ਲੁਧਿਆਣਾ : ਪੰਜਾਬ ਪੁਲਿਸ ਨੇ ਨਕਲੀ ਦਸਤਾਵੇਜ਼ ਉਤੇ ਸਿਮ ਕਾਰਡ ਵਰਤਨ ਵਾਲਿਆਂ ਖ਼ਿਲਾਫ਼ ਵੱਡਾ ਐਕਸ਼ਨ ਕੀਤਾ ਹੈ। ਬੀਤੇ ਦਿਨੀਂ ਪੰਜਾਬ ਪੁਲਿਸ ਵੱਲੋਂ ਇੰਟਰਨਲ ਸਕਿਉਰਿਟੀ ਵਿੰਗ ਅਤੇ ਟੈਲੀਕਾਮ ਵਿਭਾਗ ਦੀ ਮਦਦ ਨਾਲ ਇੱਕ ਲੱਖ 80 ਹਜ਼ਾਰ ਅਜਿਹੇ ਸਿਮ ਕਾਰਡ ਬਲੌਕ ਕੀਤੇ ਗਏ ਹਨ, ਜੋ ਕਿ ਜਾਅਲੀ ਦਸਤਾਵੇਜ਼ਾਂ ਉਤੇ ਚੱਲ ਰਹੇ ਸਨ। ਪੁਲਿਸ ਵੱਲੋਂ ਇਹ ਵੱਡਾ ਐਕਸ਼ਨ ਲਏ ਜਾਣ ਤੋਂ ਬਾਅਦ ਕੁਝ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਇੰਨਾ ਹੀ ਨਹੀਂ ਇਕੱਲੇ ਲੁਧਿਆਣਾ ਵਿਚ ਹੀ 15 ਅਜਿਹੇ ਸਿਮ ਕਾਰਡ ਵਿਕਰੇਤਾਵਾਂ ਉਤੇ ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ ਕਿਸੇ ਨੂੰ ਸਿਮ ਕਾਰਡ ਵੇਚਣ ਦੇ ਬਦਲੇ ਉਸ ਦੇ ਦਸਤਾਵੇਜ਼ ਦੂਜੇ ਸਿਮ ਵੇਚਣ ਲਈ ਵਰਤਦੇ ਸਨ। ਇਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਦਾ ਖੁਲਾਸਾ ਲੁਧਿਆਣਾ ਦੇ ਏਡੀਸੀਪੀ ਸਮੀਰ ਵਰਮਾ ਵੱਲੋਂ ਕੀਤਾ ਗਿਆ ਹੈ।
ਕਿਵੇਂ ਕਰੀਏ ਬਚਾਅ : ਸਾਈਬਰ ਸੈੱਲ ਵੱਲੋਂ ਅਤੇ ਪੁਲਿਸ ਮਾਹਰਾਂ ਵੱਲੋਂ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਕੋਈ ਵੀ ਸਿਮ ਕਾਰਡ ਖ਼ਰੀਦਣ ਤੋਂ ਪਹਿਲਾਂ ਉਹ ਇਸ ਗੱਲ ਦਾ ਧਿਆਨ ਜ਼ਰੂਰ ਰੱਖਣ ਕਿ ਉਹ ਕਿਸ ਦੁਕਾਨ ਤੋਂ ਸਿਮ ਖਰੀਦ ਰਹੇ ਹਨ। ਉਹ ਕਿਸੇ ਟੈਲੀਕੌਮ ਕੰਪਨੀ ਦਾ ਰਜਿਸਟਰਡ ਡਿਸਟ੍ਰੀਬਿਊਟਰ ਹੈ ਵੀ ਜਾਂ ਨਹੀਂ, ਇਸ ਤੋਂ ਇਲਾਵਾ ਆਪਣਾ ਅਸਲੀ ਆਧਾਰ ਕਾਰਡ ਜਾਂ ਫਿਰ ਕੋਈ ਹੋਰ ਦਸਤਾਵੇਜ਼ ਉਸ ਨੂੰ ਨਾ ਦਿੱਤਾ ਜਾਵੇ। ਸਿਮ ਕਾਰਡ ਲਈ ਦਿੱਤੇ ਜਾਣ ਵਾਲੇ ਦਸਤਾਵੇਜ਼ ਦਾ ਇਸਤੇਮਾਲ ਉਹ ਮੁੜ ਤੋਂ ਨਾ ਕਰੇ ਇਸ ਕਰਕੇ ਇਸ ਦੀ ਪੂਰੀ ਜਾਣਕਾਰੀ ਹਾਸਲ ਕੀਤੀ ਜਾਵੇ।
