ਰਾਏਕੋਟ: ਸ਼ਹਿਰ ਦੀ ਸਟੈਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ 'ਚ ਖਪਤਕਾਰਾਂ ਨੂੰ ਆਪਣਾ ਕੰਮ ਕਰਵਾਉਣ ਲਈ ਕਈ ਕਈ ਘੰਟੇ ਦੀ ਉਡੀਕ ਕਰਨੀ ਪੈ ਰਹੀ ਹੈ। ਬੈਂਕ ਦੇ ਅੰਦਰ ਖਪਤਕਾਰਾਂ ਦੀਆਂ ਵੱਡੀਆ ਵੱਡੀਆਂ ਲਾਈਨਾਂ ਲੱਗੀਆਂ ਹੋਈਆ ਵੇਖੀਆਂ ਜਾ ਸਕਦੀਆਂ ਹਨ। ਬੈਂਕ ਵਿੱਚ ਆਪਣੇ ਕੰਮਾਂ ਲਈ ਆਏ ਲੋਕਾਂ ਦਾ ਕਹਿਣਾ ਹੈ ਕਿ ਬੈਂਕ ਵਿੱਚ ਸਟਾਫ ਦੀ ਘਾਟ ਕਰਨ ਉਨ੍ਹਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ।
ਇੱਕ ਖਪਤਕਾਰ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ, ਜੋ ਦਿਲ ਦੀ ਬਿਮਾਰੀ ਤੋਂ ਪੀੜਤ ਹਨ, ਸਟਾਫ ਨਾ ਹੋਣ ਕਾਰਨ ਉਹ ਆਪਣੀ ਪੈਨਸ਼ਨ ਲੈਣ ਲਈ ਇੱਕ ਘੰਟੇ ਤੋਂ ਲਾਈਨ ਵਿਚ ਖੜੇ ਹਨ, ਜਦੋਂ ਕਿ ਉਨਾਂ ਨੂੰ ਬਿਮਾਰ ਹੋਣ ਕਾਰਨ ਖੜਣ ਵਿੱਚ ਕਾਫੀ ਦਿੱਕਤ ਪੇਸ਼ ਆ ਰਹੀ ਹੈ।
ਇਸੇ ਤਰ੍ਹਾਂ ਹੀ ਆਪਣੀ ਬੈਂਕ ਲਿਮਟ ਬਣਵਾਉਣ ਲਈ ਆਏ ਕਿਸਾਨ ਜਸਲਪਾਲ ਸਿੰਘ ਨੇ ਦੱਸਿਆ ਕਿ ਕਿਸਾਨਾਂ ਲਈ ਲਿਮਟ ਬਣਾਉਣ ਵਾਲਾ ਅਧਿਕਾਰੀ ਆਪਣੀ ਸੀਟ 'ਤੇ ਹੀ ਨਹੀਂ ਹੈ। ਉਨ੍ਹਾਂ ਕਿਹਾ ਕਾਫੀ ਸਮੇਂ ਤੋਂ ਉਹ ਇੱਧਰ-ਉੱਧਰ ਧੱਕੇ ਖਾ ਰਹੇ ਹਨ। ਉਨ੍ਹਾਂ ਕਿਹਾ ਸਟਾਫ ਦੀ ਵੱਡੀ ਕਮੀ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਬੈਂਕ ਦੀ ਬ੍ਰਾਂਚ ਵਿੱਚ ਜਲਦ ਤੋਂ ਜਲਦ ਸਟਾਫ ਭੇਜਿਆ ਜਾਵੇ।
ਬ੍ਰਾਂਚ ਦੇ ਚੀਫ ਮੈਨੇਜ਼ਰ ਲਾਜਪਤ ਰਾਏ ਨੇ ਦੱਸਿਆ ਕਿ ਬੈਂਕ ਦੇ ਕੁਝ ਕਰਮਚਾਰੀਆਂ ਦੀ ਬਦਲੀ ਹੋ ਗਈ ਅਤੇ ਕੁਝ ਪਦ-ਉਨਤ ਹੋਣ ਕਾਰਨ ਚਲੇ ਗਏ ਹਨ। ਇਸ ਕਾਰਨ ਬੈਂਕ ਵਿੱਚ ਸਟਾਫ ਦੀ ਕਾਫੀ ਘਾਟ ਹੈ। ਇਸ ਸਬੰਧੀ ਉਨਾਂ ਉੱਚ ਅਧਿਕਾਰੀਆਂ ਨੂੰ ਖਾਲੀ ਪੋਸਟਾਂ ਭਰਨ ਸਬੰਧੀ ਪੱਤਰ ਲਿੱਖ ਕੇ ਭੇਜੇ ਹਨ ਅਤੇ ਉਮੀਦ ਹੈ ਕਿ ਜਲਦ ਹੀ ਨਵਾਂ ਸਟਾਫ ਆ ਜਾਵੇਗਾ। ਉਨ੍ਹਾਂ ਕਿਹਾ ਕਿਹਾ ਉੱਚ ਅਧਿਕਾਰੀਆਂ ਨੇ ਉਨ੍ਹਾਂ ਨੂੰ ਭੋਰਸਾ ਦਿੱਤਾ ਹੈ ਕਿ ਇੱਕ ਹਫਤੇ ਦੇ ਅੰਦਰ-ਅੰਦਰ ਨਵਾਂ ਸਟਾਫ ਭੇਜਿਆ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਐਸਬੀਆਈ ਬੈਂਕ 'ਚ ਰੋਜ਼ਾਨ 300-400 ਦੇ ਖਪਤਕਾਰ ਆਪਣੇ ਕੰਮਕਾਰ ਲਈ ਆਉਂਦੇ ਹਨ ਪ੍ਰੰਤੂ ਉਨਾਂ ਨੂੰ ਕਾਫੀ ਖੱਜਲ-ਖੁਆਰ ਹੋਣਾ ਪੈਂਦਾ ਹੈ। ਉਥੇ ਬੈਂਕ ਵਿੱਚ ਪਬਲਿਕ ਡੀਲਿੰਗ ਲਈ 8 ਦੇ ਕਰੀਬ ਕਰਮਚਾਰੀਆਂ ਦੀ ਜ਼ਰੂਰਤ ਹੈ ਪ੍ਰੰਤੂ ਇਸ ਸਮੇਂ ਬੈਂਕ ਵਿਚ ਸਿਰਫ 2-3 ਕਰਮਚਾਰੀਆਂ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ।