ਲੁਧਿਆਣਾ: ਪੰਜਾਬ ਦੇ ਵਿੱਚ ਲਗਾਤਾਰ ਮਾਨਸੂਨ ਆਪਣੇ ਰੰਗ ਵਿਖਾ ਰਿਹਾ ਹੈ ਅਤੇ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਬਾਰਿਸ਼ ਪੈ ਰਹੀ ਹੈ। ਆਈਐਮਡੀ ਵੱਲੋਂ ਬੀਤੇ ਦਿਨ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ, ਜੋ ਕਿ 28 ਜੁਲਾਈ ਤੱਕ ਪੂਰੇ ਪੰਜਾਬ ਭਰ ਦੇ ਲਈ ਹੈ। ਓਥੇ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਬਾਰਿਸ਼ ਮਾਪਣ ਵਾਲੇ ਯੰਤਰ ਮੁਤਾਬਿਕ ਹੁਣ ਤਕ ਜੁਲਾਈ ਮਹੀਨੇ ਵਿੱਚ ਲੁਧਿਆਣਾ ਅੰਦਰ 205 ਐਮਐਮ ਬਾਰਿਸ਼ ਹੋ ਚੁੱਕੀ ਹੈ ਜਦੋਂ ਕਿ ਆਮ ਤੌਰ ਤੇ 210 ਐਮਐਮ ਬਾਰਿਸ਼ ਨੂੰ ਆਮ ਮੰਨਿਆ ਜਾਂਦਾ ਹੈ। ਪਿਛਲੇ ਸਾਲ ਜੁਲਾਈ ਦੇ ਮਹੀਨੇ ਅੰਦਰ ਲੁਧਿਆਣਾ ਦੇ ਵਿੱਚ 300 ਤੋਂ ਵੱਧ ਐਮ ਐਮ ਬਾਰਿਸ਼ ਦਰਜ ਕੀਤੀ ਗਈ ਹੈ। ਹਾਲਾਕਿ ਮੌਸਮ ਵਿਭਾਗ ਮੁਤਾਬਿਕ ਇਸ ਸਾਲ ਵੀ ਐਵਰੇਜ ਬਾਰਿਸ਼ ਹੋਣ ਦੀ ਗੱਲ ਆਖੀ ਗਈ ਹੈ।
ਖੇਤੀਬਾੜੀ ਵਿਭਾਗ ਵੱਲੋਂ ਅਲਰਟ ਜਾਰੀ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਮੁਤਾਬਕ ਬੀਤੇ ਦਿਨ ਤਪਮਾਨ 31.5 ਡਿਗਰੀ ਦੇ ਕਰੀਬ ਸੀ, ਜਦੋਂ ਕਿ ਘੱਟ ਤੋਂ ਘੱਟ ਪਾਰਾ 26 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜੋ ਕਿ ਆਮ ਨਾਲੋਂ ਘੱਟ ਹੀ ਹੈ, ਆਉਣ ਵਾਲੇ ਤਿੰਨ-ਚਾਰ ਦਿਨ ਤੱਕ ਮੌਸਮ ਬੱਦਲਵਾਈ ਵਾਲਾ ਕਿਤੇ-ਕਿਤੇ ਗਰਜ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਵੀ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹੋਣ ਦੀ ਉਮੀਦ ਜਤਾਈ ਗਈ ਹੈ, ਜਿਸ ਨਾਲ ਤਾਪਮਾਨ ਦੇ ਵਿੱਚ ਹੋਰ ਗਿਰਾਵਟ ਦੇਖੀ ਜਾ ਸਕਦੀ ਹੈ। ਮੌਸਮ ਵਿਭਾਗ ਦੀ ਮੁਖੀ ਡਾਕਟਰ ਪ੍ਰਭਜੋਤ ਕੌਰ ਨੇ ਕਿਹਾ ਕਿ ਅਕਸਰ ਹੀ ਬਰਸਾਤਾਂ ਦੇ ਵਿੱਚ ਇੱਕ ਦੋ ਦਿਨ ਛੱਡ ਕੇ ਬਾਰਿਸ਼ ਹੁੰਦੀ ਸੀ ਜਿਸ ਨਾਲ ਧਰਤੀ ਪਾਣੀ ਦੇ ਨਾਲ ਰੀਚਾਰਜ਼ ਹੋ ਜਾਂਦੀ ਸੀ, ਪਰ ਹੁਣ ਮੌਸਮੀ ਬਦਲਾ ਦੇ ਚਲਦਿਆਂ ਦੋ ਤਿੰਨ ਦਿਨ ਤੇਜ ਬਾਰਿਸ਼ ਪੈਂਦੀ ਹੈ ਪਾਣੀ ਜਿਆਦਾ ਡਿਗਦਾ ਹੈ ਜਿਸ ਤੋਂ ਬਾਅਦ ਪਾਣੀ ਨਦੀਆਂ ਨਾਲਿਆਂ ਵਿੱਚ ਚਲਾ ਜਾਂਦਾ ਹੈ।
ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਲਾਹ: ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਕਿਸਾਨ ਆਪਣੀਆਂ ਫ਼ਸਲਾਂ ਨੂੰ ਵੀ ਜਰੂਰ ਸਾਂਭਣ ਕਿਉਂਕਿ ਪਾਣੀ ਜਿਆਦਾ ਫਸਲ ਵਿੱਚ ਜਿਆਦ ਦੇਰ ਤੱਕ ਖੜੇ ਰਹਿਣ ਕਰਕੇ ਫਸਲ ਖਰਾਬ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਫਸਲ ਵਿੱਚ ਪਾਣੀ ਦੀ ਨਿਕਾਸੀ ਜਰੂਰ ਰੱਖਣ। ਖਾਸ ਕਰਕੇ ਸਬਜ਼ੀਆਂ ਦਾ ਧਿਆਨ ਜਰੂਰ ਰੱਖਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਿਤੇ-ਕਿਤੇ ਤੇਜ ਮੀਂਹ ਪੈ ਸਕਦਾ ਹੈ ਇਸ ਕਰਕੇ ਕਿਸਾਨ ਇਸ ਗੱਲ ਦਾ ਧਿਆਨ ਰੱਖਣ ਫਸਲਾਂ ਨੂੰ ਬਿਨ੍ਹਾਂ ਵਜ੍ਹਾ ਪਾਣੀ ਨਾ ਲਗਾਇਆ ਜਾਵੇ।