ਬਾਹਰੀ ਸੂਬਿਆਂ ਵਿੱਚ ਵੀ ਫਰਜ਼ੀ ਸਿਮ : ਸਿਰਫ ਪੰਜਾਬ ਹੀ ਨਹੀਂ ਸਗੋਂ ਬਾਹਰਲੇ ਸੂਬਿਆਂ ਵਿੱਚ ਵੀ ਫਰਜ਼ੀ ਦਸਤਾਵੇਜ਼ਾਂ ਉਤੇ ਵੱਡੀ ਤਦਾਦ ਵਿੱਚ ਸਿਮਾਂ ਦੀ ਖਰੀਦੋ-ਫਰੋਖਤ ਹੋ ਰਹੀ ਹੈ, ਜੋ ਕਿ ਦੇਸ਼ ਦੀ ਸੁਰੱਖਿਆ ਲਈ ਇਕ ਵੱਡਾ ਖਤਰਾ ਹੈ। ਇਸ ਦਾ ਇਸਤੇਮਾਲ ਕੋਈ ਵੀ ਗ਼ੈਰਕਾਨੂੰਨੀ ਕੰਮ ਲਈ ਕੀਤਾ ਜਾ ਸਕਦਾ ਹੈ ਅਤੇ ਨਾਂ ਉਸ ਦਾ ਆਵੇਗਾ ਜਿਸ ਦੇ ਨਾਂ ਉਤੇ ਸਿਮ ਜਾਰੀ ਹੋਇਆ ਹੋਵੇ। ਮੱਧ ਪ੍ਰਦੇਸ਼ ਵਿੱਚ ਵੀ 3 ਲੱਖ ਦੇ ਕਰੀਬ ਸਿਮ ਜਾਅਲੀ ਦਸਤਾਵੇਜ਼ਾਂ ਦਾ ਇਸਤੇਮਾਲ ਕਰ ਕੇ ਜਾਰੀ ਕੀਤੇ ਗਏ ਸਨ। ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਇਕ ਹੀ ਸ਼ਖਸ ਦੇ ਨਾਂ ਉਤੇ 2000 ਦੇ ਕਰੀਬ ਸਿਮ ਜਾਰੀ ਕੀਤੇ ਗਏ ਸਨ, ਜਿਸ ਤੋਂ ਬਾਅਦ ਸਾਈਬਰ ਸੈੱਲ ਦੀ ਮਦਦ ਦੇ ਨਾਲ ਕਾਰਵਾਈ ਕਰਦੇ ਹੋਏ 50 ਦੇ ਕਰੀਬ ਏਜੰਟਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।
ਇਕ ਆਧਾਰ ਕਾਰਡ ਉਤੇ ਕਿੰਨੇ ਸਿਮ : ਕਾਨੂੰਨ ਕਹਿੰਦਾ ਹੈ ਕਿ ਇੱਕ ਆਧਾਰ ਕਾਰਡ ਦੇ ਨਾਲ 9 ਸਿਮ ਕਾਰਡ ਐਕਟੀਵੇਟ ਕਰਵਾਏ ਜਾ ਸਕਦੇ ਹਨ, ਜਿਸ ਦੀ ਗੈਰ ਕਾਨੂੰਨੀ ਢੰਗ ਨਾਲ ਵੀ ਵਰਤੋਂ ਹੋ ਸਕਦੀ ਹੈ। ਹਾਲਾਂਕਿ ਕਈ ਵਾਰ ਇਸ ਤੋਂ ਵੱਧ ਸਿਮ ਵੀ ਤੁਹਾਡੇ ਨਾਂ ਉਤੇ ਹੋ ਸਕਦੇ ਹਨ। ਇਸ ਕਰਕੇ ਇਸ ਸਬੰਧੀ ਲੋਕ ਵਿੱਚ ਜਾਗਰੂਕਤਾ ਹੋਣੀ ਜ਼ਰੂਰੀ ਹੈ ਅਤੇ ਦਸਤਾਵੇਜ਼ਾਂ ਨੂੰ ਸਹੀ ਥਾਂ ਇਸਤੇਮਾਲ ਕਰਨਾ ਬੇਹੱਦ ਜ਼ਰੂਰੀ ਹੈ। ਦੇਸ਼ ਭਰ ਵਿੱਚ ਲੱਖਾਂ ਸਿਮ ਕਾਰਡ ਕਿਸੇ ਦੂਜੇ ਦੀ ਆਈਡੀ ਦਾ ਇਸੇਮਾਲ ਕਰ ਕੇ ਜਾਰੀ ਕੀਤੇ ਗਏ ਹਨ।
ਕਿਵੇਂ ਜਾਣੀਏ ਕਿੰਨੇ ਸਿਮ ਕਾਰਡ ਐਕਟਿਵ: ਜੇਕਰ ਤੁਹਾਡੇ ਆਧਾਰ ਕਾਰਡ 'ਤੇ ਕਈ ਹੋਰ ਨੰਬਰ ਐਕਟੀਵੇਟ ਹੈ ਤਾਂ ਤੁਹਾਨੂੰ https://tafcop.dgtelecom.gov.in/ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਇਸ ਵੈੱਬਸਾਈਟ 'ਤੇ ਦਿੱਤੇ ਗਏ ਕਾਲਮ 'ਚ ਆਪਣਾ ਮੋਬਾਈਲ ਨੰਬਰ ਪਾਉਣਾ ਪਵੇਗਾ, ਜਿਸ ਤੋਂ ਬਾਅਦ ਮੋਬਾਈਲ ਨੰਬਰ 'ਤੇ ਇੱਕ OTP ਆਵੇਗਾ, ਜਿਸ ਨੂੰ ਕਾਲਮ ਵਿੱਚ ਦਾਖਲ ਕਰਨ ਤੋਂ ਬਾਅਦ, ਤੁਹਾਨੂੰ 'ਐਕਸ਼ਨ' ਦਾ ਵਿਕਲਪ ਦਿਖਾਈ ਦੇਵੇਗਾ। ਇਸ ਬਟਨ ਨੂੰ ਦਬਾਉਣ 'ਤੇ ਉਹ ਸਾਰੇ ਨੰਬਰ ਤੁਹਾਡੇ ਸਾਹਮਣੇ ਆ ਜਾਣਗੇ ਜੋ ਤੁਹਾਡੇ ਆਧਾਰ ਕਾਰਡ ਨਾਲ ਲਿੰਕ ਹੋਣਗੇ।