ਲੁਧਿਆਣਾ: ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ, ਜਿੱਥੇ ਬੀਤੇ ਦੋ ਤਿੰਨ ਦਿਨਾਂ ਤੋਂ ਲਗਾਤਾਰ ਗਰਮੀ ਵੱਧ ਰਹੀ ਸੀ ਉੱਥੇ ਹੀ ਅੱਜ ਸਵੇਰ ਤੋਂ ਪੰਜਾਬ ਦੇ ਕਈ ਹਿੱਸਿਆਂ ਵਿਚ ਹਲਕੀ ਬੂੰਦਾਬਾਂਦੀ ਅਤੇ ਬੱਦਲਵਾਈ ਵਾਲਾ ਮੌਸਮ ਬਣਿਆ ਹੋਇਆ ਹੈ, ਤੇਜ਼ ਹਵਾਵਾਂ ਚੱਲ ਰਹੀਆਂ ਨੇ ਜਿਸ ਕਰਕੇ ਤਾਪਮਾਨ ਦੇ ਵਿੱਚ ਵੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਪੀਏਯੂ ਨੂੰ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਦਾ ਕਹਿਣਾ ਹੈ ਕਿ ਦੋ ਦਿਨ ਤੱਕ ਪੰਜਾਬ ਦੇ ਕਈ ਹਿੱਸਿਆਂ ਵਿਚ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਤਾਪਮਾਨ ਵੀ ਹੇਠਾਂ ਡਿੱਗੇਗਾ, ਹਾਲਾਕਿ ਨਾਲ ਹੀ ਉਨਾਂ ਇਹ ਵੀ ਕਿਹਾ ਕਿ ਇਸਦਾ ਫਸਲਾਂ ਲਈ ਕੋਈ ਨੁਕਸਾਨ ਨਹੀਂ ਹੈ ਪਰ ਕਿਸਾਨ ਜ਼ਿਆਦਾ ਫਸਲ ਨੂੰ ਪਾਣੀ ਨਾ ਲਾਉਣ।
ਪੱਛਮੀ ਚੱਕਰਵਾਤ: ਡਾਕਟਰ ਪਵਨੀਤ ਕੌਰ ਨੇ ਕਿਹਾ ਹੈ ਕਿ ਮੌਸਮ ਦੇ ਵਿੱਚ ਵੱਡੀਆਂ ਤਬਦੀਲੀਆਂ ਆਈਆਂ ਨੇ ਗਲੋਬਲ ਵਾਰਮਿੰਗ ਕਰਕੇ ਮਾਰਚ ਮਹੀਨੇ ਵਿੱਚ ਵੀ ਪਿਛਲੇ ਸਾਲ ਗਰਮੀ ਕਾਫ਼ੀ ਵਧ ਗਈ ਸੀ ਅਤੇ ਇਸੇ ਤਰ੍ਹਾਂ ਇਸ ਵਾਰ ਵੀ ਫ਼ਰਵਰੀ ਦੇ ਮੱਧ ਵਿੱਚ ਹੀ ਪਾਰਾ ਕਾਫ਼ੀ ਜ਼ਿਆਦਾ ਵੱਧ ਗਿਆ ਅਤੇ ਲੋਕਾਂ ਨੂੰ ਗਰਮੀ ਮਹਿਸੂਸ ਹੋਣ ਲੱਗੀ। ਉਨ੍ਹਾਂ ਕਿਹਾ ਕਿ ਹੈ ਕਿਉਂਕਿ ਕੋਈ ਪੱਛਮੀ ਚੱਕਰਵਾਤ ਨਾ ਆਉਣ ਕਰਕੇ ਗਰਮੀ ਵੱਧ ਰਹੀ ਸੀ ਪਰ ਹੁਣ ਇੱਕ ਨਵਾਂ ਪੱਛਮੀ ਚੱਕਰਵਾਤ ਪੰਜਾਬ ਵੱਲ ਆਇਆ ਹੈ, ਜਿਸ ਦਾ ਇਹ ਅਸਰ ਵੇਖਣ ਨੂੰ ਮਿਲ ਰਿਹਾ ਹੈ। ਨਾਲ ਹੀ ਪੀ ਏ ਯੂ ਦੀ ਮਾਹਰ ਡਾਕਟਰ ਨੇ ਇਹ ਵੀ ਕਿਹਾ ਕਿ ਇਸ ਮੀਂਹ ਦੇ ਨਾਲ ਫ਼ਸਲਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਕਣਕ ਦੀ ਫਸਲ ਲੋਕਾਂ ਨੇ ਲਗਾਈ ਹੋਈ ਹੈ ਉਨ੍ਹਾਂ ਕਿਹਾ ਕਿ ਕਿਸਾਨ ਪਾਣੀ ਦੇਣ ਵੇਲੇ ਬੱਦਲਵਾਈ ਜਾਂ ਫਿਰ ਮੀਂਹ ਨੂੰ ਜ਼ਰੂਰ ਧਿਆਨ ਵਿੱਚ ਰੱਖਣ।
ਗਲੋਬਲ ਵਾਰਮਿੰਗ ਦਾ ਨਤੀਜਾ: ਦੱਸ ਦਈਏ ਇਸ ਵਾਰ ਤਾਪਮਾਨ ਮੌਸਮ ਦੇ ਬਦਲਾਅ ਕਰਕੇ ਲਗਾਤਾਰ ਉੱਪਰ ਥੱਲੇ ਹੁੰਦਾ ਵਿਖਾਈ ਦੇ ਰਿਹਾ ਹੈ, ਜਿੱਥੇ 2023 ਦੀ ਸ਼ੁਰੂਆਤ ਵਿੱਚ ਜਨਵਰੀ ਮਹੀਨੇ ਅੰਦਰ ਲੋਕਾਂ ਨੂੰ ਕੜਾਕੇ ਦੀ ਠੰਢ ਨੇ ਘਰਾਂ ਵਿੱਚ ਕੈਦ ਕਰ ਦਿੱਤਾ ਉੱਥੇ ਹੀ ਹੁਣ ਫਰਵਰੀ ਦੇ ਮੱਧ ਵਿੱਚ ਪਹੁੰਚਦੇ ਹੀ ਪਾਰਾ ਇੱਕ ਦਮ ਵੱਧ ਗਿਆ ਅਤੇ ਤਾਪਮਾਨ 30 ਡਿਗਰੀ ਤੋਂ ਪਾਰ ਪਹੁੰਚ ਗਿਆ। ਇਸ ਪੂਰੇ ਬਦਲਾਅ ਸਬੰਧੀ ਮੌਸਮ ਵਿਗਿਆਨੀ ਦਾ ਕਹਿਣਾ ਹੈ ਕਿ ਮੌਸਮ ਵਿੱਚ ਬਹੁਤ ਜਲਦ ਹੋ ਰਿਹਾ ਬਦਲਾਅ ਗਲੋਬਲ ਵਾਰਮਿੰਗ ਦਾ ਨਤੀਜਾ ਹੈ ਉਨ੍ਹਾਂ ਕਿਹਾ ਕਿ ਗਲੋਬਲ ਵਾਰਮਿੰਗ ਕਰਕੇ ਸਿਰਫ਼ ਭਾਰਤ ਹੀ ਨਹੀਂ ਬਲਕਿ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਵੱਡੇ ਬਦਲਾਅ ਹੋਏ ਹਨ ਅਤੇ ਸਭ ਨੂੰ ਇਸ ਸਬੰਧੀ ਸੁਚੇਤ ਹੋਣ ਦੀ ਲੋੜ ਹੈ।
ਇਹ ਵੀ ਪੜ੍ਹੋ: Complaint Against Amritpal Singh: ਅੰਮ੍ਰਿਤਪਾਲ ਸਿੰਘ ਤੇ ਉਸਦੀ ਜਥੇਬੰਦੀ ਦੇ ਖਿਲਾਫ ਸ਼ਿਕਾਇਤ, ਪੜ੍ਹੋ ਕਿਹੜੇ ਲਾਏ ਇਲਜ਼ਾਮ