ਲੁਧਿਆਣਾ: ਸੰਯੁਕਤ ਸਮਾਜ ਮੋਰਚੇ ਦਾ ਗੁਰਨਾਮ ਚੜੂਨੀ ਦੀ ਪਾਰਟੀ ਦੇ ਨਾਲ ਸਮਝੌਤਾ ਹੋ ਗਿਆ ਹੈ ਜਿਸਦੇ ਤਹਿਤ ਚੜੂਨੀ ਨੂੰ 10 ਸੀਟਾਂ ਦਿੱਤੀਆਂ ਗਈਆਂ ਹਨ। ਇਸਦੇ ਨਾਲ ਹੀ ਸੰਯੁਕਤ ਸਮਾਜ ਮੋਰਚੇ ਨੇ ਆਪਣੇ ਵੀ ਨਵੇਂ 20 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਜਾਰੀ ਸੂਚੀ ਵਿੱਚ ਨੌਜਵਾਨਾਂ ਨੂੰ ਤਰਜੀਹ ਦਿੱਤੀ ਗਈ ਹੈ।
ਸੰਯੁਕਤ ਸਮਾਜ ਮੋਰਚੇ ਦਾ ਚੜੂਨੀ ਦੀ ਪਾਰਟੀ ਨਾਲ ਸਮਝੌਤਾ
ਸੰਯੁਕਤ ਸਮਾਜ ਮੋਰਚੇ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਗੁਰਨਾਮ ਸਿੰਘ ਚੜੂਨੀ ਦੀ ਪਾਰਟੀ ਦੇ ਨਾਲ ਸਮਝੌਤਾ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ ਹੈ। ਇਸਦੇ ਨਾਲ ਹੀ ਉਮੀਦਵਾਰਾਂ ਦੀ ਜਾਰੀ ਕੀਤੀ ਦੂਜੀ ਲਿਸਟ ਜਾਰੀ ਬਾਰੇ ਜਾਣਕਾਰੀ ਦਿੱਤੀ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ ਪੰਜਾਬ ਦੇ ਅੰਦਰ ਚੜੂਨੀ ਨੂੰ ਦਸ ਸੀਟਾਂ ਦਿੱਤੀਆਂ ਗਈਆਂ ਹਨ ਜਿਥੇ ਉਹ ਆਪਣੇ ਉਮੀਦਵਾਰ ਉਤਾਰ ਸਕਣਗੇ।
10 ਸੀਟਾਂ ’ਤੇ ਚੜੂਨੀ ਨਾਲ ਸਮਝੌਤਾ
ਇਸਦੇ ਨਾਲ ਹੀ ਉਨ੍ਹਾਂ ਦੱਸਿਆਂ ਸੀਟਾਂ ਬਾਰੇ ਚੜੂਨੀ ਨੂੰ ਸੰਯੁਕਤ ਸਮਾਜ ਮੋਰਚਾ ਦੱਸੇਗਾ ਪਰ ਉੱਥੇ ਚੜੂਨੀ ਆਪਣੇ ਉਮੀਦਵਾਰ ਉਤਾਰ ਸਕਣਗੇ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਹੈ ਕਿ ਇਕੱਠੇ ਹੀ 117 ਵਿਧਾਨਸਭਾ ਸੀਟਾਂ ਤੇ ਚੋਣ ਲੜੀ ਜਾਵੇਗੀ। ਕਿਸਾਨ ਆਗੂ ਨੇ ਦੱਸਿਆ ਕਿ ਉਹ ਇੱਕ ਦੂਜੇ ਦੀ ਹਰ ਸੀਟ ਉਪਰ ਸਪੋਰਟ ਕਰਨਗੇ।
