।
ਰੋਸ ਰੈਲੀ ਦੌਰਾਨ ਵਰਕਰਾਂ ਨੇ ਸ਼ਹਿਰ ਦੇ ਬੱਸ ਅੱਡੇ ਦੇ ਬਿਲਕੁਲ ਵਿਚਕਾਰ ਦਰੀ ਵਿਛਾ ਕੇ ਧਰਨਾ ਲਗਾ ਦਿੱਤਾ ਅਤੇ ਭਰਵੀਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੰਜਾਬ ਰੋਡਵੇਜ਼ ਯੂਨੀਅਨ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਢਿੱਲੋਂ ਨੇ ਕਿਹਾ ਕਿ ਨਿੱਜੀ ਟਰਾਂਸਪੋਰਟ ਮਾਫ਼ੀਆ ਲਗਾਤਾਰ ਲੋਕਾਂ ਦੀ ਲੁੱਟ-ਖਸੁੱਟ ਕਰ ਰਿਹਾ ਹੈ।
ਉਨ੍ਹਾਂ ਕਿਹਾ ਨਿੱਜੀ ਬੱਸਾਂ ਵਾਲੇ ਅੱਡੇ ਤੋਂ ਬਾਹਰ ਪ੍ਰਵਾਸੀ ਮਜਦੂਰਾਂ ਦੀ ਲੁੱਟ ਕਰ ਰਹੇ ਹਨ ਅਤੇ ਸਵਾਰੀਆਂ ਤੋਂ ਮਹਿੰਗੇ ਕਿਰਾਏ ਲੈ ਕੇ ਉਨ੍ਹਾਂ ਨੂੰ ਯੂਪੀ ਅਤੇ ਬਿਹਾਰ ਲਿਜਾਇਆ ਜਾ ਰਿਹਾ ਹੈ। ਇਸ ਨਾਲ ਜਿਥੇ ਸਰਕਾਰੀ ਬੱਸਾਂ ਨੂੰ ਸਵਾਰੀਆਂ ਦੀ ਘਾਟ ਹੋ ਰਹੀ ਹੈ, ਉਥੇ ਸਰਕਾਰ ਦੇ ਖਜ਼ਾਨੇ ਨੂੰ ਵੀ ਵੱਡਾ ਖੋਰਾ ਲੱਗ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਰਵਾਸੀ ਮਜਦੂਰ ਵੀ ਆਪਣੇ ਆਪ ਨੂੰ ਲੁੱਟ ਦਾ ਸ਼ਿਕਾਰ ਹੋਇਆ ਸਮਝਦੇ ਹਨ ਕਿਉਂਕਿ ਉਹ ਮਿਹਨਤ-ਮਜਦੂਰੀ ਕਰਕੇ ਪਰਿਵਾਰ ਲਈ ਮਸਾਂ ਕੁੱਝ ਪੈਸੇ ਬਚਾ ਕੇ ਲੈ ਕੇ ਜਾਂਦੇ ਹਨ। ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਅਤੇ ਸਰਕਾਰ ਚੁੱਪ ਹਨ।
ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਅੱਜ ਗੇਟ ਰੈਲੀ ਕੀਤੀ ਗਈ ਹੈ ਤਾਂ ਜੋ ਪ੍ਰਸ਼ਾਸਨ ਨੂੰ ਜਗਾਇਆ ਜਾ ਸਕੇ ਅਤੇ ਨਿੱਜੀ ਬੱਸ ਚਾਲਕਾਂ 'ਤੇ ਲਗਾਮ ਲਗਾਈ ਜਾ ਸਕੇ।