ਲੁਧਿਆਣਾ: ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਬਲਵੰਤ ਸਿੰਘ ਰਾਜੋਆਣਾ ਨੂੰ ਲੈ ਕੇ ਸੁਖਬੀਰ ਬਾਦਲ ਵੱਲੋਂ ਕੀਤੇ ਵਾਰ 'ਤੇ ਪਲਟਵਾਰ ਕੀਤਾ ਹੈ। ਰਵਨੀਤ ਬਿੱਟੂ ਨੇ ਕਿਹਾ ਹੈ ਕਿ ਐਸਜੀਪੀਸੀ ਅਤੇ ਸ਼੍ਰੋਮਣੀ ਅਕਾਲੀ ਦਲ ਇੱਕ ਕਾਤਲ ਦਾ ਸਾਥ ਦੇ ਰਹੇ ਹਨ ਜੋ ਕਿ ਸਰਾਸਰ ਗਲਤ ਹੈ। ਬਿੱਟੂ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਉਨ੍ਹਾਂ 'ਤੇ ਗਾਂਧੀ ਪਰਿਵਾਰ ਨੂੰ ਖੁਸ਼ ਕਰਨ ਦੇ ਜੋ ਇਲਜ਼ਾਮ ਲਾਏ ਗਏ ਹਨ ਉਹ ਬੇਬੁਨਿਆਦ ਹਨ ਕਿਉਂਕਿ ਬੇਅੰਤ ਸਿੰਘ ਉਨ੍ਹਾਂ ਦੇ ਦਾਦਾ ਸਨ ਅਤੇ ਉਨ੍ਹਾਂ ਦੀ ਮੌਤ ਹੁੰਦਿਆਂ ਉਨ੍ਹਾਂ ਨੇ ਦੇਖੀ ਸੀ ਇਸ ਕਰਕੇ ਇਸ ਦਾ ਦੁੱਖ ਸੁਖਬੀਰ ਬਾਦਲ ਜਾਂ ਉਸ ਦਾ ਪਰਿਵਾਰ ਨਹੀਂ ਸਮਝ ਸਕਦਾ।
ਦੱਸਣਯੋਗ ਹੈ ਕਿ ਬਲਵੰਤ ਸਿੰਘ ਰਾਜੋਆਣਾ ਵੱਲੋਂ ਭੁੱਖ ਹੜਤਾਲ ਦਾ ਐਲਾਨ ਕਰਨ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਰਾਜੋਆਣਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਰਵਨੀਤ ਬਿੱਟੂ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਸੀ ਕਿ ਗਾਂਧੀ ਪਰਿਵਾਰ ਨੂੰ ਖੁਸ਼ ਕਰਨ ਲਈ ਰਵਨੀਤ ਬਿੱਟੂ ਲੋਕ ਸਭਾ ਦੇ ਵਿੱਚ ਵਾਰ ਵਾਰ ਰਾਜੋਆਣਾ ਦਾ ਮੁੱਦਾ ਚੁੱਕਦੇ ਹਨ।