ਲੁਧਿਆਣਾ : ਪੰਜਾਬ ਕਾਂਗਰਸ ਦੇ ਵਿੱਚ ਕਲੇਸ਼ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਅਤੇ ਹੁਣ ਚੰਡੀਗੜ੍ਹ ਦੇ ਵਿੱਚ ਚਾਰ ਕੈਬਨਿਟ ਮੰਤਰੀਆਂ ਦੀ ਅਗਵਾਈ ਅੰਦਰ ਲਗਪਗ ਕਾਂਗਰਸ ਦੇ 32 ਵਿਧਾਇਕ ਇਕੱਤਰ ਹੋਏ, ਬੈਠਕ ਖਤਮ ਹੋਣ ਤੋਂ ਬਾਅਦ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ, ਚਰਨਜੀਤ ਚੰਨੀ, ਸੁੱਖ ਸਰਕਾਰੀਆ ਅਤੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸਾਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਪਸੰਦ ਨਹੀਂ ਹੈ ਉਹ ਅਕਾਲੀ ਦਲ ਨਾਲ ਮਿਲੇ ਹੋਏ ਹਨ, ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਨਵਾਂ ਭੂਚਾਲ ਆ ਗਿਆ ਹੈ।
ਇਸ ਮੁੱਦੇ ਨੂੰ ਲੈ ਕੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਕਿ ਹੁਣ ਹੱਦ ਹੋ ਗਈ ਹੈ, ਇਹ ਹੁਣ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਉਨ੍ਹਾਂ ਕਿਹਾ ਕਿ ਇਸ ਨਾਲ ਪਾਰਟੀ ਨੂੰ ਸਿੱਧੇ ਤੌਰ 'ਤੇ ਨੁਕਸਾਨ ਹੋ ਰਿਹਾ ਹੈ। ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਰਵਨੀਤ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਵਿੱਚ ਅੱਜ ਜੋ ਵੀ ਹੋ ਰਿਹਾ ਹੈ ਉਹ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਇਕ ਜੂਨੀਅਰ ਲੀਡਰ ਨੇ ਜਦੋਂ ਕਿ ਪਾਰਟੀ ਦੇ ਵੱਡੇ-ਵੱਡੇ ਲੀਡਰ ਅਜਿਹੇ ਕੰਮ ਕਰ ਰਹੇ ਨੇ ਜਿਸ ਦਾ ਕਾਂਗਰਸ ਪਾਰਟੀ ਨੂੰ ਖ਼ਾਮਿਆਜ਼ਾ ਭੁਗਤਣਾ ਪੈ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਜੋ ਕੈਬਨਿਟ ਮੰਤਰੀ ਅੱਜ ਹਾਈ ਕਮਾਨ ਨੂੰ ਮਿਲਣ ਜਾ ਰਹੇ ਹਨ ਉਹ ਸਾਢੇ ਚਾਰ ਸਾਲ ਕੀ ਕਰਦੇ ਰਹੇ, ਉਦੋਂ ਤਾਂ ਸੱਤਾ ਦਾ ਸੁੱਖ ਭੋਗਦੇ ਰਹੇ ਅਤੇ ਹੁਣ ਜਦੋਂ ਲੋਕਾਂ ਦੀ ਕਚਹਿਰੀ ਵਿੱਚ ਜਾਣ ਦਾ ਸਮਾਂ ਆਇਆ ਤਾਂ ਆਪਣਾ ਠੀਕਰਾ ਕਿਸੇ ਹੋਰ ਸਿਰ ਭੰਨਣ ਲੱਗ ਪਏ। ਇਹ ਕੈਬਨਿਟ ਮੰਤਰੀ ਆਪਣੀ ਵੀ ਕਾਰਗੁਜ਼ਾਰੀ ਬਾਰੇ ਦੱਸਣ ਕਿ ਉਨ੍ਹਾਂ ਨੇ ਸਾਢੇ ਚਾਰ ਸਾਲ ਕੀ ਕੀਤਾ ਹੈ।
ਇਹ ਵੀ ਪੜ੍ਹੋ:ਕਿਸਾਨਾਂ ਤੇ ਸਰਕਾਰ ਵਿਚਾਲੇ ਬਣੀ ਸਹਿਮਤੀ, ਹੁਣ ਇਸ ਭਾਅ ਤੁਲੇਗਾ ਗੰਨਾ
ਉੱਧਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਵੱਲੋਂ ਲਗਾਤਾਰ ਕਸ਼ਮੀਰ ਦੇ ਮੁੱਦੇ 'ਤੇ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਹਾਲਾਂਕਿ ਉਹ ਸਿੱਧੂ ਦੇ ਸਲਾਹਕਾਰ ਨੇ ਉਨ੍ਹਾਂ 'ਤੇ ਟਿੱਪਣੀ ਕਰਨ ਦਾ ਉਨ੍ਹਾਂ ਦਾ ਕੋਈ ਹੱਕ ਨਹੀਂ ਬਣਦਾ ਪਰ ਉਹ ਕਸ਼ਮੀਰ ਬੀਤੇ ਦਿਨੀਂ ਜਾ ਕੇ ਆਏ ਨੇ ਕਸ਼ਮੀਰ ਭਾਰਤ ਦਾ ਅਖੰਡ ਹਿੱਸਾ ਹੈ ਅਤੇ ਜੋ ਜਵਾਨ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਨੇ ਸਾਡੀ ਦੇਸ਼ ਦੀ ਸਰਹੱਦਾਂ ਲਈ ਸਾਡੇ ਲਈ ਸ਼ਹੀਦ ਹੁੰਦੇ ਨੇ ਇਹ ਉਨ੍ਹਾਂ ਦੀ ਸ਼ਹਾਦਤ ਨੂੰ ਢਾਹ ਲਾਉਣ ਦੀ ਕੋਸ਼ਿਸ਼ ਵਾਲੇ ਬਿਆਨ ਹਨ।