20 ਉਮੀਦਵਾਰਾਂ ਬਾਰੇ ਦਿੱਤੀ ਜਾਣਕਾਰੀ
ਇਸ ਪ੍ਰੈੱਸ ਕਾਨਫਰੰਸ ਦੌਰਾਨ ਸੰਯੁਕਤ ਸਮਾਜ ਮੋਰਚੇ ਨੇ ਆਪਣੇ 20 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਪਾਰਟੀ ਦੇ ਆਗੂ ਨੇ ਸੀਟਾਂ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਸ਼ਹਿਰੀ ਤੋਂ ਲਖਵਿੰਦਰ ਸਿੰਘ, ਨਵਾਂਸ਼ਹਿਰ ਤੋਂ ਕੁਲਦੀਪ ਸਿੰਘ, ਬਟਾਲਾ ਤੋਂ ਬਲਵਿੰਦਰ ਰਾਜੂ ਲੁਧਿਆਣਾ ਪੱਛਮੀ ਤੋਂ ਤਰੁਣ ਜੈਨ ਬਾਵਾ, ਹਰਕੀਰਤ ਰਾਣਾ ਆਤਮ ਨਗਰ ਤੋਂ,ਗੁਰਪ੍ਰੀਤ ਕੋਟਲੀ ਗਿੱਦੜਬਾਹਾ ਤੋਂ, ਇਸੇ ਤਰ੍ਹਾਂ ਮਲੋਟ ਤੋਂ ਸੁਖਵਿੰਦਰ ਕੁਮਾਰ, ਸ੍ਰੀ ਮੁਕਤਸਰ ਸਾਹਿਬ ਤੋਂ ਅਨਰੂਪ ਕੌਰ ਚੋਣ ਪਿੜ ਵਿੱਚ ਉਤਾਰੇ ਗਏ ਹਨ। ਇਸ ਤੋਂ ਇਲਾਵਾ ਪਾਇਲ ਤੋਂ ਸਿਮਰਦੀਪ, ਸਨੌਰ ਤੋਂ ਬੂਟਾ ਸਿੰਘ ਸ਼ਾਦੀਪੁਰ, ਭੁੱਚੋ ਮੰਡੀ ਬਾਬਾ ਚਮਕੌਰ ਸਿੰਘ, ਧੂਰੀ ਹਲਕੇ ਤੋਂ ਸਰਬਜੀਤ ਸਿੰਘ, ਫਿਰੋਜ਼ਪੁਰ ਦਿਹਾਤੀ ਤੋ ਮੌੜਾ ਸਿੰਘ, ਰਾਜਾਸਾਂਸੀ ਤੋਂ ਸਤਨਾਮ ਸਿੰਘ, ਜਲਾਲਾਬਾਦ ਤੋਂ ਸੁਰਿੰਦਰ ਸਿੰਘ, ਸੁਨਾਮ ਤੋਂ ਡਾ ਅਮਰਜੀਤ ਸਿੰਘ, ਭਦੌੜ ਤੋਂ ਭਗਵੰਤ ਸਮਾਉ, ਬਰਨਾਲਾ ਤੋਂ ਅਭੀਕਰਨ ਸਿੰਘ. ਮਾਨਸਾ ਤੋਂ ਗੁਰਨਾਮ ਸਿੰਘ ਭੀਖੀ, ਸਰਦੂਲਗੜ੍ਹ ਤੋਂ ਛੋਟਾ ਸਿੰਘ ਮੀਆਂ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ।
ਕਿਹੜੀਆਂ ਸੀਟਾਂ 'ਤੇ ਚੜੂਨੀ ਉਤਾਰਨਗੇ ਉਮੀਦਵਾਰ ?
ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਵੱਲੋਂ ਚੜੂਨੀ ਨਾਲ ਜਿੰਨ੍ਹਾਂ ਹਲਕਿਆਂ ’ਤੇ ਸੀਟਾਂ ਦਾ ਸਮਝੌਤਾ ਕੀਤਾ ਗਿਆ ਹੈ ਉਨ੍ਹਾਂ ਵਿੱਚ ਵਿਧਾਨ ਸਭਾ ਹਲਕਾ ਸਮਾਣਾ, ਅਜਨਾਲਾ, ਨਾਭਾ, ਸ੍ਰੀ ਫਤਿਹਗੜ੍ਹ ਸਾਹਿਬ, ਸੰਗਰੂਰ, ਦਾਖਾ, ਦਿੜ੍ਹਬਾ, ਭੁਲੱਥ, ਗੁਰਦਾਸਪੁਰ ਅਤੇ ਸ਼ਾਹਕੋਟ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹਲਕਿਆਂ ’ਤੇ ਗੁਰਨਾਮ ਚੜੂਨੀ ਦੀ ਪਾਰਟੀ ਆਪਣੇ ਉਮੀਦਵਾਰ ਖੜ੍ਹੇ ਕਰੇਗੀ ਪਰ ਸੰਯੁਕਤ ਸਮਾਜ ਮੋਰਚਾ ਇੰਨ੍ਹਾਂ ਸੀਟਾਂ ’ਤੇ ਗੁਰਨਾਮ ਸਿੰਘ ਨੂੰ ਆਪਣਾ ਸਮਰਥਨ ਦੇਵੇਗਾ ਜਦੋਂ ਕਿ ਬਾਕੀ ਸੀਟਾਂ ’ਤੇ ਗੁਰਨਾਮ ਸਿੰਘ ਉਨ੍ਹਾਂ ਨੂੰ ਸਮਰਥਨ ਦੇਣਗੇ।
ਚੋਣ ਨਿਸ਼ਾਨ ਦੀ ਉਡੀਕ
ਕਿਸਾਨ ਆਗੂ ਨੇ ਦੱਸਿਆ ਕਿ ਚੋਣ ਸਿੰਬਲ ਜਲਦ ਸੰਯੁਕਤ ਸਮਾਜ ਮੋਰਚਾ ਨੂੰ ਮਿਲਣ ਵਾਲਾ ਹੈ। ਉਨ੍ਹਾਂ ਕਿਹਾ ਕਿ ਅਸੀਂ ਗੁਰਨਾਮ ਚੜੂਨੀ ਨਾਲ ਵੀ ਗੱਲ ਕਰਾਂਗੇ ਕਿ ਉਹ ਇੱਕੋ ਹੀ ਚੋਣ ਨਿਸ਼ਾਨ ’ਤੇ ਇਕੱਠੇ ਹੋ ਕੇ ਚੋਣਾਂ ਲੜਨਗੇ। ਉਨ੍ਹਾਂ ਕਿਹਾ ਕਿ ਗੁਰਨਾਮ ਚੜੂਨੀ ਆਪਣੀ ਪਾਰਟੀ ਰਜਿਸਟਰਡ ਕਰਾ ਚੁੱਕੇ ਹਨ ਅਤੇ ਹੁਣ ਸੰਯੁਕਤ ਸਮਾਜ ਮੋਰਚਾ ਵੀ ਰਜਿਸਟਰਡ ਹੋ ਗਿਆ ਹੈ ਪਰ ਉਨ੍ਹਾਂ ਨੂੰ ਸਿੰਬਲ ਮਿਲਣਾ ਬਾਕੀ ਹੈ।
ਚੋਣ ਕਮਿਸ਼ਨ ਦਾ ਕੀਤਾ ਧੰਨਵਾਦ
ਇਸ ਮੌਕੇ ਸੰਯੁਕਤ ਸਮਾਜ ਮੋਰਚਾ ਵੱਲੋਂ ਚੋਣ ਕਮਿਸ਼ਨ ਦਾ ਪੰਜਾਬ ਚੋਣਾਂ ਦੀ ਤਰੀਕ ਵਿੱਚ ਕੀਤੇ ਬਦਲਾਅ ਨੂੰ ਲੈਕੇ ਧੰਨਵਾਦ ਕੀਤਾ ਹੈ। ਪਾਰਟੀ ਦੇ ਆਗੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੀ ਚੋਣ ਕਮਿਸ਼ਨ ਨੂੰ ਤਰੀਕ ਵਿੱਚ ਬਦਲਾਅ ਦੀ ਮੰਗ ਕੀਤੀ ਗਈ ਸੀ।
ਇਹ ਵੀ ਪੜ੍ਹੋ:ਸੀਐੱਮ ਚਰਨਜੀਤ ਸਿੰਘ ਨੇ ਚੋਣ ਕਮਿਸ਼ਨ ਦਾ ਕੀਤਾ ਧੰਨਵਾਦ